ਮੈਂ ਪਿਛੇ ਮੁੜ ਕੇ ਦੇਖਿਆ ਤਾਂ ਮੁੰਨੀ ਖੜੀ ਸੀ। ਕਿਸੇ ਪਥਰ ਵਾਂਗ ਚੁਪ ਖੜੀ ਹੋਈ ਉਹ ਮੈਨੂੰ ਆਪਣੀ ਉਮਰ ਤੋਂ ਕਈ ਗੁਣਾਂ ਵਡੀ ਜਾਪ ਰਹੀ ਸੀ। ਉਹ ਉਸ ਜਾਦੂ ਦੀ ਬੂਟੀ ਵਾਂਗ ਸੀ, ਜਿਹੜੀ ਇਕ ਦਮ ਇਕ ਵੱਡਾ ਸਾਰਾ ਰੁਖ ਬਣ ਜਾਂਦਾ ਹੈ, ਜਿਸ ਦੀ ਛਾਂ ਠੰਢੀ ਤੇ ਘਣੀ ਹੁੰਦੀ ਹੈ ਅਤੇ ਤਣਾ ਮਜ਼ਬੂਤ, ਜਿਹੜਾ ਕਲਾਵੇ ਵਿਚ ਵੀ ਵਲਿਆ ਨਾ ਜਾ ਸਕੇ। ਉਹ ਮੇਰੇ ਕਿਤਨੇ ਨੇੜੇ ਖੜੀ ਸੀ, ਪਰ ਮੈਂ ਫਿਰ ਵੀ ਉਸ ਦਾ ਮੂੰਹ ਨਹੀਂ ਸਾਂ ਤਕ ਸਕਦਾ। ਜਾਪਦਾ ਸੀ ਜਿਵੇਂ ਮੇਰੀਆਂ ਅਖਾਂ ਧੁੰਦਲਾ ਗਈਆਂ ਸਨ।
ਬੜੀ ਮੁਸ਼ਕਲ ਨਾਲ ਮੈਂ ਵੇਖ ਸਕਿਆ ਉਸ ਦੇ ਹਥ ਵਿਚ ਇਕ ਦੁਧ ਦਾ ਗਲਾਸ ਸੀ ਜਿਹੜਾ ਉਸ ਬਿਨਾਂ ਕੁਝ ਮੂੰਹੋਂਂ ਬੋਲੇ ਮੇਰੇ ਵਲ ਵਧਾ ਦਿਤਾ।
'ਮੈਨੂੰ ਨਹੀਂ ਚਾਹੀਦਾ' ਤੇ ਮੈਂ ਉਸ ਨੂੰ ਗੁਸੇ ਨਾਲ ਧੱਕਾ ਦਿਤਾ। ਗਲਾਸ ਉਸ ਦੇ ਹਥੋਂ ਛੁਟ ਗਿਆ ਤੇ ਮੇਰਾ ਹਥ ਫਿਸਲਦਾ ਹੋਇਆ ਬੜੇ ਜ਼ੋਰ ਨਾਲ ਉਸਦੀ ਛਾਤੀ ਤੇ ਮੂੰਹ ਨੂੰ ਛੂਹ ਗਿਆ। ਮੈਨੂੰ ਇਕ ਪਲ ਲਈ ਇਉਂ ਭਾਸਿਆ,ਜਿਵੇਂ ਇਕ ਦਮ ‘ਪਠੋ’ ਨੇ ਮੇਰਾ ਹੱਥ ਚਟ ਲਿਆ ਸੀ, ਆਪਣੀ ਗਰਮ ਤੇ ਨਰਮ, ਜੀਭ ਨਾਲ। ਤੇ ਉਹ ਇਕ ਦਮ ਦੂਹਰੀ ਹੋ ਗਈ, ਜਿਵੇਂ ਕਿਸੇ ਨੇ ਉਸ ਦੀ ਦੁਖਦੀ ਰਗ ਨਪ ਦਿਤੀ ਸੀ। ਫ਼ਰਸ਼ ਤੇ ਬੈਠ ਕੇ ਉਸ ਆਪਣੀਆਂ ਦੋਵੇਂ ਬਾਹਵਾਂ, ਇਕ ਚਰਖੜੀ ਦੀ ਸ਼ਕਲ ਵਿਚ ਆਪਣੀ ਛਾਤੀ ਤੇ ਰੱਖ ਲਈਆਂ ਤੇ ਓਹਨਾਂ ਤੇ ਪੂਰੀ ਝੁਕ ਗਈ। ਇਉਂ ਜਾਪਦਾ ਸੀ ਜਿਵੇਂ ਉਹ ਰੋ ਰਹੀ ਸੀ, ਬਿਨਾਂ ਅਵਾਜ਼ ਤੋਂ। ਉਸ ਦੇ ਚਿਹਰੇ ਉਤੇ ਦੁਖ ਤੇ ਪੀੜ ਦੇ ਚਿਨ੍ਹ ਸਾਫ਼ ਭਾਸ ਰਹੇ ਸਨ।
ਮੈਂ ਨਾ ਕੁਝ ਸਮਝ ਸਕਿਆ, ਨਾ ਸੋਚ ਸਕਿਆ।
ਤੇ ਪਤਾ ਨਹੀਂ ਝਟ ਹੀ ਉਥੇ ਬਾਬੂ ਕਿਵੇਂ ਆ ਗਿਆ,
੩੬