ਪੰਨਾ:ਨੈਣਾਂ ਦੇ ਵਣਜਾਰੇ – ਸੁਖਦੇਵ ਮਾਦਪੁਰੀ.pdf/79

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਇਸ ਪਰਕਾਰ ਉਹ ਦੋਨੋਂ ਭੋਲੀ ਦੇ ਘਰ ਪਿਆਰ ਮਿਲਣੀਆਂ ਮਾਣਦੇ ਰਹੇ। ਗੋਕਲ ਚੰਦ ਅਨੁਸਾਰ ਕਾਕਾ ਲੋਪੋਂ ਨਹੀਂ ਸੀ ਆਉਂਦਾ ਸਗੋਂ ਪਰਤਾਪੀ ਆਪ ਰੁਪਾਲੇ ਜਾਂਦੀ ਸੀ:

ਜਾਵੇ ਪਰਤਾਪੀ ਜੋ ਰੁਪਾਲੋਂ ਨਿਤ ਜੀ
ਲੋਪੋਂ ਵਿਚ ਲਗਦਾ ਨਾ ਘੜੀ ਚਿਤ ਜੀ
ਕ੍ਰਿਪਾਲ ਸਿੰਘ ਵਿਚ ਦਿਨੇ ਰਾਤ ਧਿਆਨ ਜੀ
ਘੜੀ ਦਾ ਵਿਛੋੜਾ ਸੂਲੀ ਦੇ ਸਮਾਨ ਜੀ।

ਕਾਕਾ ਪਰਤਾਪ ਦੇ ਇਸ਼ਕ ਦਾ ਭੇਤ ਖੁਲ, ਪਿਆ। ਪਰਤਾਪੀ ਦੀ ਮਾਂ ਨੰਦੋ ਦੇ ਕੰਨੀਂ ਵੀ ਇਹ ਖਬਰ ਪੁੱਜੀ:

ਭੋਲੀ ਦੇ ਘਰ ਮਿਲਦੇ ਦੋਵੇਂ
ਪਿੰਡ ਵਿਚ ਹੋਈਆਂ ਸਾਰਾਂ
ਕਾਕੇ ਨਾਲ ਰਹੇ ਪਰਤਾਪੀ
ਗੱਲਾਂ ਕਰਦੀਆਂ ਨਾਰਾਂ
ਨੰਦੋ ਨੂੰ ਜਾ ਕਿਹਾ ਕਿਸੇ ਨੇ
ਤੈਨੂੰ ਬਾਤ ਉਚਾਰਾਂ
ਬਿਗੜ ਗਈ ਪਰਤਾਪੀ ਤੇਰੀ
ਘਰ ਘਰ ਫਿਰਗੀਆਂ ਤਾਰਾਂ
ਕਿਸੇ ਰੋਜ਼ ਨੂੰ ਚੰਦ ਚੜ੍ਹਾਵੇ
ਛੇਤੀ ਖਿਚ ਮੁਹਾਰਾਂ
ਇਜ਼ਤਾਂ ਰੋਲਦੀਆਂ-
ਮਰਨ ਧੀਆਂ ਬਦਕਾਰਾਂ।
(ਛੱਜੂ ਸਿੰਘ)

ਖੰਨੇ ਦੇ ਨਜ਼ਦੀਕ ਰਾਜੋਵਾਲ ਪਿੰਡ ਦੇ ਰਾਮ ਰਤਨ ਨਾਲ ਪਰਤਾਪੀ ਵਿਆਹੀ ਹੋਈ ਸੀ। ਪਰ ਅਜੇ ਉਹਦਾ ਮੁਕਲਾਵਾ ਨਹੀਂ ਸੀ ਟੋਰਿਆ। ਬਦਨਾਮੀ ਤੋਂ ਡਰਦਿਆਂ ਪਰਤਾਪੀ ਦੇ ਬਾਪ ਗੁਪਾਲੇ ਨੇ ਮੁਕਲਾਵੇ ਦਾ ਦਿਨ ਧਰ ਦਿੱਤਾ।

73