ਪੰਨਾ:ਨੈਣਾਂ ਦੇ ਵਣਜਾਰੇ – ਸੁਖਦੇਵ ਮਾਦਪੁਰੀ.pdf/40

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜਾਂਦੇ ਪੁਨੂੰ ਨੂੰ ਜਾਣਦੇ
ਕੌਲੇ ਦੀ ਗਈ ਨੀ ਬਲਾ।

ਅਗ ਲਾਵਾਂ ਤੇਰੇ ਸੂਟ ਨੂੰ
ਚੁੰਨੀਆਂ ਦੇਵਾਂ ਨੀ ਮਚਾ
ਜਾਨ ਤਾਂ ਮੇਰੀ ਲੈ ਗਿਆ
ਕੋਈ ਚੀਰੇ ਦੇ ਲੜ ਲਾ
ਨੀ ਜਾਂਦੇ ਪੁਨੂੰ ਨੂੰ ਮੋੜ ਲੈ।

ਬੂਰੀ ਮਝ ਤੈਨੂੰ ਲੈ ਦਿਆਂ
ਧੀਏ ਮੱਖਣਾਂ ਨਾਲ ਟੁਕ ਖਾ
ਜਾਂਦੇ ਪੁਨੂੰ ਨੂੰ ਜਾਣਦੇ
ਕੌਲੇ ਦੀ ਗਈ ਨੀ ਬਲਾ।

ਅਗ ਲਾਵਾਂ ਤੇਰੀ ਮਖਣੀ
ਬੂਰੀ ਨੂੰ ਬਗ ਨੀ ਰਲਾ
ਜਾਨ ਤਾਂ ਮੇਰੇ ਲੈ ਗਿਆ
ਕੋਈ ਚੀਰੇ ਦੇ ਲੜ ਲਾ
ਨੀ ਜਾਂਦੇ ਪੁਨੂੰ ਨੂੰ ਮੋੜ ਲੈ।

ਸੱਸੀ ਪੁਨੂੰ ਪੁਨੂੰ ਕੂਕਦੀ ਡਾਚੀ ਦੇ ਖੁਰੇ ਮਗਰ ਨਸ ਟੁਰੀ। ਸੂਰਜ ਲੋਹੜੇ ਦੀ ਅਗ ਵਰ੍ਹੇ ਰਿਹਾ ਸੀ। ਸੱਸੀ ਦੇ ਫੁੱਲਾਂ ਜਹੇ ਪੈਰ ਤਪਦੇ ਰੇਤ ਤੇ ਭੁਜਦੇ ਪਏ ਸਨ ਪਰੰਤੂ ਉਹ ਪੁਨੂੰ ਪੁਨੂੰ ਦਾ ਜਾਪ ਕਰੇਂਦੀ ਹਾਲੋਂ ਬੇਹਾਲ ਹੋਈ ਨੱਸੀ ਜਾ ਰਹੀ ਸੀ:-

ਨਾਜ਼ਕ ਪੈਰ ਮਲੂਕ ਸੱਸੀ ਦੇ
ਮਹਿੰਦੀ ਨਾਲ ਸ਼ਿੰਗਾਰੇ
ਬਾਲੂ ਰੇਤ ਤਪੇ ਵਿਚ ਥਲ ਦੇ
ਜਿਉਂ ਜੋਂ ਭੰਨਣ ਭਠਿਆਰੇ

38