ਪੰਨਾ:ਪਾਪ ਪੁੰਨ ਤੋਂ ਪਰੇ.pdf/108

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਵਾਲੀ ਕਮੇਟੀ ਦੀ ਅਗਵਾਈ ਕਰਦਾ ਹੋਇਆ ਕੇਸਰ ਸਿੰਘ ਵੀ ਪਕੜਿਆ ਗਿਆ।

ਤੀਹ ਦਿਨਾਂ ਦੀ ਵਿਥ ਪਿਛੋਂ ਜਦੋਂ ਕੇਸਰ ਸਿੰਘ ਜੇਲ੍ਹ ਵਿਚੋਂ ਛੁਟ ਕੇ ਆਇਆ ਤਾਂ ਉਹ ਇਤਨਾ ਬਦਲ ਚੁੱਕਾ ਸੀ, ਜਿਵੇਂ ਇਹ ਵਿੱਥ ਤੀਹ ਸਾਲਾਂ ਦੀ ਸੀ। ਤੀਹਾਂ ਦਿਨਾਂ ਵਿਚ ਹੀ ਉਹ ਬੁਢੇ ਤੋਂ ਬੁਢਾ ਝਰੀਠ ਹੋ ਗਿਆ ਸੀ, ਮਰੀਅਲ ਤੇ ਕਮਜ਼ੋਰ ਤੇ ਉਹ ਆਖ ਰਿਹਾ ਸੀ-

“ਯਾਰੋ! ਉਨਾਂ ਪਰਦੇਸੀਆਂ ਨੇ ਜ਼ੁਲਮ ਸਹਿ ਲਿਆ, ਪਰ ਆਪਣੇ ਤੇ ਉਨ੍ਹਾਂ ਕੋਲੋਂ ਵਧ ਗਏ ਨਾ। ਹੁਣ ਕੋਈ ਨਿਆਂ ਨਹੀਂ।"

ਦੋ ਦਿਨ ਕੇਸਰ ਸਿੰਘ ਆਪਣੇ ਘਰ ਹੀ ਬੈਠਾ ਰਿਹਾ। ਉਹ ਨਾ ਬਾਹਰ ਨਿਕਲਦਾ ਸੀ ਨਾ ਕਿਸੇ ਨਾਲ ਗੱਲ ਕਰਦਾ ਸੀ। ਉਹਦੀਆਂ ਧੀਆਂ ਲੋਕਾਂ ਲਈ ਸੂਈ ਸਲਾਈ ਦਾ ਕੰਮ ਕਾਰ ਕਰ ਛਡਦੀਆਂ ਸਨ ਤੇ ਘਰ ਦਾ ਗੁਜ਼ਾਰਾ ਤੋਰੀ ਜਾਂਦੀਆਂ ਸਨ।

ਤੀਸਰੇ ਦਿਨ ਇਕ ਹੋਰ ਘਟਨਾ ਵਾਪਰੀ। ਇਕ ਸਰਕਾਰੀ ਅਫਸਰ ਤਿੰਨ ਚਾਰ ਪੋਲੀਸ ਦੇ ਸਿਪਾਹੀ ਲੈ ਕੇ ਕੇਸਰ ਸਿੰਘ ਦੇ ਘਰ ਗਿਆ ਤੇ ਉਸ ਨੂੰ ਸਰਕਾਰੀ ਕਵਾਟਰ ਦਾ ਕਰਾਇਆ ਦੇਣ ਲਈ ਕਹਿਣ ਲੱਗਾ। ਕੇਸਰ ਸਿੰਘ ਨੇ ਆਖਿਆ, "ਮੇਰੇ ਕੋਲ ਕੋਈ ਪੈਸਾ ਧੇਲਾ ਨਹੀਂ।"

"ਤੁਸੀਂ ਕਦੋਂ ਦੇ ਇਥੇ ਰਹਿ ਰਹੇ ਹੋ? ਉਸ ਨੇ ਪੁਛਿਆ।

"ਸੱਤਾਂ ਮਹੀਨਿਆਂ ਤੋਂ।"

"ਤਾਂ ਤੁਹਾਨੂੰ ਪੰਜਾਹ ਰੁਪਏ ਮਹੀਨੇ ਦੇ ਅਨੁਸਾਰ ਸਾਢੇ ਤਿੰਨ ਸੌ ਰੁਪਿਆ ਦੇਣਾ ਪਵੇਗਾ।"

"ਮੇਰੇ ਕੋਲ ਤਾਂ ਹੈ ਨਹੀਂ।”

੧੦੭