ਇਕ ਅਜੀਬ ਘਟਨਾ ਵਾਪਰੀ--ਉਹ ਮਾਂ ਨਾ ਬਣ ਸਕੀ। ਕਿਸੇ ਨੇ ਉਸ ਨੂੰ ਜ਼ਹਿਰ ਦੇ ਦਿਤਾ ਸੀ, ਤੇ ਉਹ ਮੇਰੀ ਗੋਦੀ ਵਿਚ ਵਿਲਕ ਵਿਲਕ ਕੇ ਸੌਂ ਗਈ, ਸਦਾ ਲਈ!
ਮੈਂ ਮੁੜ ਇਕੱਲਾ ਹੋ ਗਿਆ ਸਾਂ। ਪਤਾ ਨਹੀਂ ਕਿਉਂ। ਮੈਨੂੰ ਨਾ ਸੂਰਜ ਡੁਬਦਾ ਜਾਪਦਾ ਸੀ ਨਾ ਚੜ੍ਹਦਾ। ਤਾਰੇ ਵੀ ਹੁਣ ਸੁੰਦਰ ਨਹੀਂ ਸਨ ਰਹੇ, ਤੇ ਆਪ-ਮੁਹਾਰੀ ਧਰਤੀ ਮੇਰੇ ਸਾਹਮਣੇ ਘੁੰਮਦੀ ਰਹਿੰਦੀ ਸੀ ਇਕ ਗੇਂਦ ਵਾਂਗ।
ਤੇ ਇਕ ਦਿਨ ਮੁੜ ਮੈਂ ਆਪਣੇ ਘਰ ਦੇ ਬੂਹੇ ਤੇ ਸਾਂ। ਦੂਰੋਂ ਵਿਹੜੇ ਦੀਆਂ ਦੋਵੇਂ ਕੰਧਾਂ ਮੈਨੂੰ ਮਾਂ ਵਾਂਗ ਬਾਹਵਾਂ ਟੱਡੀ ਜਾਪ ਰਹੀਆਂ ਸਨ। ਖੁਰਲੀਆਂ ਕੋਲ ਬੈਠਾ ਹੋਇਆ ਬਾਬੂ ਇਕ ਕਿੱਲਾ ਠੋਕ ਰਿਹਾ ਸੀ। ਪੁਰਾਣੀ ਚਾਬਕ ਹੁਣ ਵੀ ਉਸ ਦਿਆਂ ਮੋਢਿਆਂ ਤੇ ਸੀ। ਉਸ ਦੇ ਹਥ ਬਹੁਤ ਹੌਲੀ ਹੌਲੀ ਹਿਲਦੇ ਸਨ। ਉਹ ਬਹੁਤ ਥਕਿਆ ਹੋਇਆ ਸੀ, ਹੰਡਿਆ ਤੇ ਘਸਿਆ ਹੋਇਆ। ਉਸ ਦੇ ਬਲਦਾਂ ਦੀ ਜੋੜੀ ਵੀ ਬਹੁਤ ਕਮਜ਼ੋਰ ਤੇ ਬੀਮਾਰ ਜਾਪਦੀ ਹੈ। ਉਸ ਦੀ ਚਿਤਕਬਰੀ ਦਾੜ੍ਹੀ ਤੇ ਲੰਮੀਆਂਂ ਲੰਮੀਆਂ ਮੁੱਛਾਂ ਉਸ ਨੂੰ ਬਾਪੂ ਨਾਲੋਂ ਵੀ ਬੁਢਾ ਬਣਾ ਰਹੀਆਂ ਸਨ।
'ਬਾਬੂ'! ਮੇਰੇ ਮੂੰਹੋਂ ਨਿਕਲਿਆ। ਉਸ ਨਾ ਮੇਰੇ ਵਲ ਤਕਿਆ ਨਾ ਮੈਨੂੰ ਉਤਰ ਹੀ ਦਿੱਤਾ। ਮੈਂ ਜਾਤਾ, ਸ਼ਾਇਦ ਉਹ ਅਜੇ ਵੀ ਮੇਰੇ ਨਾਲ ਗੁਸੇ ਹੈ। ਮੈਂ ਅੰਦਰ ਚਲਾ ਗਿਆ।
'ਮਾਂ' ਮੈਂ ਆਵਾਜ਼ ਦਿਤੀ। ਕੋਈ ਉੱਤਰ ਨਾ ਆਇਆ। ਕੇਵਲ ਮੇਰੀ ਆਵਾਜ਼ ਪੁਰਾਣੀਆਂ ਛੱਤਾਂ ਹੇਠ ਗੂੰਜਦੀ ਰਹੀ।
'ਮੁੰਨੀ'! ਕੋਈ ਉੱਤਰ ਨਾ ਆਇਆ।
ਮੈਂ ਵੇਖਿਆ ਗਵਾਂਢੀ ਮਾਸਟਰ ਦੇ ਕੋਠੇ ਤੇ ਕੋਈ