ਪੰਨਾ:ਨੈਣਾਂ ਦੇ ਵਣਜਾਰੇ – ਸੁਖਦੇਵ ਮਾਦਪੁਰੀ.pdf/36

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਇਹ ਸੁਣ ਰਾਜੇ ਦਾ ਕੇਸੂ ਦੇ ਫੁੱਲ ਵਾਂਗ ਟਹਿਕਦਾ ਮੁਖੜਾ ਕੁਮਲਾ ਗਿਆ।

"ਇਹ ਮੇਰੇ ਮੱਥੇ ਕਾਲਖ ਦਾ ਟਿੱਕਾ ਲਾਵੇਗੀ, ਕਿਉਂ ਨਾ ਇਹ ਨੂੰ ਹੁਣੇ ਬਿਲੇ ਲਾ ਦਿੱਤਾ ਜਾਵੇ," ਰਾਜੇ ਸੋਚਿਆ। ਅਮੀਰਾਂ ਵਜ਼ੀਰਾਂ ਹਾਂ ਵਿੱਚ ਹਾਂ ਮਿਲਾ ਦਿੱਤੀ।

ਰਾਜੇ ਨੇ ਬੋਟ ਨੂੰ ਮਰਵਾਉਣਾ ਚਾਹਿਆ, ਪਰੰਤੂ ਉਹ ਦੀ ਮਮਤਾ ਜਾਗ ਪਈ। ਉਹ ਅਪਣੇ ਦਿਲ ਦੇ ਟੁਕੜੇ ਨੂੰ ਕਿਵੇਂ ਮਰਵਾਂਦਾ! ਆਹ! ਉਹ ਨੇ ਇਕ ਅਤੀ ਸੁੰਦਰ ਸੰਦੂਕ ਬਣਵਾਇਆ ਤੇ ਨਿੱਕੀ ਜਹੀ ਜਿੰਦ ਉਸ ਵਿਚ ਬੰਦ ਕਰਕੇ ਠਾਠਾਂ ਮਾਰਦੇ ਸਿੰਧ ਦਰਿਆ ਵਿਚ ਰੋੜ ਦਿੱਤੀ।

ਮਲੂਕ ਜਿੰਦ ਦੀ ਅੰਮੜੀ ਤੜਪਦੀ ਰਹੀਂ, ਬਾਦਸ਼ਾਹ ਹੰਝੂ ਕੇਰਦਾ ਰਿਹਾ। ਸੰਦੂਕ, ਬਿਨਾਂ ਚੱਪੂਓ ਤੇ ਮਲਾਹੋਂ ਬੇੜੀ ਵਾਂਗ, ਦਰਿਆ ਦੀਆਂ ਕਹਿਰ ਭਰੀਆਂ ਲਹਿਰਾਂ ਤੇ ਤੈਰਦਾ ਰਿਹਾ।

ਸ਼ਹਿਰੋਂ ਬਾਹਰ ਅੱਤਾ ਨ ਦਾ ਧੋਬੀ ਅਪਣੀ ਧੋਬਣ ਸਮੇਤ ਇਸੇ ਦਰਿਆ ਤੇ ਕਪੜੇ ਧੋ ਰਿਹਾ ਸੀ। ਉਹ ਦੀ ਨਜ਼ਰ ਸੂਰਜ ਵਿਚ ਚਮਕਦੇ ਰੁੜੇ ਆਉਂਦੇ ਸੰਦੂਕ ਤੇ ਜਾ ਪਈ। ਉਹ ਨੇ ਉਹ ਸੰਦੂਕ ਫੜ ਲਿਆ। ਉਸ ਸੰਦੂਕ ਦਾ ਢੱਕਣ ਚੁਕਿਆ ਇਕ ਪਿਆਰਾ ਬੱਚਾ ਅੰਗੂਠਾ ਚੁੰਘ ਰਿਹਾ ਸੀ। ਹੈਰਾਨੀ ਅਤੇ ਖੁਸ਼ੀ ਦੇ ਰਲੇ ਮਿਲੇ ਭਾਵਾਂ ਦੇ ਪ੍ਰਭਾਵ ਸਦਕਾ ਅੱਤਾ ਅਹਿਲ ਖੜਾ ਰਿਹਾ। ਇਕ ਪਲ ਮਗਰੋਂ ਬੁੱਢੇ ਧੋਬੀ ਦੇ ਝੁਰੜਾਏ ਬੁਲਾਂ ਤੇ ਮੁਸਕਾਨ ਨੱਚੀ ਤੇ ਉਹਨੇ ਅਪਣੀ ਧੋਬਣ ਨੂੰ ਆਵਾਜ਼ ਮਾਰੀ, “ਨਸਕੇ ਆਈਂ ਓਰੇ, ਆਹ ਵੇਖ ਰਬ ਨੇ ਸਾਡੇ ਲਈ ਕੇਹੀ ਅਮੁੱਲੀ ਦਾਤ ਘੱਲੀ ਏ! ਸਾਡੀਆਂ ਵਰ੍ਹਿਆਂ ਦੀਆਂ ਸੁਖਣਾਂ ਅਜ ਪੂਰੀਆਂ ਹੋਈਆਂ ਨੇ।"

ਧੋਬਣ ਨੇ ਬਾਲੜੀ ਨੂੰ ਅਪਣੀ ਗੋਦ ਲੈ ਲਿਆ। ਖੁਸ਼ੀ ਦੇ ਮਾਰੇ ਉਹਦੀਆਂ ਅੱਖਾਂ ਵਿੱਚੋਂ ਮਮਤਾ ਦੇ ਅਥਰੂ ਵਗ ਟੁਰੇ।

ਮਹਿਲਾਂ ਦੀ ਦੌਲਤ ਧੋਬੀਆਂ ਦੇ ਘਰ ਜਵਾਨ ਹੋਣ ਲੱਗੀ। ਉਹਦਾ ਨਾ ਉਨ੍ਹਾਂ ਸੱਸੀ ਪਾ ਲਿਆ!

34