ਸਮੱਗਰੀ 'ਤੇ ਜਾਓ

ਪੰਨਾ:ਪਿਆਰੇ ਜੀਓ – ਭਾਈ ਵੀਰ ਸਿੰਘ.pdf/103

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਹੇ ਅਚੁਤ ਹੇ ਪਾਰਬ੍ਰਹਮ ਅਬਿਨਾਸੀ ਅਘ ਨਾਸ॥
ਹੇ ਪੂਰਨ ਹੇ ਸਰਬਮੇ ਦੁਖ ਭੰਜਨ ਗੁਣਤਾਸ॥
ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ॥
ਹੇ ਗੋਬਿੰਦ ਹੇ ਗੁਣਨਿਧਾਨ ਜਾਕੈ ਸਦਾ ਬਿਬੇਕ॥
ਹੇ ਅਪਰੰਪਰ ਹਰਿ ਹਰੇ ਹਹਿ ਭੀ ਹੋਵਨਹਾਰ॥
ਹੇ ਸੰਤਹ ਕੈ ਸਦਾ ਸੰਗਿ ਨਿਧਾਰਾ ਆਧਾਰੁ॥
ਹੇ ਠਾਕੁਰ ਹਉ ਦਾਸਰੋ ਮੈ ਨਿਰਗੁਨ ਗੁੰਨੁ ਨਹੀ ਕੋਇ॥
ਨਾਨਕ ਦੀਜੈ ਨਾਮ ਦਾਨੁ ਰਾਖਉ ਹੀਐ ਪਰੋਇ॥

(ਗਉ:ਬਾਵਨ: 55)

ਹਾਂ

ਨਾਨਕ ਦੀਜੈ ਨਾਮ ਦਾਨੁ ਰਾਖਉ ਹੀਐ ਪਰੋਇ॥

ਦੂਜੀ ਗਲ ਕਰਨ ਵਾਲੀ ਇਹ ਹੈ ਕਿ ਆਪ ਦੀ ਸੰਤ ਮਾਤਾ ਵਾਹਿਗੁਰੂ ਜੀ ਦਾ ਨਾਮ ਸਿਮਰਦੀ ਰਸ ਮਾਣਦੀ, ਸਹਿ ਸੁਭਾ ਜਗਤ ਦਾ ਭਲਾ ਕਰਦੀ ਸੀ। ਅਨੇਕ ਦੁਖੀਆਂ ਨੂੰ, ਸੁਫੇਦ ਪੋਸ਼ ਲੋੜਵੰਦਾਂ ਨੂੰ ਉਹ ਗੁਪਤ ਮਦਦ ਦਿਤਾ ਕਰਦੀ ਸੀ ਤੇ ਦੋ ਕੇ ਜਾਣਿਆ ਨਹੀਂ ਸੀ ਕਰਦੀ। ਸੋ ਤੁਸੀਂ ਬੀ ਇਹ ਗੁਣ ਧਾਰਨ ਕਰੋ, ਉਨਾਂ ਦੇ ਵਿਛੋੜੇ ਦੇ ਵੈਰਾਗ ਤੋਂ ਇਹ ਸੁਮੱਤ ਲਵੋ ਕਿ ਅਪਨੇ ਜੀਵਨ ਨੂੰ ਉਨਾਂ ਦੇ ਨਕਸ਼ੇ ਪਰ ਢਾਲੋ।

ਬਾਣੀ ਨਾਲ ਪਿਆਰ ਅਗੇ ਨਾਲੋਂ ਵਧੇ ਪਹਿਲਾ ਕੰਮ ਹੈ ਇਹ, ਨਾਮ ਨਾਲ ਸ਼ੋਕ ਵਧੇ, ਨਾਮ ਸਿਮਰਨ ਤੇ ਸਿਮਰਨ ਲਿਵ ਦੀ ਸ਼ਕਲ ਪਕੜੇ ਦੂਸਰਾ ਕੰਮ ਇਹ ਹੈ।ਜਿਨ੍ਹਾਂ ਲੋੜ ਵੰਦਾਂ ਨੂੰ ਸੰਤ ਮਾਤਾ ਦੇ ਹਥੋਂ ਸਹਾਯਤਾ ਪਹੁੰਚਦੀ ਸੀ ਹੁਣ ਆਪ ਤੋਂ ਪਹੁੰਚੇ ਤੀਜਾ ਕੰਮ ਇਹ ਹੈ।

ਧਨ ਦਾ ਇਹ ਵਰਤਾਉ ਤਾਂ ਅਪਨਾ ਸੁਖ ਹੈ ਪਰ ਬਹੁਤੀ ਵਾਲੇ ਦੇ ਸਿਰ ਦੁਖ ਹਰਨ ਦੀ, ਦੁਖੀਆਂ ਦੇ ਦੁਖ ਦੂਰ ਕਰਨ ਦੀ ਇਕ ਤਰ੍ਹਾਂ ਇਖਲਾਕੀ ਜ਼ਿੰਮੇਵਾਰੀ ਹੁੰਦੀ। ਉਧਰ ਧਨ ਦਾ ਸਫਲ ਵਰਤਾਓਂ ਹੋਣਾ ਚਾਹੀਏ। ਦਾਨ ਕਰਨਾ ਬੜਾ ਕਠਨ ਕੰਮ ਹੈ। ਅਕਸਰ ਅਸੀਂ ਅਪਨੀ ਹਉਂ ਨੂੰ ਪੱਠੇ ਪਾਉਣ ਵਾਸਤੇ ਦਾਨ ਕਰਦੇ ਹਾਂ। ਜਗਤ ਨੂੰ ਲਾਭ ਘਟ ਹੁੰਦਾ ਹੈ। ਕਈ ਵੇਰ ਕੁਛ ਹਉਂ ਵਧ ਜਾਂਦੀ ਹੈ ਤੇ ਵਰਤਾਉ ਵਿਚ ਹੈਂਕੜ ਆ ਜਾਂਦਾ ਹੈ। ਦਾਨ ਇਸ ਵਾਸਤੇ ਦੇਣਾ ਚਾਹੀਏ ਕਿ ਜਗਤ ਵਿਚ ਪਦਾਰਥ ਦੀ ਵੰਡ ਇਕ ਸਾਰ ਨਹੀਂ ਹੈ, ਜਿਨ੍ਹਾਂ ਨੂੰ ਸਾਈਂ ਨੇ ਦਿੱਤਾ ਹੈ ਓਹ ਅਗੋਂ ਦੇ ਕੇ ਸੁਖ ਮਨਾਉਣ, ਉਹ ਜੋ ਬਹੁਤੇ ਵਿਰਸੇਦਾਰ ਬਣੇ ਹਨ ਤਾਂ ਉਹ ਬਹੁਤੇ ਦਾਨੀ ਹੋਣ, ਧਨ ਦਾ ਮਤਲਬ ਸੁਖ ਹੈ, ਸੋ ਇਸ ਜਗਤ ਵਿਚ ਦੁਖ ਬਹੁਤ ਹੈ ਉਸ ਵਿਚ ਦੁਖੀਆਂ ਦੇ ਦੁਖ ਹਰਨ ਵਿਚ ਧਨ ਦਾ ਖਰਚ ਹੋਣਾ ਧਨ ਦੇ ਪ੍ਰਯੋਜਨ ਦੇ ਸਿਰੇ ਚੜ੍ਹਨਾ ਹੈ ਤੇ ਇਹ ਹੀ ਧਨ ਦੀ ਸਫਲਤਾ ਹੈ, ਪਰ ਧਨ ਐਉਂ ਨ ਦੇਵੇ ਕਿ ਮੈਂ ਦਾਤਾ ਹਾਂ, ਐਉਂ ਦੇਵੇ ਕਿ ਮੈਂ ਸਾਈਂ ਦੇ ਦਰ ਦਾ ਮੰਗਤਾ ਹਾਂ, ਮੈਨੂੰ ਉਥੋਂ ਖੈਰ ਪੈਂਦੀ ਹੈ। ਮੇਰੇ ਪਾਸ ਮੇਰੀਆਂ ਲੋੜਾਂ ਤੋਂ ਵੱਧ ਹੈ ਸੋ ਮੈਂ ਇਸਨੂੰ ਸਫਲ ਕਰਾਂ। ਦੂਸਰੇ ਦੇਣਾ ਆਪਣੇ ਆਪ ਨੂੰ ਦੇਣਾ ਹੈ। ਕਿਉਂਕਿ ਉਹੋ ਜੋਤਿ ਦੂਸਰੇ ਵਿਚ ਜੋ ਅਪਨੇ ਵਿਚ ਹੈ। ਜਦ ਜੋਤਿ ਦੀ ਏਕਤਾ ਹੈ ਤਾਂ ‘ਸਰੀਰ’ ਦੀ ਤੇ ‘ਹਉਂ' ਦੀ ਜੋ ਦੂਰੀ ਹੈ ਇਹ ਭੁਲੇਵਾ।

ਪਿਆਰੇ ਜੀਓ

117