ਪੰਨਾ:ਪਾਦਰੀ ਸੇਰਗਈ - ਲਿਓ ਤਾਲਸਤਾਏ - ਗੁਰਬਖ਼ਸ਼ ਸਿੰਘ ਫ਼ਰੈਂਕ.pdf/43

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


ਦੇ ਪ੍ਰੇਮ ਸੰਬੰਧੀ ਨਿਯਮਾਂ ਦਾ ਪਾਲਣ ਕਰਦਿਆਂ ਉਹ ਲੋਕਾਂ ਨੂੰ ਦਰਸ਼ਨ ਦੇਣ ਤੋਂ ਇਨਕਾਰ ਨਹੀਂ ਸੀ ਕਰ ਸਕਦਾ, ਕਿ ਲੋਕਾਂ ਤੋਂ ਦੂਰ ਨੱਠਣਾ ਕਠੋਰਤਾ ਦਿਖਾਉਣਾ ਹੋਵੇਗਾ। ਇਸ ਤਰ੍ਹਾਂ ਦੀਆਂ ਗੱਲਾਂ ਸਾਮ੍ਹਣੇ ਉਸਨੂੰ ਝੁਕਣਾ ਹੀ ਪੈਂਦਾ। ਪਰ ਜਿੰਨਾ ਜ਼ਿਆਦਾ ਉਹ ਇਸ ਤਰ੍ਹਾਂ ਦੇ ਜੀਵਨ ਨੂੰ ਸਵੀਕਾਰ ਕਰਦਾ ਜਾ ਰਿਹਾ ਸੀ, ਓਨਾ ਹੀ ਜ਼ਿਆਦਾ ਉਹ ਮਹਿਸੂਸ ਕਰਦਾ ਜਾ ਰਿਹਾ ਸੀ ਕਿ ਉਸਦਾ ਆਤਮਿਕ ਸੰਸਾਰ ਬਾਹਰੀ ਦੁਨੀਆਂ ਵਿਚ ਬਦਲਦਾ ਜਾ ਰਿਹਾ ਹੈ, ਕਿ ਉਸਦੀ ਆਤਮਾ ਵਿਚੋਂ ਅੰਮ੍ਰਿਤ ਦਾ ਸੋਮਾ ਸੁਕਦਾ ਜਾ ਰਿਹਾ ਹੈ, ਕਿ ਉਹ ਜੋ ਕੁਝ ਵੀ ਕਰਦਾ ਹੈ, ਉਸਦਾ ਦਿਨੋ ਦਿਨ ਜ਼ਿਆਦਾ ਹਿੱਸਾ ਪ੍ਰਮਾਤਮਾ ਲਈ ਨਹੀਂ, ਮਨੁੱਖ ਲਈ ਹੀ ਹੁੰਦਾ ਹੈ।

ਉਹ ਲੋਕਾਂ ਨੂੰ ਉਪਦੇਸ਼ ਦੇਂਦਾ ਜਾਂ ਅਸ਼ੀਰਵਾਦ, ਰੋਗੀਆਂ ਲਈ ਪ੍ਰਾਰਥਨਾ ਕਰਦਾ, ਜਾਂ ਜੀਵਨ ਬਾਰੇ ਉਹਨਾਂ ਨੂੰ ਸਲਾਹ ਦੇਂਦਾ, ਜਾਂ ਐਸੇ ਲੋਕਾਂ ਦੀ ਕ੍ਰਿਤਗਤਾ ਦੇ ਲਫਜ਼ ਸੁਣਦਾ, ਜਿਨ੍ਹਾਂ ਨੂੰ ਉਹਨਾਂ ਦੇ ਸ਼ਬਦਾਂ ਵਿਚ, ਉਸਨੇ ਰਾਜ਼ੀ ਹੋਣ ਵਿਚ, ਜਾਂ ਸਿੱਖਿਆ ਰਾਹੀਂ ਸਹਾਇਤਾ ਦਿਤੀ ਹੁੰਦੀ, ਉਸਨੂੰ ਇਸ ਸਭ ਕੁਝ ਤੋਂ ਖੁਸ਼ੀ ਮਿਲਦੀ, ਉਹ ਆਪਣੇ ਕੰਮਾਂ-ਕਾਰਾਂ ਦੇ ਨਤੀਜਿਆਂ ਤੇ ਲੋਕਾਂ ਉਤੇ ਆਪਣੇ ਪ੍ਰਭਾਵ ਬਾਰੇ ਸੋਚੇ ਬਿਨਾਂ ਨਾ ਰਹਿ ਸਕਦਾ। ਉਸਨੂੰ ਲਗਦਾ ਕਿ ਉਹ ਇਕ ਜੋਤ ਹੈ -ਤੇ ਜਿੰਨਾ ਹੀ ਜ਼ਿਆਦਾ ਉਹ ਇਹ ਅਨੁਭਵ ਕਰਦਾ, ਓਨਾ ਹੀ ਜ਼ਿਆਦਾ ਉਸਨੂੰ ਇਹ ਅਹਿਸਾਸ ਹੁੰਦਾ ਕਿ ਉਸਦੀ ਆਤਮਾ ਵਿਚ ਜਗਣ ਵਾਲੀ ਸੱਚਾਈ ਦੀ ਈਸ਼ਵਰੀ ਜੋਤ ਧੀਮੀ ਤੇ ਮੱਧਮ ਪੈਂਦੀ ਜਾ ਰਹੀ ਹੈ। ਮੈਂ ਜੋ ਕੁਝ ਕਰਦਾ ਹਾਂ, ਉਸ ਵਿਚੋਂ ਕਿੰਨਾਂ ਪ੍ਰਮਾਤਮਾ ਲਈ ਤੇ ਕਿੰੰਨਾਂ ਇਨਸਾਨ ਲਈ ਹੁੰਦਾ ਹੈ? ਇਹ ਸਵਾਲ ਉਸਨੂੰ ਲਗਾਤਾਰ ਪ੍ਰੇਸ਼ਾਨ ਕਰਦਾ ਰਹਿੰਦਾ ਸੀ। ਉਹ ਇਸਦਾ ਜਵਾਬ ਨਾ ਦੇ ਸਕਦਾ ਹੋਵੇ ਇਹ ਗੱਲ ਨਹੀਂ ਸੀ, ਪਰ ਉਹ ਆਪਣੇ ਆਪ ਨੂੰ ਇਸਦਾ ਜਵਾਬ ਦੇਣ ਦਾ ਫੈਸਲਾ ਹੀ ਨਹੀਂ ਕਰ ਸਕਿਆ। ਆਪਣੀ ਆਤਮਾ ਦੀ ਗਹਿਰਾਈ ਵਿਚ ਉਸਨੂੰ ਇਹ ਅਨੁਭਵ ਹੁੰਦਾ ਕਿ ਸ਼ੈਤਾਨ ਨੇ ਉਸਦੀਆਂ ਪ੍ਰਮਾਤਮਾ ਲਈ ਸਾਰੀਆਂ ਗਤੀ-ਵਿਧੀਆਂ ਨੂੰ ਇਨਸਾਨ ਲਈ ਗਤੀਵਿਧੀਆਂ ਵਿਚ ਬਦਲ ਦਿਤਾ ਹੈ। ਉਹ ਇਸ ਲਈ ਐਸਾ ਮਹਿਸੂਸ ਕਰਦਾ ਸੀ ਕਿ ਪਹਿਲਾਂ ਤਾਂ ਏਕਾਂਤ ਭੰਗ ਹੋਣ ਉਤੇ ਉਸਨੂੰ ਪ੍ਰੇਸ਼ਾਨੀ ਹੁੰਦੀ ਸੀ ਤੇ ਹੁਣ ਏਕਾਂਤ ਬੋਝਲ ਲਗਦੀ ਸੀ। ਦਰਸ਼ਕ ਉਸ ਲਈ ਬੋਝ ਬਣ ਜਾਂਦੇ ਸਨ, ਉਹ ਉਹਨਾਂ ਦੇ ਕਾਰਨ ਥਕ ਜਾਂਦਾ ਸੀ ਪਰ ਦਿਲ ਦੀ ਗਹਿਰਾਈ ਵਿਚ ਉਹਨਾਂ ਦੇ ਆਉਣ ਉਤੇ, ਆਪਣੇ ਆਸਪਾਸ ਆਪਣੀ ਪ੍ਰਸੰਸਾ ਸੁਣਕੇ ਖੁਸ਼ੀ ਹੁੰਦੀ ਸੀ।

ਇਕ ਐਸਾ ਵੀ ਸਮਾਂ ਆਇਆ ਸੀ, ਜਦੋਂ ਉਸਨੇ ਉਥੋਂ ਚਲੇ ਜਾਣ ਦਾ, ਕਿਤੇ ਗਾਇਬ ਹੋ ਜਾਣ ਦਾ ਫੈਸਲਾ ਕਰ ਲਿਆ ਸੀ। ਉਸਨੇ ਤਾਂ ਇਸਦੀ ਪੂਰੀ ਯੋਜਨਾ ਵੀ ਬਣਾ ਲਈ ਸੀ। ਉਸਨੇ ਆਪਣੇ ਲਈ ਪੇਂਡੂਆਂ ਵਰਗੀ ਕਮੀਜ਼, ਪਾਜਾਮਾ, ਕੋਟ ਅਤੇ ਟੋਪੀ ਵੀ ਤਿਆਰ ਕਰ ਲਈ ਸੀ। ਉਸਨੇ ਪ੍ਰਬੰਧਕਾਂ ਨੂੰ ਇਹ ਬਹਾਨਾ ਲਾ ਦਿਤਾ ਸੀ ਕਿ ਮੰਗਤਿਆਂ ਨੂੰ ਦੇਣ ਲਈ ਉਸਨੂੰ ਉਹਨਾਂ ਦੀ ਜ਼ਰੂਰਤ ਹੈ। ਉਸਨੇ ਇਹਨਾਂ

37