ਪੰਨਾ:ਪਾਪ ਪੁੰਨ ਤੋਂ ਪਰੇ.pdf/18

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਪਿਆਰ-ਗੋਚਰੀ ਸਮਝ ਕੇ ਆਪਣੀ ਪ੍ਰੀਤਮਾ ਬਣਾ ਲਿਆ ਸੀ, ਸਗੋਂ ਉਸ ਦੀਆਂ ਕੁਰਬਾਨੀਆਂ ਦਾ ਉਸ ਪਾਸੋਂ ਹੋਰ ਕੋਈ ਜਵਾਬ ਨਹੀਂ ਸੀ ਬਣ ਆਇਆ। ਜੇ ਉਹ ਉਸ ਨੂੰ ਵੇਖ ਕੇ ਜੀਉਂਦੀ ਸੀ ਤਾਂ ਘਟੋ ਘਟ ਉਹ ਵੀ ਉਸ ਨੂੰ ਵੇਖ ਕੇ ਖੁਸ਼ ਜ਼ਰੂਰ ਹੁੰਦਾ ਸੀ। ਫੇਰ ਇਕ ਦਿਨ ਐਸਾ ਆਇਆ,ਜਦੋਂ ਕਵੀ ਨੇ ਵੇਖਿਆ ਕਿ ਉਸ ਦਾ ਸੁਪਨਾ ਸਚਮੁਚ ਸਾਕਾਰ ਹੋ ਰਿਹਾ ਸੀ। ਉਸ ਦੀ ਪ੍ਰੀਤਮਾਂ ਦੀਆਂ ਬਾਹਾਂ ਲਾਲ ਸੂਹੇ ਚੂੜੇ ਨੇ ਢਕ ਲਈਆਂ ਸਨ ਤੇ ਉਹ ਜਾ ਰਹੀ ਸੀ ਉਸ ਪਾਸੋਂ ਸਦਾ, ਸਦਾ ਲਈ ਕਿਤੇ ਦੂਰ।

ਆਪ ਮੁਹਾਰੇ ਹੀ ਰੋਸ਼ਨਦਾਨ ਦੇ ਛਜੇ ਤੇ ਬੈਠਾ ਹੋਇਆ ਕਬੂਤਰ ਬੋਲਿਆ, 'ਗੁਟਰ ਗੂੰ, ਗੁਟਰ ਗੂੰ!' ਕਵੀ ਦੇ ਮਨ ਵਿਚਲੀ ਖਲਾ ਵਿਚ ਜਿਵੇਂ ਗੂੰਜ ਉਠਿਆ, 'ਨਾ ਜਾ, ਰੁਕ ਜਾ। ਓ ਜਾਣ ਵਾਲੇ ਨਾ ਜਾ, ਰੁਕ ਜਾ।' ਪਰ ਉਹ ਕਿਉਂ ਨਾ ਜਾਵੇ, ਉਹ ਕਿਉਂ ਰੁਕੇ। ਪਿਆਰ ਦਾ ਅਰਥ ਕੋਈ ਬੰਧਨ ਥੋੜਾ ਹੈ। ਪ੍ਰੀਤ ਦੀ ਦੁਨੀਆਂ ਵਿਸ਼ਾਲ ਹੈ। ਉਸ ਦੀਆਂ ਸਰਹਦਾਂ ਬੇਪਨਾਹ ਹਨ। ਉਸ ਦੇ ਰਾਹ ਦੇ ਹਰ ਕਿਣਕੇ ਵਿਚ ਪ੍ਰੀਤਮ ਦੀ ਮੂਰਤੀ ਹੈ....ਤੇ ਉਸ ਨੂੰ ਇਉਂ ਜਾਪਿਆ ਜਿਵੇਂ ਸਚਮੁਚ ਪ੍ਰੀਤਮਾਂ ਰੁਕ ਗਈ ਸੀ। ਉਹ ਆਪਣੀ ਬਾਰ ਵਿਚ ਅਹਿਲ ਖੜੀ ਕਵੀ ਨੂੰ ਵੇਖ ਰਹੀ ਸੀ। ਜੋ ਕੁਝ ਲਿਖ ਰਿਹਾ ਸੀ।

ਉਸ ਨੇ ਆਪਣੀ ਬਾਰੀ ਦੀ ਚਿਕ ਨੂੰ ਹਲਕਾ ਜਿਹਾ ਟਕੋਰਿਆ। ਕਵੀ ਲਿਖਦਾ ਰਿਹਾ। ਉਹ ਉਸ ਨੂੰ ਬੁਲਾਣਾ ਚਾਹੁੰਦੀ ਸੀ। ਉਹ ਉਸ ਨੂੰ ਕੁਝ ਦਸਣਾ ਚਾਹੁੰਦੀ ਸੀ। ਉਸ ਨੇ ਇਕ ਵਾਰੀ ਫਿਰ ਚਿਕ ਨੂੰ ਠਕੋਰਿਆ। ਪਰ ਕਵੀ ਨੇ ਨਾ ਉਸ ਵੱਲ ਅੱਖ ਚੁੱਕ ਕੇ ਵੇਖਿਆ ਤੇ ਨਾ ਉਸ ਦੇ ਦਿਲ ਦੀ ਗਲ ਜਾਨਣ ਦਾ ਯਤਨ ਹੀ ਕੀਤਾ। ਉਹ ਸਦਾ ਵਾਂਗ ਲਿਖਦਾ ਰਿਹਾ।

੧੭