ਪੰਨਾ:ਨੈਣਾਂ ਦੇ ਵਣਜਾਰੇ – ਸੁਖਦੇਵ ਮਾਦਪੁਰੀ.pdf/77

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਭਰ ਭਰ ਘੁਟ ਲੰਘਾਵਾਂ
ਹੋਵਾਂ ਕੁੜਤੀ ਲਗਜਾਂ ਕਾਲਜੇ
ਠੰਡ ਸੀਨੇ ਮੈਂ ਪਾਵਾਂ
ਫੁਲ ਬਣ ਡੋਰੀ ਦਾ-
ਪਿਠ ਤੇ ਮੇਲ੍ਹਦਾ ਆਵਾਂ।
(ਲੋਕ-ਗੀਤ)

ਸ਼ਾਮਾਂ ਪੈ ਰਹੀਆਂ ਸਨ। ਹਰਨੀਆਂ ਦੀ ਡਾਰ ਪਿੰਡ ਨੂੰ ਪਰਤ ਪਈ। ਹਰ ਮੁਟਿਆਰ ਆਪਣੇ ਆਪ ਨੂੰ ਹੀਰ ਸਮਝਦੀ ਹੋਈ ਕਾਕੇ ਬਾਰੇ ਗੱਲਾਂ ਕਰ ਰਹੀ ਸੀ। ਪਰ ਕੌਣ ਜਾਣੇ ਇਸ਼ਕ ਦੀ ਜਵਾਲਾ ਕਿਥੇ ਸੁਲਘਦੀ ਪਈ ਸੀ:

ਕੋਈ ਆਖੇ ਨਢੀ ਨੀ ਮੇਰੇ ਵਲ ਵੇਖਦਾ ਸੀ,
ਕੋਈ ਆਖੇ ਭੈਣੇ ਮੈਨੂੰ ਅੱਖਾਂ ਮਟਕਾ ਗਿਆ।
ਕੋਈ ਆਖੇ ਮੈਨੂੰ ਨੀ ਬੁਲਾਵੇ ਨਾਲ ਸੈਨਤਾਂ ਦੇ,
ਵੱਟੀ ਜਾਂ ਮੈਂ ਘੂਰੀ ਤਾਂ ਤੜਕ ਨੀਵੀਂ ਪਾ ਗਿਆ।
ਕੋਈ ਆਖੇ ਟੇਢੀ ਨਿਗ੍ਹਾ ਝਾਕਦਾ ਸੀ ਮੇਰੇ ਵਲ,
ਸਾਹਮਣੇ ਮੈਂ ਝਕੀ ਜਦੋਂ ਅੱਖ ਨੀ ਚੁਰਾ ਗਿਆ।
(ਗੁਰਦਿਤ ਸਿੰਘ)

ਹਸਦੀਆਂ ਖੇਡਦੀਆਂ ਮੁਟਿਆਰਾਂ ਅਜੇ ਥੋੜੀ ਹੀ ਦੂਰ ਗਈਆਂ ਸਨ ਕਿ ਬਾਰਸ਼ ਦਾ ਸਰਾਟਾ ਇਕ ਦਮ ਆ ਗਿਆ। ਹਰਨੀਆਂ ਦੀ ਡਾਰ ਵਿਚ ਭਾਜੜ ਪੈ ਗਈ। ਭੋਲੀ ਤੇ ਪਰਤਾਪੀ ਪਿੰਡੋਂ ਬਾਹਰ ਹੀਰਾ ਸਿੰਘ ਜਟ ਦੇ ਕੋਠੇ ਵਿਚ ਜਾ ਬੜੀਆਂ। ਭੋਲੀ ਨੇ ਏਧਰ ਉਧਰ ਦੀਆਂ ਗੱਲਾਂ ਮਾਰਨ ਮਗਰੋਂ ਕਾਕੇ ਬਾਰੇ ਗੱਲ ਤੋਰੀ। ਪਰਤਾਪੀ ਅੰਦਰੋਂ ਲੱਡੂ ਭੋਰਦੀ ਸੀ ਪਰ ਬਾਹਰੋਂ:-

ਆਖੇ ਪਰਤਾਪੀ ਨੀ ਤੂੰ ਭੋਲੀਏ ਮਖੌਲ ਕਰੇਂ
ਕੀਤਾ ਕੀ ਪਸੰਦ ਉਸ ਮੇਰਾ ਨੀ ਗੰਵਾਰ ਦਾ।
ਜਾਤ ਦੀ ਕਮੀਨਣੀ ਅਧੀਨਣੀ ਗਰੀਬਣੀ ਮੈਂ

71