ਪੰਨਾ:ਪਾਦਰੀ ਸੇਰਗਈ - ਲਿਓ ਤਾਲਸਤਾਏ - ਗੁਰਬਖ਼ਸ਼ ਸਿੰਘ ਫ਼ਰੈਂਕ.pdf/62

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ

ਤੇ ਪ੍ਰਮਾਤਮਾ ਨੇ ਉਸਨੂੰ ਆਪਣੇ ਪਾਸ ਬੁਲਾ ਲਿਆ। ਬੇਟੀ ਮਾਸ਼ਾ ਨੂੰ ਵਾਨਿਯਾ—ਜਵਾਈ—ਨਾਲ ਪਿਆਰ ਹੋ ਗਿਆ। ਇਹ ਭਲਾ ਆਦਮੀ ਹੈ, ਪਰ ਬਦਕਿਸਮਤ ਹੈ, ਬਿਮਾਰ ਰਹਿੰਦਾ ਹੈ।"

"ਮਾਂ," ਲੜਕੀ ਨੇ ਉਸਨੂੰ ਟੋਕਦਿਆਂ ਹੋਇਆਂ ਕਿਹਾ, "ਮੀਸ਼ਾ ਨੂੰ ਲੈ ਲਉ, ਮੈਂ ਆਪਣੇ ਟੁਕੜੇ ਟੁਕੜੇ ਤਾਂ ਨਹੀਂ ਕਰ ਸਕਦੀ!"

ਪਰਾਸਕੋਵੀਆ ਮਿਖਾਇਲੋਵਨਾ ਚੌਕੀ, ਉੱਠੀ, ਘਸੀਆਂ ਹੋਈਆਂ ਅੱਡੀਆਂ ਵਾਲੀ ਜੁੱਤੀ ਨਾਲ ਜਲਦੀ ਜਲਦੀ ਕਦਮ ਪੁੱਟਦੀ ਹੋਈ ਬਾਹਰ ਗਈ ਤੇ ਦੋ ਸਾਲ ਦੇ ਲੜਕੇ ਨੂੰ ਚੁਕੀ ਮੁੜਦੇ ਪੈਰੀਂ ਵਾਪਸ ਆ ਗਿਆ। ਲੜਕਾ ਪਿਛਲੇ ਪਾਸੇ ਝੁਕ ਗਿਆ ਤੇ ਉਸਨੇ ਆਪਣੇ ਛੋਟਿਆਂ-ਛੋਟਿਆਂ ਹੱਥਾਂ ਨਾਲ ਉਸਦੇ ਸਿਰ ਉਤੇ ਬੰਨ੍ਹੇ ਰੁਮਾਲ ਦਾ ਸਿਰਾ ਫੜ ਲਿਆ।

"ਸੋ, ਮੈਂ ਕੀ ਕਹਿ ਰਹੀ ਸਾਂ? ਹਾਂ, ਇਥੇ ਉਸਦੀ ਨੌਕਰੀ ਚੰਗੀ ਸੀ, ਅਫਸਰ ਵੀ ਬਹੁਤ ਭਲਾ ਸੀ, ਪਰ ਵਾਨਿਯਾ ਤੋਂ ਗੱਡੀ ਨਹੀਂ ਰਿੜ੍ਹੀ ਤੇ ਉਸਨੇ ਅਸਤੀਫਾ ਦੇ ਦਿਤਾ।"

"ਕੀ ਬਿਮਾਰੀ ਹੈ ਉਸਨੂੰ?"

"ਤੰਤੂ ਰੋਗ। ਹਾਂ, ਬੜੀ ਭਿਆਨਕ ਬਿਮਾਰੀ ਹੈ ਇਹ। ਅਸੀਂ ਇਸ ਬਾਰੇ ਸਲਾਹ ਲਈ; ਇਲਾਜ ਲਈ ਕਿਤੇ ਜਾਣ ਦੀ ਜ਼ਰੂਰਤ ਸੀ, ਪਰ ਸਾਡਾ ਹੱਥ ਤੰਗ ਸੀ। ਮੈਨੂੰ ਉਮੀਦ ਹੈ ਕਿ ਉਹ ਇਸੇ ਤਰ੍ਹਾਂ ਹੀ ਠੀਕ ਹੋ ਜਾਏਗਾ। ਦਰਦ ਤਾਂ ਉਸਨੂੰ ਖਾਸ ਨਹੀਂ ਹੁੰਦਾ, ਪਰ..."

"ਲੂਕੇਰਿਆ!" ਜਵਾਈ ਦੀ ਕਮਜ਼ੋਰ ਤੇ ਗੁੱਸੇਭਰੀ ਆਵਾਜ਼ ਸੁਣਾਈ ਦਿੱਤੀ। "ਜਦੋਂ ਉਸਦੀ ਜ਼ਰੂਰਤ ਹੁੰਦੀ ਹੈ, ਤਾਂ ਹਮੇਸ਼ਾ ਕਿਤੇ ਨਾ ਕਿਤੇ ਉਸਨੂੰ ਭੇਜ ਦਿੱਤਾ ਜਾਂਦਾ ਹੈ। ਮਾਂ!"

"ਹੁਣੇ ਆਉਂਦੀ ਹਾਂ," ਪਰਾਸਕੋਵੀਆ ਮਿਖਾਇਲੋਵਨਾ ਨੇ ਆਪਣੀ ਗੱਲ ਫਿਰ ਵਿੱਚੇ ਛੱਡ ਦਿੱਤੀ। ਉਸਨੇ ਅਜੇ ਖਾਣਾ ਨਹੀਂ ਖਾਧਾ। ਸਾਡੇ ਨਾਲ ਨਹੀਂ ਖਾ ਸਕਦਾ।"

ਉਹ ਬਾਹਰ ਗਈ ਉਥੇ ਉਸਨੇ ਕੁਝ ਕੰਮ ਕੀਤਾ ਤੇ ਆਪਣੇ ਸੰਵਲਾਏ ਹੱਡਲ ਹੱਥਾਂ ਨੂੰ ਪੂੰਝਦੀ ਵਾਪਸ ਆਈ।

"ਸੋ ਐਸੀ ਹੈ ਮੇਰੀ ਜ਼ਿੰਦਗੀ। ਬੱਚੇ ਲਗਾਤਾਰ ਸ਼ਿਕਵਾ-ਸ਼ਿਕਾਇਤ ਕਰਦੇ ਰਹਿੰਦੇ ਹਨ, ਅਸੰਤੁਸ਼ਟ ਰਹਿੰਦੇ ਹਨ, ਪਰ ਫਿਰ ਵੀ ਪ੍ਰਮਾਤਮਾ ਦੀ ਕਿਰਪਾ ਹੈ, ਸਭ ਚੰਗੇ ਹਨ, ਤੰਦਰੁਸਤ ਹਨ ਤੇ ਜ਼ਿੰਦਗੀ ਅਸਹਿ ਨਹੀਂ। ਪਰ ਮੇਰੇ ਬਾਰੇ ਗੱਲਾਂ ਦਾ ਕੀ ਫਾਇਦੈ?"

"ਪਰ ਘਰ ਦਾ ਖਰਚ ਕਿਸ ਤਰ੍ਹਾਂ ਚਲਦਾ ਹੈ?"

"ਮੈਂ ਕੁਝ ਕਮਾ ਲੈਂਦੀ ਹਾਂ। ਸੰਗੀਤ ਵਿਚ ਮੇਰਾ ਮਨ ਨਹੀਂ ਲਗਦਾ ਸੀ,

56