ਪੰਨਾ:ਪਾਪ ਪੁੰਨ ਤੋਂ ਪਰੇ.pdf/29

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ

ਮਨ ਅੰਦਰੋਂ ਇਹ ਗਲ ਮੰਨਣੋਂ ਇਨਕਾਰ ਕਰਦਾ ਸੀ।

ਆਖ਼ਰ ਇਕ ਦਿਨ ਮੈਂ ਆਪਣੇ ਆਪ ਨੂੰ ਮਨਾ ਹੀ ਲਿਆ, 'ਉਹ ਮੈਥੋਂ ਵਡੀ ਹੈ।’ ਤੇ ਜਦੋਂ ਮੈਂ ਆਪਣਾ ਫ਼ੈਸਲਾ ਉਸ ਨੂੰ ਸੁਣਾਇਆ, ਉਹ ਬਹੁਤ ਹੱਸੀ। ਉਸ ਘਟ ਕੇ ਮੈਨੂੰ ਆਪਣੀ ਜੱਫੀ ਵਿਚ ਲੈ ਲਿਆ ਤੇ ਫਿਰ ਇਕ ਦਮ ਮੇਰਾ ਮੂੰਹ ਚੁੰਮ ਕੇ ਬੋਲੀ, 'ਤੂੰ ਕਿੱਡਾ ਚੰਗਾ ਏਂ! ਉਸ ਵੇਲੇ ਉਸ ਦੀਆਂ ਅੱਖੀਆਂ ਕਿਸੇ ਲਾਸਾਨੀ ਰੌਸ਼ਨੀ ਨਾਲ ਚਮਕ ਉਠੀਆਂ। ਉਸ ਤੋਂ ਇਕ ਥਰਥਰੀ ਜਿਹੀ ਛਾ ਗਈ ਤੇ ਮੈਨੂੰ ਕੇਵਲ ਇਉਂ ਭਾਸ ਰਿਹਾ ਸੀ, ਜਿਵੇਂ ਕੋਈ ਮੇਰੇ ਅੰਦਰ ਅੱਗ ਬਾਲ ਬਾਲ ਕੇ ਮੇਰਾ ਲਹੂ ਖੌਲਾ ਰਿਹਾ ਸੀ। ਮੇਰੀਆਂ ਗਲ੍ਹਾਂ ਇਤਨੀਆਂ ਲਾਲ ਹੋ ਗਈਆਂ ਸਨ, ਜਿਵੇਂ ਲਹੂ ਉਨ੍ਹਾਂ ਚੋਂ ਹੁਣੇ ਹੀ ਚੋ ਪਵੇਗਾ।

ਤੇ ਉਸ ਤੋਂ ਪਿਛੋਂ ਇਕ ਅਜੀਬ ਤਬਦੀਲੀ ਆ ਗਈ ਸੀ ਉਸ ਵਿਚ-ਹੁਣ ਉਹ ਕਦੀ ਵੀ ਮੇਰੇ ਨਾਲ ਲੜਦੀ ਨਹੀਂ ਸੀ। ਮੈਂ ਜੋ ਕੁਝ ਵੀ ਉਸਨੂੰ ਆਖਦਾ ਸੀ ਉਹ ਮੰਨ ਜਾਂਦੀ ਸੀ। ਕਈ ਵਾਰੀਂਂ ਮੇਰੀਆਂ ਝੂਠੀਆਂ ਤੇ ਮਨ-ਘੜਤ ਕਹਾਣੀਆਂ ਵਿਚ ਉਹ ਇੰਨੀ ਦਿਲਚਸਪੀ ਲੈਂਦੀ ਜਾਪਦੀ ਜਿਵੇਂ ਉਸ ਲਈ ਸਭ ਤੋਂ ਜ਼ਰੂਰੀ ਚੀਜ਼ ਹੀ ਉਹੋ ਸੀ ਸਾਰੇ ਜ਼ਮਾਨੇ ਵਿਚ। ਉਸ ਕਦੀ ਵੀ ਹੁਣ ਮੇਰਾ ਕੋਈ ਝੂਠੀ ਗਲ ਪੜਤਾਲੀ ਨਹੀਂ ਸੀ। ਕਦੀ ਮੇਰੀ ਸ਼ਕਾਇਤ ਨਹੀਂ ਸੀ ਲਾਈ ਤੇ ਸਚ ਹੈ ਹੁਣ ਉਹ ਮੈਨੂੰ ਚੰਗੀ ਵੀ ਬਹੁਤ ਲਗਦੀ ਸੀ। ਉਸ ਦੇ ਸਾਹਮਣੇ ਝੂਠ ਬੋਲਣ ਲਗਿਆਂ ਹੁਣ ਮੈਨੂੰ ਸ਼ਰਮ ਆ ਜਾਂਦੀ ਸੀ।

ਉਹ ਇਕ ਹਲਕੇ ਸਾਂਵਲੇ ਰੰਗ ਦੀ ਗਿੱਠੀ ਜਹੀ ਗੋਲਮਟੋਲ ਕੁੜੀ ਸੀ, ਜਿਹੜੀ ਮੇਰੇ ਤੋਂ ਦੋ ਸਾਲ ਵੱਡੀ ਸੀ। ਉਹ ਮੇਰੀ ਮਾਸੀ ਦੀ ਧੀ ਸੀ। ਮੇਰੀ ਮਾਸੀ ਨੂੰ ਪੂਰੇ ਹੋਏ ਸਤ ਸਾਲ ਹੋ ਗਏ ਸਨ।

੨੮