ਸਮੱਗਰੀ 'ਤੇ ਜਾਓ

ਪੰਨਾ:ਪਾਕਿਸਤਾਨੀ.pdf/17

ਵਿਕੀਸਰੋਤ ਤੋਂ
ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ

ਉਡਾਰੀ

ਕੁਲਦੀਪ ਦੇ ਬ੍ਰੇਕ ਲਾਉਂਦਿਆਂ ਹੀ ਮੇਰੀਆਂ ਸੋਚਾਂ ਦੀ ਲੜੀ ਟੁੱਟ ਗਈ। "ਆ ਗਿਆ ਤੇਰਾ ਬਾਡਰ", ਕਹਿ ਕੇ ਉਹ ਗੱਡੀ ਵਿੱਚੋਂ ਉਤਰ ਗਿਆ। ਮੇਰੀ ਨਿਗ੍ਹਾ ਆਸਮਾਨ ਵੱਲ ਪਈ-ਪੰਛੀਆਂ ਦੀਆਂ ਡਾਰਾਂ ਹਾਲੀਂ ਵੀ ਉੱਡ ਰਹੀਆਂ ਸਨ।

ਸਾਰਾ ਕੁਝ ਇਕ ਵਾਰ ਫਿਰ ਮੇਰੀਆਂ ਅੱਖਾਂ ਸਾਹਮਣੇ ਉਭਰ ਆਇਆ-ਬੇਬੇ ਦੇ ਗੀਤ...... ਉਸਦੀਆਂ ਸਹੇਲੀਆਂ......ਸਦੀਕਨ!!

"........ ਲੋਕੀਂ ਬੜੀ ਦੂਰੋਂ-ਦੂਰੋਂ ਆਉਂਦੇ ਨੇ ਪ੍ਰੇਡ ਵੇਖਣ ਲਈ.......," ਪਾਰਕਿੰਗ ਚੋਂ ਨਿਕਲਦਿਆਂ ਕੁਲਦੀਪ ਦੱਸਦਾ ਜਾ ਰਿਹਾ ਸੀ। ਯੂਨੀਵਰਸਿਟੀ 'ਚ ਉਹ ਮੈਨੂੰ ਅੰਮ੍ਰਿਤਸਰ ਆਉਣ ਲਈ ਵਾਰ-ਵਾਰ ਕਹਿ ਚੁੱਕਿਆ ਸੀ। "ਚਲ, ਤੈਨੂੰ ਤੇਰਾ ਬਾਡਰ ਵੀ ਵਖਾ ਦੇਉ," ਉਸਨੇ ਬਹਾਨਾ ਵੀ ਕੀਤਾ ਸੀ।

ਅੱਜ ਜਦੋਂ ਮੈਂ ਬੇਬੇ ਨੂੰ ਦੱਸਿਆ ਕਿ ਮੈਂ ਬਾਡਰ ਵੇਖਣ ਜਾ ਰਿਹਾ ਸਾਂ ਤਾਂ ਉਸਦੇ ਚਿਹਰੇ ਦਾ ਰੰਗ ਬਦਲ ਗਿਆ ਸੀ।

"ਬੇਬੇ, ਹੁਣ ਤੂੰ ਆਰਾਮ ਕਰਿਆ ਕਰ। ਸ਼ਹਿਰਾਂ 'ਚ, ਦੱਸ, ਚਰਖੇ ਕੌਣ ਕੱਤਦੈ!" ਡੈਡੀ ਉਸਨੂੰ ਟੋਕਦੇ ਰਹਿੰਦੇ।

"ਬੇਬੇ ਤਾਂ ਐਂ ਲੱਗੀ ਰਹਿੰਦੀ ਐ ਜਿਵੇਂ ਕੁੜੀ ਦਾ ਦਹੇਜ ਬਣਾਉਣਾ ਹੋਵੇ!" ਕੰਮ ਕਰਦਿਆਂ ਮੰਮੀ ਵੀ ਕਹਿ ਦਿੰਦੀ।

ਪਰ ਉਹ ਕੱਤੇ ਬਿਨਾ ਨਹੀਂ ਸੀ ਰਹਿ ਸਕਦੀ।

ਉਹ ਜਦੋਂ ਵੀ ਕੱਤਦੀ ਤਾਂ ਗੀਤ ਗੁਣਗੁਣਾਉਣ ਲੱਗ ਪੈਂਦੀ। "ਥੋਨੂੰ ਪਤੈ, ਇਹ ਗੀਤ ਮੈਂ ਤੇ ਸਦੀਕਨ ਗਾਉਂਦੀਆਂ ਹੁੰਦੀਆਂ ਤੀ!" ਛੋਟੇ ਹੁੰਦਿਆਂ ਜਦੋਂ ਵੀ ਅਸੀਂ ਉਸ ਕੋਲ ਬੈਠਦੇ ਤਾਂ ਉਹ ਸਾਡੇ ਵੱਲ ਵੇਖ ਕੇ ਮੁਸਕੁਰਾਉਂਦੀ, ਤੇ ਉਸਦੇ ਚਰਖੇ ਤੇ ਆਵਾਜ਼ ਦਾ ਤਾਲਮੇਲ ਹੋਰ ਵੱਧ ਜਾਂਦਾ।"ਜਦੋਂ ਅਸੀਂ ਥੋਡੇ ਵਰਗੀਆਂ ਤੀ, ਸਾਰੀਆਂ ਸਹੇਲੀਆਂ ਸਦੀਕਨ ਦੇ ਵਿਹੜੇ 'ਚ ਚਰਖੇ ਲੈ ਕੇ ਬਹਿ ਜਾਂਦੀਆਂ-ਨਾਲੇ ਕੱਤੀ ਜਾਂਦੀਆਂ, ਨਾਲੇ ਗਾਈ ਜਾਂਦੀਆਂ!"

ਬਾਪੂ ਵੀ ਕਈ ਵਾਰ ਆਪਣੀ ਜਵਾਨੀ ਦੀਆਂ ਗੱਲਾਂ ਕਰਦਾ ਸੀ-ਉੱਧਰ ਰਹਿ ਗਈ ਆਪਣੀ ਜਾਇਦਾਦ ਦੀਆਂ ਤੇ ਆਪਣੇ ਯਾਰਾਂ-ਬੇਲੀਆਂ ਦੀਆਂ। ਪਰ ਗੱਲਾਂ ਕਰਦਿਆਂ ਉਸਦੇ ਚਿਹਰੇ ਤੇ ਕੋਈ ਉਤਰਾਅ-ਚੜਾਅ ਨਹੀਂ ਸੀ ਆਉਂਦਾ- ਰਾਜੇ-ਰਾਣੀਆਂ ਦੀਆਂ ਕਹਾਣੀਆਂ ਵਾਂਗ ਉਹ ਸੁਭਾਵਕ ਹੀ ਸੁਣਾ ਜਾਂਦਾ। ਬੇਬੇ ਦੇ ਤਾਂ ਅੱਖਾਂ ਵਿੱਚ ਅੱਥਰੂ ਉੱਭਰ ਆਉਂਦੇ ਸਨ।

"...... ਆਹ ਖੇਤ ਪਾਕਿਸਤਾਨ ਦੇ ਨੇ।" ਕੁਲਦੀਪ ਨੇ ਸਾਈਡ ਤੇ ਲੱਗੀਆਂ

9/ਪਾਕਿਸਤਾਨੀ