੭੧
23-5-22
ਗੁਰੂ ਸੰਵਾਰੇ ਜੀ,
ਵਾਹਿਗੁਰੂ ਜੀ ਦੇ ਪਿਆਰ ਵਿਚ ਰਹੋ। ਇਹ ਮਾਰਗ ਬੜਾ ਕਠਨ ਹੈ। ਕਿਸੇ ਆਤਮਾ ਨੂੰ ਅਪਨੇ ਸਰੀਰ ਦੇ ਅੰਦਰ ਅਪਨਾ ਕੇਂਦ੍ਰ (Centre) ਲੱਭ ਪੈਣਾ ਤੇ
ਜੀਵਨ ਨੇ ਓਸ ਆਧਾਰ ਤੇ ਟਿਕ ਜਾਣਾ, ਇਹ ਕੋਈ ਖੇਡ ਨਹੀਂ। ਜਨਮ ਜਨਮ ਦੇ ਸਾਡੇ ਕਰਮਾਂ ਨੇ ਸਾਨੂੰ ਕਰਮ ਦਸ਼ਾ ਅਰਥਾਤ Objective ਬਣਾ ਦਿਤਾ ਹੈ। ਅਰਥਾਤ ਅਸੀਂ ਓਸ ਸ਼ੈਟਲਕਾਕ (ਚਿੜੀ) ਵਾਙੂ ਹੋ ਗਏ ਹਾਂ ਜਿਸਨੂੰ ਖੇਡਣ ਵਾਲਾ ਇਕ ਪਾਸਿਓਂ ਮਾਰਦਾ ਹੈ ਤਾਂ ਦੂਜੇ ਪਾਸੇ ਪਈ ਮਾਰੀ ਮਾਰੀ ਫਿਰਦੀ ਹੈ। ਸਾਡਾ ਮਨ ਆਪਣੀ ਟੇਕ ਤੇ ਨਹੀਂ ਪਰ ਲੋਕਾਂ ਦੇ ਖਯਾਲਾਂ, ਵਹਿਮਾਂ, ਰਾਵਾਂ, ਨੁਕਤਾਚੀਨੀਆਂ, ਉਸਤਤ ਨਿੰਦਿਆ ਅਰ ਰੋਜ਼ ਵਾਪਰਦੀਆਂ ਹਾਲਤਾਂ ਦੇ ਅਗੇ ਐਸ ਤਰ੍ਹਾਂ ਲੰਮਾ ਪੈ ਜਾਂਦਾ ਹੈ ਕੇ ਇਹ ਸਾਰੀਆਂ ਚੀਜ਼ਾਂ ਮਨ ਨੂੰ ਠੋਕਰ ਮਾਰਦੀਆਂ ਹਨ। ਸਾਡੇ ਆਪਣੇ ਮਾਨੋ ਭੂਤ ਹੋ ਕੇ ਸਾਡੇ ਮਨਾਂ ਤੇ ਹੁਕਮ ਕਰ ਰਹੇ ਹਨ। ਅਸੀਂ ਇਨ੍ਹਾਂ ਆਪਣੇ ਭੂਤਾਂ ਤੇ ਲੋਕਾਂ ਦੇ ਵਹਿਮਾਂ ਖਯਾਲਾ ਦੇ ਅਗੇ ਗ਼ੁਲਾਮ ਬਣ ਰਹੇ ਹਾਂ। ਫੇਰ ਤਮਾਸ਼ਾ ਹੈ ਕਿ ਇਸ ਰੂਹਾਨੀ ਗੁਲਾਮੀ ਵਿਚ ਫਸੇ ਬੰਦੇ ਪਦਾਰਥ, ਇੱਜਤ, ਜੁਆਨੀ ਆਦਿਕ ਦੇ ਨਸ਼ੇ ਵਿਚ ਆਕੜਦੇ ਤੇ ਦਾਨੇ ਬਣ ਬਣ ਬੈਠਦੇ ਹਨ। ਬੇਥਵੇ ਹਨ, ਦੁਖੀ ਹਨ, ਉਨ੍ਹਾਂ ਦੇ ਤੇ ਜਨਵਰਾਂ ਦੇ ਜੀਵਨ ਵਿਚ ਫਰਕ ਨਹੀਂ। ਜਾਨਵਰ ਬੀ ਖਾਂਦੇ ਪੀਂਦੇ ਸੌਦੇ ਮਰ ਜਾਂਦੇ ਹਨ, ਇਹ ਆਦਮੀ ਬੀ ਇਹੋ ਕੁਛ ਕਰਦੇ ਹਨ ਤੇ ਮਰ ਜਾਂਦੇ ਹਨ। ਦਿਨ ਰਾਤ ਇਸ ਹਾਲਤ ਵਿਚ ਰਹਿੰਦੇ ਕਦੇ ਨਹੀਂ ਸੋਚਦੇ ਕਿ ਇਸ ਸੁੰਦਰ ਸਰੀਰ, ਪਯਾਰੇ ਮਨ, ਸੁਚੀ ਸ਼ੁਧ ਤੇ ਉਚੋ ਆਤਮਾ ਦਾ ਕੀਹ ਪ੍ਰਯੋਜਨ ਹੈ। ਆਪ ਜਾਣਦੇ ਨਹੀਂ, ਪਰ ਦੂਸਰਿਆਂ ਨੂੰ ਨੀਵਾਂ ਤਕਦੇ ਤੇ ਮਖ਼ੌਲ ਕਰਦੇ ਹਨ। ਇਹ ਉਨ੍ਹਾਂ ਦੇ ਵਸ ਨਹੀਂ, ਉਨ੍ਹਾਂ ਦੇ ਮਨ ਗੁੰਝਲਦਾਰ ਹੋ ਗਏ ਹਨ, ਓਹ ਸਿਧੇ ਤੇ ਸਾਫ ਗਲ ਨੂੰ ਸਮਝ ਨਹੀਂ ਸਕਦੇ। ਇਸ ਤਰਾਂ ਦਾ ਸੰਸਾਰ ਹੈ ਜਿਸ ਵਿਚ ਕਿਸੇ ਨੂੰ ਭਾਗ ਵਸ ਤੇ ਕੁਛ ਕ੍ਰਿਪਾ ਆਸਰੇ ਸਿਧੀ ਗੱਲ ਦੀ ਸੋਝੀ ਪੈਂਦੀ ਹੈ ਓਹ ਆਖਦਾ ਹੈ ਕਿ ਹਾਇ ਮੈਨੂੰ ਸੁਖ ਹੋਇਆ ਹੈ, ਠੰਢ ਪਈ ਹੈ, ਅਮੋਲਕ ਖਜ਼ਾਨਾ ਲੱਭਾ ਹੈ। ਹੋਰਨਾਂ ਨੂੰ ਬੀ ਲਭ ਪਵੇ ਤੇ ਉਹ ਬੀ ਮੇਰੇ ਵਾਂਙ ਸੁਖੀ ਹੋ ਜਾਣ। ਏਹ ਵਾਸ਼ਨਾ ਤਾਂ ਸ਼ੁਭ ਹੈ ਪਰ ਹਰੇਕ ਦੇ ਭਾਗਾਂ ਵਿਚ ਲਾਲ ਨਹੀਂ ਹੁੰਦੇ ਤੇ ਰਸਤਾ ਐਸਾ ਹੈ ਕਿ ਇਸ ਰਸਤੇ ਦੇ ਵਣਜਾਰੇ ਸੂਮ ਨਹੀਂ ਹੁੰਦੇ, ਹਰੇਕ ਨੂੰ ਦਾਤ ਦੇਂਦੇ ਹਨ ਅਰ ਤਾਰਨ ਦਾ ਜਤਨ ਕਰਦੇ ਹਨ। ਕਿਸੇ ਨੂੰ ਲਾਭ ਹੋਵੇ ਜਾਂ ਨਾ ਪਰ ਓਹ ਫੁਹਾਰੇ ਦੀ ਤਰਾਂ ਹਰ ਵੇਲੈ ਦਾਤ ਦੀ ਛਹਿਬਰ ਲਾਈ ਰਖਦੇ ਹਨ। ਇਸ ਸਾਰੇ ਸਿਲਸਿਲੇ ਨੂੰ ਸਮਝ ਕੇ ਆਪ ਸਤਿਗੁਰ ਨੂੰ ਕੇਂਦ੍ਰ ਬਨਾ ਕੇ ਅਪਨੇ ਅੰਦਰ ਅਪਨੀ ਟੇਕ ਤੇ ਰਹੀਦਾ ਹੈ, ਅਰ ਸ਼ੈਟਲਕਾਕ ਨਹੀਂ ਬਣੀਦਾ
ਪਿਆਰੇ ਜੀਓ
145