ਪੰਨਾ:ਪਾਪ ਪੁੰਨ ਤੋਂ ਪਰੇ.pdf/36

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਝੋਲੀ ਵਿਚ ਲੈ ਕੇ ਪਿਆਰ ਕਰਨ ਲੱਗ ਗਿਆ। ਉਸ ਵੇਲੇ ਮੈਂ ਵੇਖਿਆ ਕਿਸੇ ਨੇ ਡਿਉੜੀ ਦਾ ਬੂਹਾ ਖੋਲ੍ਹਿਆ। ਇਹ ਮੁੰਨੀ ਸੀ, ਜਿਹੜੀ ਬਲਦਾਂ ਨੂੰ ਜੂਠੇ ਟੁਕਰ ਪਾ ਕੇ ਮੁੜ ਰਹੀ ਸੀ। ਇਕ ਪਲ ਲਈ ਉਹ ਮੇਰੇ ਪਾਸ ਆ ਕੇ ਰੁਕ ਗਈ। ਉਸ ਦੀਆਂ ਅੱਖੀਆਂ ਵਿਚ ਫਿਰ ਉਹੀ ਪੁਰਾਣੀ ਦਯਾ ਅਤੇ ਰਹਿਮ ਸੀ। ਜਿਵੇਂ ਮੇਰੇ ਸਰਹਾਣੇ ਖੜੀ ਹੋ ਕੇ ਆਖਣ ਆਈ ਸੀ— 'ਵਿਚਾਰਾ!’ -ਤੇ ਖੌਰੇ ਮਨ ਵਿਚ ਸੋਚ ਰਹੀ ਸੀ, 'ਨਹੀਂ, ਤੂੰ ਨਹੀਂ ਜਾਣਦਾ।' ਪਰ ਮੈਂ ਚੰਗੀ ਤਰ੍ਹਾਂ ਜਾਣਦਾ ਸਾਂ, 'ਪਠੋ' ਨੂੰ ਬਾਬੂ ਨੇ ਲਤ ਮਾਰੀ ਸੀ ਤੇ ਹੁਣ ਉਹ ਚਿਚਲਾ ਰਹੀ ਸੀ। ਮੈਂ ਉਸ ਦੀ ਕੋਈ ਪ੍ਰਵਾਹ ਨਾ ਕੀਤੀ ਤੇ ਉਹ ਅੰਦਰ ਚਲੀ ਗਈ।

ਮੈਂ ਸੋਚਦਾ ਰਿਹਾ ਆਖਰ ਇਹ ਸਾਰੇ ਲੋਕ ਮੇਰੇ ਨਾਲ ਪਿਆਰ ਦਾ ਵਰਤਾ ਕਿਉਂ ਨਹੀਂ ਕਰਦੇ। ਮੈਨੂੰ ਕੋਈ ਵੀ ਚੰਗਾ ਨਹੀਂ ਜਾਣਦਾ। ਮਾਂ, ਬਾਬੂ ਤੇ ਫਿਰ ਮੁੰਨੀ-ਉਹ ਤਾਂ ਜਿਵੇਂ ਘਿਰਣਾ ਕਰਦੀ ਹੈ-ਅਗ ਲੈਣ ਆਈ ਤੇ ਘਰ ਵਾਲੀ ਬਣ ਬੈਠੀ—— ਮੈਨੂੰ ਉਸ ਵੇਲੇ ਉਸ ਤੋਂ ਅਤਿ ਨਫ਼ਰਤ ਜਹੀ ਹੁੰਦੀ ਜਾਪੀ।

ਮੈਂ ਉਸੇ ਤਰ੍ਹਾਂ ਬੈਠਾ ਰਿਹਾ। ਮੇਰੀਆਂ ਕਿਤਾਬਾਂ ਉਵੇਂ ਹੀ ਖਿਲਰੀਆਂ ਰਹੀਆਂ। ਮੈਂ ਉਸ ਵੇਲੇ ਏਹਨਾਂ ਸਾਰਿਆਂ ਤੋਂ ਦੂਰ ਸਾਂ, ਬਹੁਤ ਦੂਰ। ਮੈਂ ਨਹੀਂ ਸੀ ਜਾਣਦਾ ਮੌਲਵੀ ਸਾਹਿਬ ਦੀ ਬਹਿਲੀ ਹੁੰਦੀ ਹੈ ਕਿ ਪੰਡਤ ਜੀ ਦੀ। ਮੈਨੂੰ ਭੁਲ ਚੁਕਾ ਸੀ ਇੰਚਾਂ ਵਿਚ ਫੁਟ ਹੁੰਦੇ ਹਨ ਕਿ ਫੁਟਾਂ ਵਿਚ ਗਜ਼। ਮੇਰੇ ਸਾਹਮਣੇ ਕੁਲ ਦੁਨੀਆ ਇਕ ਲਾਟੂ ਵਾਂਗ ਘੁਮ ਰਹੀ ਸੀ। ਮੈਂ ਖ਼ਾਮੋਸ਼ ਬੈਠਾ ਹੋਇਆ ਆਪਣੀ ਪਠੋ ਸਣੇ ਉਸ ਨੂੰ ਤਕ ਰਿਹਾ ਸਾਂ।

ਝਟ ਹੀ ਮੈਨੂੰ ਇਉਂ ਭਾਸਿਆ ਜਿਵੇਂ ਕਿਸੇ ਦੀਆਂ ਉਂਗਲੀਆਂ ਮੇਰੇ ਮੋਢੇ ਨੂੰ ਹੌਲੀ ਜਹੀ ਛੂਹ ਗਈਆਂ ਹਨ।

੩੫