ਪੰਨਾ:ਨੈਣੀਂ ਨੀਂਦ ਨਾ ਆਵੇ - ਸੁਖਦੇਵ ਮਾਦਪੁਰੀ.pdf/18

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਸਾਉਣ ਦੇ ਮਹੀਨੇ ਤੀਆਂ ਰਲ਼ੇ ਹੋਰਾਂ ਦੇ ਵਿਹੜੇ 'ਚ ਲੱਗਦੀਆਂ ਸਨ-ਆਲ਼ੇ-ਦੁਆਲ਼ੇ ਕੋਠੇ, ਗੱਭੇ ਵਿਹੜਾ। ਮੁੰਡਿਆਂ ਨੂੰ ਕੁੜੀਆਂ ਦਾ ਗਿੱਧਾ ਸੁਨਣ ਦੀ ਮਨਾਹੀ ਸੀ। ਤੀਜੇ ਪਹਿਰ ਅਸੀਂ ਧੁੱਪੇ ਹੀ ਕੋਠਿਆਂ ਤੇ ਚੜ੍ਹਕੇ ਬਨੇਰੇ ਨਾਲ਼ ਛਹਿਕੇ ਲੰਬੇ ਪੈ ਜਾਣਾ ਤੇ ਕੁੜੀਆਂ ਦੀਆਂ ਬੋਲੀਆਂ ਸੁਨਣੀਆਂ ਤੇ ਆਨੰਦ ਮਾਣਨਾ। ਕਈ ਵਾਰ ਵੱਡੀਆਂ ਕੁੜੀਆਂ ਤੋਂ ਝਿੜਕਾਂ ਵੀ ਖਾਣੀਆਂ। ਇਹਨਾਂ ਝਿੜਕਾਂ ਦਾ ਵੀ ਆਪਣਾ ਸੁਆਦ ਸੀ। ਡੰਗਰ-ਪਸ਼ੂ ਚਾਰਦੇ ਹੋਏ ਅਸੀਂ ਖੇਤਾਂ ਵਿੱਚ ਜਾ ਕੇ ਆਪ ਵੀ ਬੋਲੀਆਂ ਪਾਉਂਦੇ ਸਾਂ।
ਜਦੋਂ ਸਾਡੇ ਆਂਢ-ਗੁਆਂਢ ਤੇ ਸ਼ਰੀਕੇ ਵਿੱਚ ਕਿਸੇ ਕੁੜੀ-ਮੁੰਡੇ ਦਾ ਵਿਆਹ ਮੰਗਣਾ ਹੋਣਾ ਤੇ ਕੁੜੀ ਮੁੰਡੇ ਵਾਲਿਆਂ ਦੇ ਘਰ ਮਹੀਨਾ-ਮਹੀਨਾ ਪਹਿਲਾਂ ਆਥਣੇ ਸੁਹਾਗ ਤੇ ਘੋੜੀਆਂ ਗਾਈਆਂ ਜਾਂਦੀਆਂ......ਵਿਆਹਾਂ ਨੂੰ ਹੇਰੇ ਤੇ ਸਿੱਠਣੀਆਂ ਸੁਣ ਕੇ ਰੂਹ ਸ਼ਰਸ਼ਾਰ ਹੋ ਜਾਣੀ.....ਕੱਚੇ ਦੁੱਧ ਦੀਆਂ ਧਾਰਾਂ ਵਰਗਾ ਸੁਆਦ ਅਨੁਭਵ ਕਰਨਾ।
ਲੋਕ ਗੀਤਾਂ ਦੀ ਕੋਈ ਸਾਹਿਤਕ ਤੇ ਸੱਭਿਆਚਾਰਕ ਮਹੱਤਤਾ ਵੀ ਹੈ? ਇਸ ਬਾਰੇ ਕੋਈ ਗਿਆਨ ਨਹੀਂ ਸੀ ਬਸ ਧੂਹ ਪਾਉਂਦੇ ਸਨ। ਪਿੰਡ ਦੇ ਪ੍ਰਾਇਮਰੀ ਸਕੂਲੋਂ ਚਾਰ ਜਮਾਤਾਂ ਪਾਸ ਕਰਕੇ ਜਸਪਾਲੋਂ ਦੇ ਖਾਲਸਾ ਹਾਈ ਸਕੂਲ ਤੋਂ ਦਸਵੀਂ ਤੱਕ ਪੜ੍ਹਾਈ ਕੀਤੀ...ਦਸਵੀਂ ਪਾਸ ਕਰਕੇ ਕੁਰਾਲੀ ਤੋਂ ਜੇ.ਬੀ. ਟੀ. ਦਾ ਕੋਰਸ ਕੀਤਾ ਤੇ ਲੁਧਿਆਣੇ ਜ਼ਿਲੇ ਦੇ ਨਿੱਕੇ ਜਿਹੇ ਪਿੰਡ ਢਿੱਲਵਾਂ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿੱਚ ਪ੍ਰਾਇਮਰੀ ਅਧਿਆਪਕ ਆ ਲੱਗਿਆ....ਇਹੀ ਮੇਰਾ ਵਿਸ਼ਵ ਵਿਦਿਆਲਾ ਸੀ....19 ਮਈ 1954 ਨੂੰ ਮੈਂ ਇਸ ਸਕੂਲ ਵਿੱਚ ਪੜ੍ਹਾਉਣਾ ਸ਼ੁਰੂ ਕੀਤਾ ਤੇ ਸਾਹਿਤ ਦੀ ਪੜ੍ਹਾਈ ਵੀ ਆਰੰਭ ਦਿੱਤੀ।
ਲੋਕ ਗੀਤ ਇਕੱਠੇ ਕਰਨ ਦਾ ਸੁਝਾਅ ਮੈਨੂੰ ਮੇਰੀ ਆਤਮਾ ਨੇ ਦਿੱਤਾ। ਸੋਚਿਆ ਮਨਾਂ ਬਾਪੂ ਬੇਬੇ ਮਰ ਜਾਣਗੇ ਤੇ ਨਾਲ ਹੀ ਮਰ ਜਾਣੇ ਨੇ ਉਹ ਗੀਤ ਜਿਹੜੇ ਮੈਨੂੰ ਕੀਲੀ ਰੱਖਦੇ ਨੇ ਕਿਉਂ ਨਾ ਇਹਨਾਂ ਨੂੰ ਕਿਸੇ ਕਾਪੀ ਤੇ ਲਿਖ ਲਵਾਂ...ਅੰਦਰਲੀ ਆਵਾਜ਼ ਨੇ ਕਾਪੀ ਤੇ ਕਲਮ ਫੜਾ ਦਿੱਤੀ ਤੇ ਗੀਤ ਲਿਖਣੇ ਸ਼ੁਰੂ ਕਰ ਦਿੱਤੇ! ਬਸ ਗੀਤ ਇਕੱਠੇ ਕਰਨ ਦੀ ਧੁੰਨ ਸਵਾਰ ਹੋ ਗਈ...ਚੱਲ ਸੋ ਚੱਲ! ਜਿੱਥੇ ਕਿਤੇ ਵੀ ਕਿਸੇ ਬੁੱਢੀ ਮਾਈ ਦਾ ਪਤਾ ਲੱਗਣਾ ਉਸ ਅੱਗੇ ਜਾ ਝੋਲੀ ਅੱਡਣੀ! ਬੁੜੀਆਂ ਪਾਸੋਂ ਗੀਤ ਲਖਵਾਉਣੇ ਕਿਹੜਾ ਸੌਖੇ ਨੇ...ਗਾਉਣਾ ਸੌਖੈ ਲਖਾਉਣਾ ਔਖੈ....ਮਾਈਆਂ ਨੂੰ ਲਖਾਉਣ ਲਈ ਮਸੀਂਂ ਮਨਾਉਣਾ....ਆਖਣਾ ਬੇਬੇ ਤੇਰੇ ਨਾਲ਼ ਹੀ ਇਹ ਵੀ ਮੁੱਕ ਜਾਣਗੇ..ਅੱਜ ਕੱਲ੍ਹ ਤਾਂ ਟੇਪ ਰੀਕਾਰਡਰ ਹਨ...ਓਦੋਂ ਇਹ ਸਹੂਲਤਾਂ ਕਿੱਥੇ ਸਨ ਕਿ ਗਾਉਂਦਿਆਂ ਦੀ ਚੋਰੀ ਟੇਪ ਭਰੀ ਜਾਵੇ....ਮੁਟਿਆਰਾਂ ਗੀਤ ਲਖਾਉਣੋਂ ਉਂਜ ਹੀ ਸੰਗਦੀਆਂ ਸਨ! ਚਾਰੇ ਬੰਨੇ ਅਨਪੜ੍ਹਤਾ ਦਾ ਪਸਾਰਾ ਸੀ।
ਸਾਡੇ ਘਰਾਂ ਚੋਂ ਤਾਈ ਲੱਗਦੀ ਬੇਬੇ ਬੱਸੋ ਨੂੰ ਬਹੁਤ ਸਾਰੇ ਗੀਤ ਯਾਦ ਸਨ...ਉਸ ਨੇ ਦੁੱਖਾਂ ਭਰੀ ਜ਼ਿੰਦਗੀ ਜੀਵੀ ਸੀ। ਉਸ ਪਾਸੋਂ ਮੈਨੂੰ ਇਤਿਹਾਸਕ ਲੋਕ ਗੀਤ "ਮੁਗਲਾਂ ਨੇ ਘੋੜਾ ਪੀੜਿਆ, ਸੁੰਦਰੀ ਪਾਣੀ ਨੂੰ ਜਾਏ" ਪ੍ਰਾਪਤ ਹੋਇਆ। ਇਸ ਗੀਤ ਬਾਰੇ ਇਕ ਲੇਖ "ਇਕ ਇਤਿਹਾਸਕ ਲੋਕ ਗੀਤ" ਸਰਲੇਖ ਹੇਠ ਮੈਂ ਭਾਸ਼ਾ ਵਿਭਾਗ, ਪਟਿਆਲਾ ਦੇ

14