ਸਮੱਗਰੀ 'ਤੇ ਜਾਓ

ਪੰਨਾ:ਪਿਆਰੇ ਜੀਓ – ਭਾਈ ਵੀਰ ਸਿੰਘ.pdf/124

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਨਾਨਕ ਦੇਵ' ਤੇ ਅੱਖਾਂ ਜਲ ਨਾਲ ਭਰ ਜਾਣ ਤੇ ਸਰੀਰ ਲੂੰ-ਕੰਡੇ ਹੋ ਜਾਣ ਤੇ ਕਲੋਜੇ ਵਿਚ ਪ੍ਰੀਤਮ ਗੁਰੂ ਨਾਨਕ ਜੀ ਦੇ ਮਿਲਣ ਦੀ ਖਿੱਚ ਤੁਣੁਕਾ ਦੇ ਜਾਵੇ, ਤਾਂ ਜਨਮ ਸਫਲ ਹੈ। ਜਿਸ ਨੂੰ ਇਕ ਵਾਰ ਐਸਾ ਸਮਾਂ ਲੰਘ ਗਿਆ ਹੈ ਉਸ ਦੇ ਅੰਦਰ ਪਿਆਰਾ ਜ਼ਰੂਰ ਵੱਸੇਗਾ।

ਗੁਰੂ ਨਾਨਕ ਜੀਵਨ ਸ਼ਕਤੀ ਹੈ। ਗੁਰ ਨਾਨਕ ਜੀਉਂਦਾ ਜਾਗਦਾ ਪ੍ਰੀਤਮ ਹੈ, ਗੁਰ ਨਾਨਕ ਮਨੁੱਖ ਬਣਕੇ ਸੰਸਾਰ ਤਾਰਨ ਆਇਆ ਹੈ। ਓਹ ਹੁਣ ਬੀ ਆਪਣੇ ਪ੍ਰੇਮੀਆਂ ਦਾ ਪ੍ਰੀਤਮ ਓਸੇ ਤਰ੍ਹਾਂ ਹੈ। ਓਸ ਨਾਲ ਨੇਹੁੰ ਜਿਸ ਦਾ ਲੱਗ ਗਿਆ:-

ਸੋ ਸੁਖੀਆ ਧੰਨੁ ਉਸੁ ਜਨਮਾ ਨਾਨਕ ਤਿਸੂ ਬਲਿਹਾਰੀ॥

(ਟੋਡੀ ਮਹਲਾ 5)

ਜੇ ਲੋੜ ਹੈ ਤਾਂ ਇੱਕੋ ਲੋੜ ਲੋੜੇ, ਜੇ ਤਾਂਘ ਹੈ ਤਾਂ ਇਕੱ ਤਾਂਘ ਤਾਂਘੋ, ਅਰ ਉਹ ਕੀਹ? ਗੁਰੂ ਨਾਨਕ ਪ੍ਰੇਮ ਦੀ ਰਿਜ਼ਮ ਅੰਦਰ ਵਸਾਓ।

ਕਾਸ਼, ਉਹ ਘੜੀ ਆਵੇ ਤੇ ਆਈ ਹੋਈ ਫੇਰ ਨਾ ਖੁੱਸੇ ਕਿ ਪ੍ਰੀਤਮ ਜੀ ਦਾ ਪ੍ਰੇਮ ਸੁੱਤੇ ਹੋਏ ਸ਼ੇਰ ਵਾਂਙੂ ਜਾਗ ਪਵੇ ਅਤੇ ਪਿਆਰ ਦਾ ਐਸਾ ਰਸ ਬੱਝ ਜਾਵੇ ਕਿ ਪਏ ਖੀਵੇ ਹੋਵੀਏ ਤੇ ਗਾਵੀਏ:-

“ਮੂ ਲਾਲਨ ਸਿਉ ਪ੍ਰੀਤਿ ਬਨੀ॥ਰਹਾਉ॥ ਤੋਰੀ ਨ ਤੂਟੇ ਛੋਰੀ ਨ ਛੂਟੇ ਐਸੀ

ਮਾਧੋ ਖਿੰਚ ਤਨੀ। ਦਿਨਸੁ ਰੈਨਿ ਮਨ ਮਾਹਿ ਬਸਤੁ ਹੈ ਤੂ ਕਰਿ ਕਿਰਪਾ ਪ੍ਰਭ

ਅਪਨੀ॥੨॥ (ਬਿਲਾਵਲ ਮ: 5, 114)

ਪ੍ਰੀਤਮ ਜੀ ਨੂੰ ਪਿਆਰ ਕਰੋ, ਅੰਦਰ ਵਸਾਓ:-

‘ਜਾ ਤੂ ਅੰਦਰਿ ਤਾ ਸੁਖੇ ਤੂੰ ਨਿਮਾਣੀ ਮਾਣੀਆ॥' (ਸੂਹੀ ਮ: 5-ਅਸ਼ਟਪਦੀ ੧)

ਆਖੋ ਧੰਨ ਗੁਰੂ ਨਾਨਕ ਦੇਵ। ਧੰਨ ਜਗ ਦਾਤਾ ਪ੍ਰੀਤਮ ਜੀ, ਜੋ ਸਾਡੇ ਵਿਚ ਸਾਡੇ ਵਰਗਾ ਹੋਕੇ ਵੱਸਿਆ ਤੇ ਸਾਡੇ ਅੰਦਰ ਲੋ ਲਗਾ ਕੇ ਲੁਕ ਬੈਠਾ। ਜੋ ਲੋ ਲਗੀ ਵਾਲਿਆਂ ਤੋਂ ਦੇਹ ਛੱਡ ਕੇ ਬੀ ਨਹੀਂ ਲੁਕਿਆ, ਉਹਨਾਂ ਦੇ ਹਿਰਦੇ ਨੂੰ ਤਖਤ ਬਣਾ ਕੇ ਅੱਠੇ ਪਹਿਰ ਉਤੇ ਵਿਰਾਜਦਾ ਹੈ। ਧੰਨ ਹੈ ਐਸਾ ਪ੍ਰੀਤਮ। ਹੋਰ ਕੀਹ ਲੋੜ ਹੈ? ਜੋ ਦਿੱਸਦਾ ਹੈ ਕਿਸ ਅਰਥ ਹੈ? ਜੋ ਨਾ ਦਿੱਸਣ ਵਾਲਾ ਅਮੋਲਕ ਪਦਾਰਥ ਹੈ, ਉਹ ਬੀ ਕਿਸ ਅਰਥ ਹੈ? ਸਭ ਤਰਵਰ ਕੀ ਛਾਇਆ ਹੈ। ਮੁਕਤ ਬੀ ਕੁਛ ਵਸਤੂ ਨਹੀਂ ਤੇ ਸੁਰਗ ਬੈਕੁੰਠ ਬੀ ਕਿਸੇ ਕੰਮ ਨਹੀਂ। ਪਾਪਾਂ ਤੋਂ ਛੁੱਟਣ ਦਾ ਸੰਕਲਪ ਤੇ ਉਚੇ ਹੋਣ ਦੀ ਇੱਛਾ ਬੀ ਮਾਇਆ ਦਾ ਜਾਲ ਹੈ। ਸਾਰ ਵਸਤੂ ਏਹੋ ‘ਨਾਨਕ ਪ੍ਰੇਮ' ਹੈ।

ਜੇ ਇਹ ਲੱਝ ਜਾਵੇ ਤਾਂ ਇਸ ਧੁਨਿ ਮਗਨਂ ਰਹੇ ਤੇ ਸਾਰੀ ਅਪਣੀ (ਮੈ ਮੇਰੀ) ਤੇ ਸੋਚਾਂ ਛੱਡਕੇ ਇੱਕੋ ਲਗਨ ਵਿਚ ਲਗਾ ਰਹੇ। ਆਓ ਪ੍ਰਾਰਥਨਾ ਕਰੀਏ:- ਹੋ ਗੁਰੂ ਨਾਨਕ| ਪ੍ਰੀਤਮ ਜੀ! ਆਪਣਾ ਪਿਆਰ ਲਾ ਦਿਓ 'ਧੰਨ ਗੁਰ ਨਾਨਕ ਦੇਵ’।

-ਵੀਰ ਸਿੰਘ

138

ਪਿਆਰੇ ਜੀਓ