ਸਮੱਗਰੀ 'ਤੇ ਜਾਓ

ਪੰਨਾ:ਪਿਆਰੇ ਜੀਓ – ਭਾਈ ਵੀਰ ਸਿੰਘ.pdf/136

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕਹਾਣੀਆਂ ਸੁਨਾਉਣੋਂ ਦਰੇਗ਼ ਨਹੀਂ ਕਰਦਾ। ਹੋਰ ਕਿ ਅਠੇ ਪਹਿਰ ਚਿਤ ਹਜ਼ੂਰੀ ਵਿਚ ਰਖ, ਸਿਮਰਨ ਕਰੋ "ਸਿਰ ਊਪਰਿ ਠਾਢਾ ਗੁਰ ਸੂਰਾ॥ ਨਾਨਕ ਤਾਕੇ ਕਾਰਜ ਪੂਰਾ" ਵਾਲਾ ਸਤਿਗੁਰ ਦਾ ਇਕਰਾਰਨਾਮਾ ਸਾਡੇ ਪਾਸ ਲਿਖਿਆ ਪਿਆ ਹੈ, ਡਰ ਕਾਹਦਾ ਤੇ ਤੌਖਲਾ ਕਾਹਦਾ:—

'ਜਿਨਾ ਨ ਵਿਸਰੈ ਨਾਮੁ ਸੇ ਕਿਨੇਹਿਆ॥
ਭੇਦੁ ਨ ਜਾਣਹੁ ਮੂਲਿ ਸਾਂਈ ਜੇਹਿਆ॥'

ਸਤਿਗੁਰੂ ਨੇ ਆਖਿਆ ਹੈ “ਜਿਨੀ ਨਾਮੁ ਧਿਆਇਆ ਗਏ ਮਸਕਤਿ ਘਾਲਿ॥" ਨਾਮ ਜਪਣਾ ਮੁਸ਼ੱਕਤ ਘਾਲਣੀ ਹੈ, ਰਸ ਪਿਛੋਂ ਪੈਂਦਾ ਹੈ। ਜੇ ਪਹਿਲੋਂ ਹੀ ਰਸ ਦੇ ਚਾਹਵਾਹ ਹੋ ਕੇ ਮੁਸ਼ੱਕਤ ਘਾਲਣੀ ਛਡ ਦੇਈਏ ਤਾਂ ਕੁਰਸਤਾ ਪੈਂਦੀ ਹੈ। ਫੇਰ ਸਤਿਗੁਰੂ ਨੇ ਲਿਖਿਆ ਹੈ:—

“ਸਾਚਿ ਨਾਮਿ ਮੇਰਾ ਮਨੁ ਲਾਗਾ॥
ਲੋਗਨ ਸਿਉ ਮੇਰਾ ਠਾਠਾ ਬਾਗਾ॥"

ਸਾਡਾ ਲੋਕਾਂ ਨਾਲ ਮੋਹ, ਵੈਰ ਹੈ, ਲੋਕਾਂ ਦਾ ਭੈ ਹੈ, ਲੋਕਾਂ ਪਰ ਭਰਮ ਹੈ, "ਠਾਠਾ ਬਾਗਾ" ਨਹੀਂ। ਇਸੇ ਕਰਕੇ ਸਾਡੇ ਅੰਦਰ ਆਸਾ ਤੇ ਅੰਦੇਸਾ ਵਧਦਾ ਰਹਿੰਦਾ ਹੈ। ਸਤਿਗੁਰ ਲਿਖਦਾ ਹੈ: "ਆਸਾ ਅੰਦੇਸਾ ਦੁਇ ਪਟ ਜੜੇ"। ਹੁਣ ਰਸ ਤਾਂ ਪਵੇ: “ਆਸ ਅੰਦੇਸੇ ਤੇ ਨਿਹਕੇਵਲੁ ਹਉਮੈ ਸਬਦਿ ਜਲਾਏ"। ਰਸ ਇਨ੍ਹਾਂ ਭੁੱਲਾਂ ਕਰਕੇ ਨਹੀਂ ਪੈਂਦਾ, ਪਵੇ ਤਾਂ ਭਜ ਜਾਂਦਾ ਹੈ। ਸਾਡੀ ਖੇਤੀ ਜਦ ਫੁਟਦੀ ਹੈ, ਉਠਦੀ ਹੈ ਤਾਂ "ਚੋਰੀ ਮਿਰਗੁ ਅੰਗੂਰੀ ਖਾਇ"। ਭਾਵੇਂ ਕਿਰਪਾ ਕਰਕੇ ਸਤਿਗੁਰ ਨੇ ਸਾਨੂੰ "ਗੁਰਿ ਦਿਖਲਾਈ ਮੋਰੀ॥ ਜਿਤੁ ਮਿਰਗ ਪੜਤ ਹੈ ਚੋਰੀ", ਪਰ ਅਸਾਂ ਅਜੇ "ਮੂੰਦਿ ਲੀਏ ਦਰਵਾਜੇ" ਵਾਲਾ ਕੰਮ ਨਹੀਂ ਕੀਤਾ, ਇਸ ਕਰਕੇ ਸਿੱਟੇ ਵਿਚ "ਬਾਜੀਅਲੇ ਅਨਹਦ ਬਾਜੇ" ਵਾਲਾ ਫਲ ਨਹੀਂ ਲਗਦਾ। ਤਾਂ ਤੇ ਹਰਦਮ ਸਿਮਰੋ, ਹਰਦਮ ਉਚੀ ਖਿੱਚ ਵਿਚ ਰਹੋ, ਅੰਦਰੋਂ ਅਲਿਪਤ ਵਰਤੋਂ, ਫੇਰ ਰਸ ਦੀਆਂ ਧਾਰਾਂ ਚਸ਼ਮੇ ਸਮਾਨ ਜਾਰੀ ਰਹਿਣ। ਹਿੰਮਤ ਕਰੋ:—

ਆਗਾਹਾ ਕੂ ਤ੍ਰਾਂਘਿ ਪਿਛਾ ਫੇਰਿ ਨਾ ਮੁਹਡੜਾ॥
ਨਾਨਕ ਸਿਝਿ ਇਵੇਹਾ ਵਾਰ ਬਹੁਰਿ ਨ ਹੋਵੀ ਜਨਮੜਾ॥

-ਵੀਰ ਸਿੰਘ

150

ਪਿਆਰੇ ਜੀਉ