ਪੰਨਾ:ਨੈਣਾਂ ਦੇ ਵਣਜਾਰੇ – ਸੁਖਦੇਵ ਮਾਦਪੁਰੀ.pdf/27

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਰਾਂਝੇ ਨੇ ਹੀਰ ਦੇ ਪੀਲੇ ਮੁਖ ਵਲ ਤਕਿਆ। ‘ਹੀਰੇ ਤੈਨੂੰ ਕੀ ਹੋ ਗਿਐ, ਤੂੰ ਤਾਂ ਦਿਨਾਂ ਵਿਚ ਈ ਨਿੱਬੜ ਗਈ ਏ।" ਰਾਂਝੇ ਨੀਵੀਂ ਪਾਈ ਆਖਿਆ।

ਰਾਂਝਿਆ ਆਪਾਂ ਰੱਜ ਕੇ ਗੱਲਾਂ ਫੇਰ ਕਰਾਂਗੇ। ਤੂੰ ਕੁਝ ਦਿਨ ਕਾਲੇ ਬਾਗ ਵਿਚ ਟਿਕਿਆ ਰਹੀਂ ਮੈਂ ਕਿਸੇ ਨਾ ਕਿਸੇ ਪਜ ਤੇਰੇ ਪਾਸ ਪੁੱਜਾਂਗੀ। ਮੇਰੀ ਨਨਾਣ ਸਹਿਤੀ ਮੇਰੀ ਭੇਤਣ ਹੈ। ਉਹਨੂੰ ਵੀ ਸਾਡੇ ਜਿਹਾ ਰੋਗ ਲਗਿਆ ਹੋਇਐ, ਚੰਗਾ ਹੁਣ ਤੂੰ ਜਾਹ, ਮੁੜਕੇ ਏਧਰ ਪੈਰ ਨਾ ਪਾਵੀਂ, ਕਿਧਰੇ ਖੇੜੇ ਸ਼ਕ ਨਾ ਕਰਨ ਲਗ ਜਾਣ।" ਇਹ ਆਖ ਹੀਰ ਨੇ ਹਵੇਲੀ ਦੇ ਦਰਵਾਜ਼ੇ ਭੇੜ ਦਿੱਤੇ।

ਰਾਂਝੇ ਜੋਗੀ ਕਾਲੇ ਬਾਗ ਵਿਚ ਧੂਣੀ ਤਾਪ ਦਿੱਤੇ। ਸ਼ਰਧਾਲੂ ਤੀਵੀਆਂ ਉਹਦੇ ਆ ਦੁਆਲੇ ਹੋਈਆਂ ਤੇ ਲੱਗੀਆਂ ਮਨ ਦੀਆਂ ਮੁਰਾਦਾਂ ਮੰਗਣ। ਜੋਗੀ ਦੀ ਮੰਨਤਾ ਹੋਣ ਲਗ ਪਈ। ਹੀਰ ਨੇ ਸਹਿਤੀ ਨੂੰ ਜੋਗੀ ਬਾਰੇ ਸਭ ਕੁਝ ਦਸ ਦਿੱਤਾ। ਹੀਰ ਨੇ ਅਪਣਾ ਰਾਂਝਾ ਅਤੇ ਸਹਿਤੀ ਨੇ ਅਪਣਾ ਮੁਰਾਦ ਪਰਾਪਤ ਕਰਨ ਦੀ ਤਰਕੀਬ ਸੋਚ ਲਈ। ਇਸ ਤਰਕੀਬ ਬਾਰੇ ਸਹਿਤੀ ਜੋਗੀ ਨੂੰ ਸਭ ਕੁਝ ਸਮਝਾ ਆਈ।

ਦੂਜੀ ਭਲਕ ਹੀਰ, ਅਪਣੀ ਨਣਦ ਤੇ ਉਹਦੀਆਂ ਸਹੇਲੀਆਂ ਨਾਲ ਖੂਹੇ ਤੇ ਸੈਰ ਕਰਨ ਲਈ ਚਲੀ ਗਈ। ਜਦੋਂ ਉਹ ਵਾਪਸ ਪਰਤ ਰਹੀਆਂ ਸਨ ਤਾਂ ਹੀਰ ਨੇ ਰਾਹ ਵਿਚ ਮਲ੍ਹਕ ਦੇਕੇ ਅਪਣੇ ਪੈਰ ਵਿਚ ਕਿੱਕਰ ਦਾ ਕੰਡਾ ਚੋਭ ਲਿਆ ਤੇ ਲੱਗੀ ਕਲਕਾਰੀਆਂ ਮਾਰਨ। ਸਹਿਤੀ ਅਤੇ ਉਹਦੀਆਂ ਸਹੇਲੀਆਂ ਨੇ ਰੌਲਾ ਪਾ ਦਿੱਤਾ ਕਿ ਹੀਰ ਨੂੰ ਤਾਂ ਸਪ ਲੜ ਗਿਆ ਹੈ। ਸਾਰਾ ਪਿੰਡ ਕੱਠਾ ਹੋ ਗਿਆ। ਹੀਰ ਧਰਤੀ ਤੇ ਲਿਟ ਰਹੀ ਸੀ, ਸਾਹ ਉਹਨੇ ਖਿੱਚਿਆ ਹੋਇਆ ਸੀ। ਉਹ ਪਲ ਵਿਚ ਹੀ ਨੀਲੀ ਪੀਲੀ ਹੋ ਗਈ।

ਲੋਕੀ ਉਹਨੂੰ ਮੰਜੀ ਤੇ ਪਾਕੇ ਘਰ ਲੈ ਆਏ। ਕਈ ਹੱਥ ਹੌਲਾ ਕਰਨ ਵਾਲੇ ਸੱਦੇ ਗਏ ਪਰ ਹੀਰ ਤੜਪਦੀ ਰਹੀ, ਕੁਰਲਾਉਂਦੀ ਰਹੀ। ਮਾਂਦਰੀ

25