ਘੁੰਮ ਰਹੇ ਜੋੜੇ,ਖ਼ਾਕੀ ਕਪੜਿਆਂ ਵਿਚ ਕੱਸੇ ਹੋਏ ਬਦੇਸ਼ੀ ਸਿਪਾਹੀ ਜਿਨ੍ਹਾਂ ਵਿਚੋਂ ਹਰ ਇਕ ਦੀ ਬਾਂਹ ਕਿਸੇ ਕੁੜੀ ਦੇ ਗਲ ਵਿਚ ਸੀ ਜਾਂ ਲੱਕ ਦੁਆਲੇ। ਗੋਰੀਆਂ, ਕਾਲੀਆਂ, ਸੁਨੱਖੀਆਂ, ਕੋਝੀਆਂ ਉਨਾਂ ਲਈ ਸਭ ਕੁੜੀਆਂ ਸਨ ਤੇ ਸਭ ਗਵਾਰਾਂ। ਉਸ ਜਿਵੇਂ ਨਿਰੇ ਮਿੱਟੀ ਦੇ ਬੁਤ ਬਣ ਗਈਆਂ ਸਨ, ਜੋ ਵਿਕ ਰਹੇ ਸਨ ਸਸਤੇ ਮਹਿੰਗੇ ਕਦੀ ਆਪਣੇ ਮੁਲ ਕਦੀ ਗਾਹਕ ਦੇ.......।
ਉਸ ਨੂੰ ਯਾਦ ਆ ਰਿਹਾ ਸੀ ਜੋ ਅੱਜ ਸ਼ਾਮ ਵੇਲੇ ਫ਼ੁਟ-ਪਾਥ ਤੋਂ ਲੰਘਦਿਆਂ ਉਸ ਨੇ ਸੁਣਿਆ ਸੀ, ਇਕ ਮੁੰਡਾ ਇਕ ਗੋਰੇ ਨੂੰ ਪੁਛ ਰਿਹਾ ਸੀ, ਬਿਨਾਂ ਕਿਸੇ ਝਿਜਕ ਦੇ: "ਬੀਬੀ ਮਾਂਗਟਾਂ ਸਾਹਿਬ? ਵੈਰੀ ਫ਼ਾਈਨ ਬੀਬੀ !"
"ਹੌ ਮਚ ਕਿਟਨਾ ?" ਸਾਹਿਬ ਬੋਲਿਆ।
"ਫ਼ਾਈਵ ਚਿਪ।"
“ਨੋ। ਡੇ ਰੁਪਿਆ-ਬਸ !"
"ਓ ਕੇ। ਟੀਕ ਹੈ ਸਾਹਿਬ।"
ਇਵੇਂ ਹੀ ਕਈ ਮਾਸੂਮ ਜਵਾਨੀਆਂ ਦੇ ਸੌਦੇ ਹੋ ਰਹੇ ਸਨ। ਪਿਆਰ ਤੁਲ ਰਿਹਾ ਸੀ ਚਾਂਦੀ ਦੀ ਤਕੜੀ ਵਿਚ। ਸੁੰਦਰਤਾ ਇਕ ਆਮ ਬਾਜ਼ਾਰੀ ਸੀ, ਜਿਸ ਨੂੰ ਰੁਪਿਆ ਖ਼ਰੀਦ ਸਕਦਾ ਸੀ, ਜ਼ਿੰਦਗੀ ਦੀਆਂ ਆਮ ਲੋੜਾਂ ਵਾਂਗ।
ਹਰ ਨਵਾਂ ਆਇਆ ਸਾਹਿਬ ਕਵਾਰੀ ਮੰਗਦਾ ਸੀ। ਜਦੋਂ ਉਹ ਇਕ ਮਿੱਟੀ ਦਾ ਬੁਤ ਆਪਣੇ ਨਾਲ ਲੈ ਕੇ ਚਲਾ ਜਾਂਦਾ ਸੀ ਤੇ ਦਲਾਲ ਮਗਰੋਂ ਆਪਸ ਵਿਚ ਖ਼ਿਆਲ ਵਟਾਂਦੇ ਸਨ।
"ਅਜ ਕਲ ਕਵਾਰੀ ਰਹਿ ਹੀ ਕਿਹੜੀ ਗਈ ਹੈ?"
"ਮਾਂ ਦੇ ਢਿੱਡ ਵਿਚ।"
"ਨਹੀਂ।"