ਪੰਨਾ:ਨੈਣੀਂ ਨੀਂਦ ਨਾ ਆਵੇ - ਸੁਖਦੇਵ ਮਾਦਪੁਰੀ.pdf/38

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ


86
ਉੱਚਾ ਬੁਰਜ ਲਾਹੌਰ ਦਾ
ਕੋਈ ਹੇਠ ਵਗੇ ਦਰਿਆ
ਮੈਂ ਮਛਲੀ ਦਰਿਆ ਦੀ
ਤੂੰ ਬਗਲਾ ਬਣਕੇ ਆ
87
ਕੀ ਕੱਲਿਆਂ ਦਾ ਜੀਵਣਾ
ਕੀ ਕੱਲਿਆਂ ਦੀ ਕਾਰ
ਚੜ੍ਹੀ ਜਵਾਨੀ ਕੂਕਦੀ
ਦੂਜਾ ਹੈ ਦਰਕਾਰ
88
ਫੁੱਲ ਖਿੜੇ ਸਭ ਬਾਗ ਦੇ
ਆਈ ਰੁੱਤ ਬਹਾਰ
ਪਤਝੜ ਮੇਰੇ ਵਾਸਤੇ
ਲੋਕਾਂ ਲਈ ਬਹਾਰ
89
ਹਰੀਆਂ ਹਰੀਆਂ ਟਾਹਣੀਆਂ
ਪੀਲ਼ੇ ਪੀਲ਼ੇ ਫੁੱਲ਼
ਸਹੀਓ ਮੇਰੇ ਬਾਗ ਵਿੱਚ
ਗਈ ਹਨ੍ਹੇਰੀ ਝੁੱਲ
90
ਖੰਭ ਹੁੰਦੇ ਜੇ ਬਦਨ ਤੇ
ਚੜ੍ਹਦੀ ਉਡ ਆਕਾਸ਼
ਪਲ ਵਿੱਚ ਸਹੀਓ ਪਹੁੰਚਦੀ
ਚੰਨ ਆਪਣੇ ਦੇ ਪਾਸ
91
ਦੁਧੋਂ ਦਹੀਂ ਜਮਾਇਆ
ਦਹੀਓਂ-ਬਣੇ ਪਨੀਰ
ਅੱਜ ਨਹੀਂ ਸੋਹਣੀ ਆਂਵਦੀ
ਕਿਤੇ ਡੂੰਘੇ ਪੈ ਗਈ ਨੀਰ
92
ਮੱਛੀਓ ਨੀ ਜਲ ਰਹਿੰਦੀ ਓ
ਵਢ ਵਢ ਖਾਇਓ ਮਾਸ
ਇਕ ਨਾ ਖਾਇਓ ਨੈਣ ਅਸਾਡੜੇ
ਸਾਨੂੰ ਅਜੇ ਮਿਲਣ ਦੀ ਆਸ

34