ਪੰਨਾ:ਪਾਕਿਸਤਾਨੀ.pdf/11

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਇੱਕ ਦਿਨ ਜਾਵੇਦ ਨੂੰ ਬਾਜ਼ਾਰ ਵਿੱਚ ਉਸਦਾ ਸਾਥੀ ਡਾਕਟਰ ਗੁਪਤਾ ਮਿਲ ਗਿਆ।

"ਕੀ ਗੱਲ, ਫਾਰੂਕੀ ਸਾਹਿਬ, ਮਿਲਣ-ਗਿਲਣ ਤੋਂ ਵੀ ਰਹਿ ਗਏ! ਕਿਤੇ ਕਾਰਗਿਲ ਕਰਕੇ ਤਾਂ ਨਹੀਂ ਮਿਲਣਾ-ਜੁਲਣਾ ਬੰਦ ਕਰ ਦਿੱਤਾ?" ਗੁਪਤੇ ਨੇ ਜਾਵੇਦ ਤੋਂ ਅਨੋਖਾ ਸਵਾਲ ਪੁੱਛਿਆ ਸੀ। ਜਾਵੇਦ ਹੈਰਾਨ ਖੜ੍ਹਾ ਰਹਿ ਗਿਆ-"ਕਿੱਥੇ ਸਾਡੀ ਦੋਸਤੀ ਤੇ ਕਿੱਥੇ ਕਾਰਗਿਲ ਦਾ ਯੁੱਧ!" ਜਾਵੇਦ ਨੂੰ ਲੱਗਿਆ ਕਿ ਜਿਵੇਂ ਅੰਮ੍ਰਿਤਸਰ ਦਾ ਸਾਰਾ ਮੈਡੀਕਲ ਕਾਲਜ ਇੱਕਠਾ ਹੋ ਕੇ ਉਸਦੇ ਸਾਹਮਣੇ ਆ ਗਿਆ ਹੋਵੇ। ਇਸ ਗੱਲ ਨੇ ਜਾਵੇਦ ਨੂੰ ਇੰਨਾ ਦੁਖੀ ਕੀਤਾ ਕਿ ਉਹ ਉੱਥੋਂ ਨੌਕਰੀ ਛੱਡਕੇ ਮਲੇਰਕੋਟਲੇ ਆ ਗਿਆ ਤੇ ਆ ਕੇ ਉਸਨੇ ਆਪਣਾ ਕਲੀਨਿਕ ਖੋਲ੍ਹ ਲਿਆ।

ਕਈ ਵਾਰ ਜਾਵੇਦ ਨੂੰ ਆਪਣੇ ਬਜ਼ੁਰਗਾਂ ਤੇ ਗੁੱਸਾ ਆਉਣ ਲੱਗ ਪੈਂਦਾ, ਜਿਹੜੇ ਪਾਕਿਸਤਾਨ ਜਾਣ ਦੀ ਥਾਂ ਭਾਰਤ ਵਿੱਚ ਹੀ ਰਹਿ ਗਏ ਸਨ। ਜਾਵੇਦ ਨੂੰ ਆਪਣੀ ਬੁੱਢੀ ਦਾਦੀ ਯਾਦ ਆਉਣ ਲੱਗੀ।

ਉਹ ਜਾਵੇਦ ਨੂੰ ਦੱਸਦੀ ਹੁੰਦੀ ਸੀ ਕਿ ਕਿਵੇਂ ਦੇਸ਼ ਦੀ ਵੰਡ ਸਮੇਂ ਬੇਕਸੂਰ ਕੁੜੀਆਂ ਦੀ ਪੱਤ ਲੁੱਟ ਲਈ ਜਾਂਦੀ ਸੀ ਤੇ ਗੱਭਰੂਆਂ ਦੇ ਖੂਨ ਦੀ ਹੋਲੀ ਖੇਡੀ ਜਾਂਦੀ ਸੀ। ਤੁਰੇ ਜਾਂਦੇ ਕਾਫਲਿਆਂ ਨੂੰ ਜਦੋਂ ਕੋਈ ਖੂਹ ਦਿਖਾਈ ਦਿੰਦਾ, ਤਾਂ ਸਾਰੇ ਪਾਣੀ ਲੈਣ ਲਈ ਉਸ ਵੱਲ ਦੌੜਦੇ, ਪਰ ਖੂਹ ਲਾਸ਼ਾਂ ਨਾਲ ਭਰਿਆ ਹੁੰਦਾ। ਉਹ ਅਕਸਰ ਉਸ ਚੰਦਰੇ ਵੇਲੇ ਵੱਢੇ ਗਏ ਆਪਣੇ ਭਰਾਵਾਂ ਨੂੰ ਯਾਦ ਕਰਕੇ ਰੋ ਪੈਂਦੀ। ਕਦੇ-ਕਦੇ ਉਹ ਵਿੱਛੜੇ ਹੋਏ, ਪਾਕਿਸਤਾਨ ਵਿੱਚ ਵੱਸ ਰਹੇ, ਆਪਣੇ ਇੱਕੋ-ਇੱਕ ਭਰਾ ਦੀਆਂ ਸੁੱਖਾਂ ਸੁੱਖਦੀ। ਜਦੋਂ ਕਦੇ ਉਹ ਪਾਕਿਸਤਾਨ ਦੀ ਕੋਈ ਖ਼ਬਰ ਸੁਣਦੀ, ਤਾਂ ਬੇਚੈਨ ਹੋ ਉੱਠਦੀ ਤੇ ਜਾਵੇਦ ਤੋਂ ਪਾਕਿਸਤਾਨ ਦਾ ਬਾਰਡਰ ਖੁਲ੍ਹਣ ਬਾਰੇ ਪੁੱਛਦੀ। ਅਜਿਹੇ ਹੀ ਫਿਕਰ ਤੇ ਦੁੱਖ ਉਸਨੂੰ ਉਸਦੀ ਕਬਰ ਤੱਕ ਲੈ ਗਏ।

ਅਚਾਨਕ ਜਾਵੇਦ ਦੇ ਸ਼ਰੀਰ ਵਿੱਚ ਇੱਕ ਝੁਣਝਣੀ ਜਿਹੀ ਉੱਠੀ। ਉਸਨੇ ਆਪਣੀ ਘੜੀ ਵੱਲ ਵੇਖਿਆ। ਬਾਰਾਂ ਵੱਜਣ ਵਿੱਚ ਸੱਤ-ਅੱਠ ਮਿੰਟ ਰਹਿੰਦੇ ਸਨ।

ਉਸਨੇ ਆਪਣੇ ਆਪ ਨੂੰ ਤਰੋ-ਤਾਜ਼ਾ ਕੀਤਾ ਤੇ ਫਿਰ ਕਾਰ ਤੇ ਕੱਪੜਾ ਮਾਰਿਆ।

ਫਿਰ ਉਸਦੀ ਕਾਰ ਸਟੇਸ਼ਨ ਵੱਲ ਨੂੰ ਚੱਲ ਪਈ।

ਕਾਰ ਪਾਰਕਿੰਗ ਵਿੱਚ ਖੜ੍ਹਾਉਣ ਤੋਂ ਬਾਅਦ ਜਾਵੇਦ ਪਲੇਟਫਾਰਮ ਤੇ ਚਲਿਆ ਗਿਆ। ਪੰਦਰਾਂ-ਵੀਹ ਮਿੰਟਾਂ ਬਾਅਦ ਗੱਡੀ ਆ ਗਈ।

ਜਾਵੇਦ ਨੂੰ ਗੱਡੀ ਵਿੱਚੋਂ ਉਤਰ ਰਹੇ ਢਿੱਲੋਂ ਨੂੰ ਪਹਿਚਾਣਦਿਆਂ ਦੇਰ ਨਾ ਲੱਗੀ। ਉਹ ਅੱਗੇ ਨਾਲੋਂ ਥੋੜ੍ਹਾ ਜਿਹਾ ਮੋਟਾ ਹੋ ਗਿਆ ਸੀ ਤੇ ਉਸਦੀਆਂ ਦਾੜ੍ਹੀ-ਮੁੱਛਾਂ ਵੀ ਭਰਵੀਆਂ ਆ ਗਈਆਂ ਸਨ।

"ਉਏ, ਵਾਹ ਉਏ, ਮੇਰਾ ਪਾਕਿਸਤਾਨੀ!" ਬਾਹਾਂ ਜਾਵੇਦ ਵੱਲ ਵਧਾਉਂਦਿਆਂ ਢਿੱਲੋਂ ਖ਼ੁਸ਼ੀ ਭਰੀ ਉੱਚੀ ਆਵਾਜ਼ ਵਿੱਚ ਚਹਿਕਿਆ।

3 ਪਾਕਿਸਤਾਨੀ