ਪੰਨਾ:ਨੈਣਾਂ ਦੇ ਵਣਜਾਰੇ – ਸੁਖਦੇਵ ਮਾਦਪੁਰੀ.pdf/29

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਮੈਂ ਰਹਾਂਗਾ ਅਤੇ ਇਕ ਹੋਰ ਕੁਆਰੀ ਲੜਕੀ ਰਹੇਗੀ। ਮੈਂ ਤਿੰਨ ਦਿਨ ਸਮਾਧੀ ਲਾਵਾਂਗਾ ਤਦ ਸਪ ਆਵੇਗਾ ਤੇ ਲੜਕੀ ਨੌ ਬਰ ਨੌ ਹੋ ਜਾਵੇਗੀ।" ਜੋਗੀ ਨੇ ਉਪਾਓ ਦਸ ਦਿੱਤਾ।

ਪਿੰਡੋਂ ਬਾਹਰ ਡੂਮਾਂ ਦੇ ਕੱਲੇ ਕਾਰੇ ਕੋਠੇ ਵਿਚ ਉਹ ਹੀਰ ਦੀ ਮੰਜੀ ਲੈ ਗਏ। ਕੋਠੇ ਵਿਚ ਹੀਰ ਜੋਗੀ ਅਤੇ ਇਕ ਕੁਆਰੀ ਕੰਨਿਆ -- ਸਹਿਤੀ ਰਹਿ ਗਏ। ਉਨ੍ਹਾਂ ਬਾਹਰੋਂ ਕੋਠੇ ਦਾ ਕੁੰਡਾ ਮਰਵਾ ਲਿਆ। ਜੋਗੀ ਕੁਰਲਾਉਂਦੀ ਹੀਰ ਦਾ ਇਲਾਜ ਕਰਨ ਲਗ ਪਿਆ। ਲੋਕੀ ਭੈ ਭੀਤ ਹੋ ਕੇ ਅਪਣੇ ਅਪਣੇ ਘਰਾਂ ਨੂੰ ਪਰਤ ਆਏ।

ਅੱਧੀ ਰਾਤ ਲੰਘੀ, ਰਾਂਝੇ ਨੇ ਪਿਛਲੀ ਕੰਧ ਵਿੱਚ ਮਘੋਰਾ ਕਰਕੇ ਬਾਹਰ ਵੇਖਿਆ ਬਾਹਰ ਸਹਿਤੀ ਦਾ ਬਲੋਚ ਮੁਰਾਦ ਸਾਂਢਣੀ ਲਈ ਨੀਯਤ ਪ੍ਰੋਗਰਾਮ ਅਨੁਸਾਰ ਤਿਆਰ ਖੜਾ ਸੀ। ਸਹਿਤੀ, ਹੀਰ ਅਤੇ ਜੋਗੀ ਇਸ ਮਘੋਰੇ ਦੁਆਰਾ ਬਾਹਰ ਨਿਕਲ ਆਏ। ਹੀਰ ਰਾਂਝੇ ਨਾਲ ਅਤੇ ਸਹਿਤੀ ਅਪਣੇ ਮੁਰਾਦ ਨਾਲ ਨਸ ਟੁਰੇ।

ਸਵੇਰ ਹੋਈ ਤਾਂ ਖੇੜੇ ਕੀ ਵੇਖਦੇ ਹਨ! ਜੋਗੀ ਨਣਦ ਭਰਜਾਈ ਨੂੰ ਲੈ ਕੇ ਤਿੱਤਰ ਹੋ ਚੁੱਕਾ ਸੀ। ਉਹ ਦੋ ਵਾਹਰਾਂ ਬਣਾਕੇ ਉਨ੍ਹਾਂ ਪਿੱਛੇ ਨੱਸੇ। ਮੁਰਾਦ ਅਤੇ ਸਹਿਤੀ ਦੂਰ ਜਾ ਚੁੱਕੇ ਸਨ। ਉਹ ਉਨ੍ਹਾਂ ਦੇ ਹੱਥ ਨਾ ਲੱਗੇ ਪਰੰਤੂ ਹੀਰ ਰਾਂਝੇ ਨੂੰ ਨਾਹੜਾਂ ਦੇ ਇਲਾਕੇ ਵਿਚ ਉਨ੍ਹਾਂ ਨੇ ਜਾ ਘੇਰਿਆ। ਨਾਹੜਾਂ ਦੇ ਲੋਕਾਂ ਨੇ ਉਨ੍ਹਾਂ ਨੂੰ ਖੇੜਿਆਂ ਸਮੇਤ ਅਪਣੇ ਇਲਾਕੇ ਦੇ ਹਾਕਮ ਕੋਲ ਇਨਸਾਫ ਲਈ ਕੋਟਕਬੂਲੇ ਭੇਜ ਦਿੱਤਾ।

ਖੇੜਿਆਂ ਆਖਿਆ, “ਇਹ ਜੋਗੀ ਸਾਡੀ ਵਹੁਟੀ ਨੂੰ ਉਧਾਲ ਲਿਆਇਆ ਏ। ਇਹ ਇਹਦਾ ਇਲਾਜ ਕਰਦਾ ਪਿਆ ਸੀ।"

ਰਾਂਝੇ ਅਪਣਾ ਹੱਕ ਜਤਾਇਆ, "ਇਹ ਝੂਠ ਮਾਰਦੇ ਹਨ, ਇਹ ਹੀਰ ਮੇਰੀ ਏ ਬੇਸ਼ਕ ਹੀਰ ਤੋਂ ਪੁਛ ਵੇਖੋ।"

ਹੀਰ ਨੇ ਅਪਣੀ ਰਜ਼ਾਮੰਦੀ ਵਿਚ ਸਿਰ ਝੁਕਾ ਦਿੱਤਾ।

ਪਰੰਤੂ ਹਾਕਮ ਨੇ ਫੈਸਲਾ ਖੇੜਿਆਂ ਦੇ ਹੱਕ ਵਿਚ ਦੇ ਦਿੱਤਾ। ਹੀਰ ਰਾਂਝੇ

27