ਪੰਨਾ:ਪਾਪ ਪੁੰਨ ਤੋਂ ਪਰੇ.pdf/20

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਗਈ ਹੈ। ਇਹ ਰੰਗ ਉਸ ਦੇ ਦਿਲ ਅਤੇ ਦਿਮਾਗ ਨੂੰ ਰੰਗ ਗਿਆ ਹੈ। ਉਸ ਦੇ ਸਾਰੇ ਜੀਵਨ ਤੇ ਛਾ ਗਿਆ ਹੈ। ਉਸ ਦੀ ਸਾਰੀ ਜ਼ਿੰਦਗੀ ਤੇ ਇਸ ਰੰਗ ਦੀਆਂ ਛਿੱਟਾਂ ਹਨ ਜੋ ਵਿਸ਼ਾਲ ਪ੍ਰੀਤ-ਮਾਰਗ ਤੇ ਬਿਖਰੇ ਅਣ-ਗਿਣਤ ਕਿਣਕੇ ਬਣ ਗਈਆਂ ਹਨ, ਜਿਨ੍ਹਾਂ ਵਿਚ ਮੂਰਤੀ ਹੈ ਉਸ ਦੀ 'ਪ੍ਰੀਤਮਾ' ਦੀ।

ਕਵੀ ਨੇ ਅੱਖ ਚੁੱਕ ਕੇ ਪ੍ਰੀਤਮਾ ਵਲ ਵੇਖਿਆ। ਉਸ ਦਿਆਂ ਬੁਲ੍ਹਾਂ ਤੇ ਉਸ ਨੂੰ ਇਕ ਸਦੀਵੀ ਮੁਸਕਣੀ ਜਾਪੀ, ਇਕ ਅਜੇਹੀ ਮੁਸਕਣੀ ਜੋ ਸਦਾ 'ਕੰਵਾਰੀ ਮਰੀਅਮ' ਦਿਆਂ ਬੁਲ੍ਹਾਂ ਤੇ ਵੇਖੀ ਗਈ ਸੀ। ਉਸ ਨੇ ਇਕ ਦੁਧ ਚਿੱਟੀ ਸਾੜ੍ਹੀ ਬੰਨ੍ਹੀ ਹੋਈ ਸੀ ਤੇ ਉਸ ਵੇਲੇ ਆਪਣੀ ਬਾਰੀ ਵਿਚ ਖਲੋਤੀ ਉਹ ਕੋਈ ਸਚਮੁਚ ਦੀ ਅਪੱਛਰਾਂ ਜਾਪ ਰਹੀ ਸੀ, ਜੋ ਸਵਰਗ ਪੁਰੀ ਵਿੱਚੋਂ ਆਈ ਸੀ, ਜਿਸ ਨੇ ਕੋਈ ਫ਼ਾਨੀ ਸ਼ਹਿਜ਼ਾਦਾ ਵੇਖ ਲਿਆ ਸੀ ਤੇ ਮੁੜ ਉਡਣਾ ਭੁਲ ਗਈ ਸੀ। ਉਹ ਲਿਜ਼ਾ ਮੂਨਾ ਦੇ ਦੁਧ ਚਿਟੇ ਮੁਜੱਸਮੇ ਵਾਂਗ ਖੜੀ ਮੁਸਕਰਾ ਰਹੀ ਸੀ, ਤੇ ਕਵੀ ਨੂੰ ਇਉਂ ਭਾਸਿਆ ਜਿਵੇਂ ਮਾਈਕਲ ਐਂਜਲੋ ਨੇ ਇਕ ਸਫ਼ੈਦ ਮਰਮਰੀਂਂ ਬੁਤ ਘੜਿਆ ਹੈ, ਜਿਸ ਦਾ ਨਾਉਂ ਸ਼ਾਇਦ ਉਹ 'ਵੀਨਸ' ਰਖੇਗਾ, ਤੇ ਫੇਰ ਨਾ ਜਾਣੇ ਕਿਉਂ ਉਹ ਉਸ ਨੂੰ ਇਕ ਲਾਸ਼ ਜਾਪੀ, ਸਿਰ ਤੋਂ ਪੈਰਾਂ ਤੀਕ ਸਫੈਦ ਕਫਨ ਵਿਚ ਲਿਪਟੀ ਹੋਈ ਲਾਸ਼। ਪਰ ਉਹ ਸੁੰਦਰ ਸੀ। ਉਸ ਦੇ ਦੁਆਲੇ ਇਕ ਨੂਰ ਦਾ ਹਾਲਾ ਸੀ, ਜੋ ਆਪ ਈਸਾ ਮਸੀਹ ਦਾ ਚਾਨਣ ਸੀ। ਉਸ ਦੀ ਮੁਸਕਣੀ ਈਸਾ ਮਸੀਹ ਦੀ ਮੁਸਕਣੀ ਸੀ ਤੇ ਉਸ ਦੀ ਸੁੰਦਰਤਾ ਈਸਾ ਮਸੀਹ ਦੀ ਸੁੰਦਰਤਾ! ਕਵੀ ਕੋਲ ਸਵਾਏ ਆਪਣੀ ਕਲਮ ਦੇ, ਜਿਸ ਵਿਚ ਕਿ ਸਿਆਹੀ ਸੀ, ਹੋਰ ਕੁਝ ਵੀ ਨਹੀਂ ਸੀ। ਉਸ ਨੇ ਆਪਣੀ ਕਲਮ ਨੂੰ ਆਪਣੇ ਹਥ ਵਿਚ ਉਲਟਾ ਫੜਿਆ ਤੇ ਦੋ

੧੯