ਪੰਨਾ:ਪਿਆਰੇ ਜੀਓ – ਭਾਈ ਵੀਰ ਸਿੰਘ.pdf/15

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸਮੁੰਦਰ ਹੈ। ਜਿੰਨੇ ਵਧੀਕ ਪੀਣ ਉਨੀ ਸਾਡੇ ਅੰਦਰ ਠੰਢ ਪਵੇ ਕਿ ਸ਼ੁਕਰ ਹੈ ਮੇਰੇ ਵਰਗੇ ਹੋਰ ਜੀਵ ਵੀ ਸੁਖ ਪਾ ਰਹੇ ਹਨ। ਇਹ ਤੌਖਲਾਂ ਕਦੀ ਨਾ ਕਰੀਏ ਕਿ ਮੈਂ ਪਿਛੇ ਰਹਿ ਜਾਊਂ, ਜਾਂ ਦਾਤਾ ਜੀ ਦਾ ਰੁਖ ਹੋਰ ਪਾਸੇ ਹੋ ਗਿਆ ਹੈ, ਉਧਰ ਮਿਹਰ ਹੈ ਤੇ ਮੈਨੂੰ ਕੌਣ ਮਦਦ ਦੇਊ। ਇਹ ਤੌਖਲੇ ਦਾਤਾ ਜੀ ਦੀ ਤੇ ਸਤਿਗੁਰੂ ਜੀ ਦੀ ਨਿਊਨਤਾ ਕਰਨ ਦੇ ਹਨ।

ਗੁਰਮੁਖਿ ਕੋਟਿ ਉਧਾਰਦਾ ਭਾਈ ਦੇ ਨਾਵੈ ਏਕ ਕਣੀ॥

ਇਹ ਦ੍ਰਿਸ਼ਟੀ ਚਾਹੀਦੀ ਹੈ। ਸੁਰਤੇ ਸਾਈਂ ਲੋਕ ਇਕ ਖਿਣ ਇਕੋ ਵਕਤ ਵਿਚ ਲੱਖਾਂ ਸਜਣਾਂ ਦੀ ਸੁਰਤਿ ਨੂੰ ਇਕ ਦਮ ਚੁਕ ਸਕਦੇ ਹਨ। ਸਤਿਗੁਰੂ ਆਖਦੇ ਹਨ:———

ਜਿਸੁ ਅੰਦਰਿ ਤਾਤਿ ਪਰਾਈ ਹੋਵੈ ਤਿਸ ਦਾ ਕਦੇ ਨ ਹੋਵੀ ਭਲਾ॥

ਇਹ ਈਰਖਾਂ ਜਿਸ ਨਾਲ ਕਰੀਦੀ ਹੈ ਉਹਦਾ ਤਾਂ ਖਬਰੇ ਕਦ ਨੁਕਸਾਨ ਕਰਸੀ, ਆਪਣੀ ਸੁਰਤ ਉਸੇ ਦਮ ਪਤਾਲ ਨੂੰ ਜਾਂਦੀ ਹੈ, ਆਪਣਾ ਭਲਾ ਮਾਰਿਆ ਜਾਂਦਾ ਹੈ। ਸਾਧ ਸੰਗਤ ਵਿਚ ਪੈਰ ਧਰਨੇ ਦਾ ਪਹਿਲਾ ਅਸੂਲ ਇਸ ਨੂੰ ਜਿੱਤਣ ਦਾ ਹੈ। ਸਤਿਗੁਰ ਆਖਦੇ ਹਨ:———

"ਬਿਸਰਿ ਗਈ ਸਭ ਤਾਤਿ ਪਰਾਈ॥ ਜਬ ਤੇ ਸਾਧ ਸੰਗਤਿ ਮੋਹਿ ਪਾਈ॥੧॥ ਰਹਾਉ।
ਨਾ ਕੋ ਬੈਰੀ ਨਹੀ ਬਿਗਾਨਾ। ਸਗਲ ਸੰਗਿ ਹਮ ਕਉ ਬਨਿਆਦੀ।"

ਇਹ ਸਤਿਸੰਗ ਦਾ ਮੰਡਲ ਹੈ ਜੋ ਪ੍ਰੇਮ ਦਾ ਹੁੰਦਾ ਹੈ, ਇਸ ਵਿਚ ਤੌਖਲੇ ਭਰਮ ਨੂੰ ਕੋਈ ਥਾਂ ਨਹੀਂ। ਈਰਖਾ ਵੀ ਤੌਖਲੇ ਤੋਂ ਪੈਦਾ ਹੁੰਦੀ ਹੈ। ਜਨਮ ਜਨਮ ਤੋਂ ਤੌਖਲੋ ਵਿਚ ਦਬੇ ਹੋਏ ਜਦ ਅਸੀਂ ਸਤਿਸੰਗ ਵਿਚ ਆਉਂਦੇ ਹਾਂ ਤਾਂ ਉਥੇ ਵੀ ਇਹ ਭਰਮ ਪੈਂਦਾ ਹੈ ਕਿ ਮਤਾਂ ਮੈਂ ਪਿਛੇ ਨਾ ਰਹਿ ਜਾਵਾਂ ਤੇ ਕੋਈ ਮੈਥੋਂ ਅਗੇ ਨਾ ਲੰਘ ਜਾਵੇ। ਇਹ ਪਿਛਲੇ ਚੰਡਾਲਾਂ ਦੇ ਪਿੰਡ ਦੀ ਬਾਣ ਹੈ, ਜਿਸ ਵਿਚ ਅਸੀਂ ਪਹਿਲੇ ਵਸਦੇ ਰਹੇ ਹਾਂ। ਹੁਣ ਗੁਰੂ ਨਾਨਕ ਦੇ ਪਿੰਡ ਵਿਚ ਏਸ ਦੀ ਕੋਈ ਥਾਂ ਨਹੀਂ। ਇਥੇ ਗੁਰੂ ਨਾਨਕ ਦਾ ਸੁਭਾ ਟੁਰਦਾ ਹੈ, ਉਹ ਪ੍ਰੇਮ, ਠੰਢ, ਖੁਸ਼ੀ, ਉਮਾਹ, ਦਯਾ, ਹਸ ਤੋਂ ਅਨੰਦ ਹੈ, ਜਿਸ ਦੀ ਜੜ੍ਹ ਸਿਮਰਨ ਤੇ ਹਜ਼ੂਰੀ ਵਿਚ ਲੱਗੀ ਹੋਈ ਹੈ।

ਏਸ ਘਰ ਦਾ ਪੁੱਠਾ ਰਾਹ ਹੈ। ਜੋ ਦਾਤਾ ਜੀ ਕਿਸੇ ਪਰ ਵਧੀਕ ਕ੍ਰਿਪਾਲੂ ਦਿਸਦੇ ਹਨ ਤਾਂ ਖੁਸ਼ੀ ਦਾ ਨਸ਼ਾ ਚੜ੍ਹ ਜਾਵੇ ਕਿ ਆਹ! ਸਾਡੇ ਵਿਚੋਂ ਕੋਈ ਰੂਹ ਪੁਗਣ ਲਗੀ ਹੈ, ਇਹ ਚੰਗਾ ਹੈ, ਕਿਉਂਕਿ ਚੰਗੇ ਨੂੰ ਚੰਗਾ ਲਗ ਗਿਆ ਹੈ। ਆਓ, ਇਸ ਦੇ ਚਰਨਾਂ ਦੀ ਧੂੜੀ ਬਣੀਏ ਜੋ ਸਾਡੀ ਚੰਗਿਆਈ ਵਧ ਜਾਵੇ। ਜਿਸ ਵਲ ਸਤਿਗੁਰ ਦੀ ਪਿਆਰ ਦੀ ਨਿਗਾਹ ਹੈ, ਜੋ ਅਸੀਂ ਸਤਿਗੁਰ ਦੇ ਪਿਆਰੇ ਹਾਂ ਤਾਂ ਉਸ ਦਾ ਸਾਡੀ ਪਿਆਰ ਦੀ ਨਿਗਾਹ ਪਵੇ। ਇਹ ਵਹਿਮ ਕਦੇ ਨਾ ਕਰੋ ਕਿ ਵਾਹਿਗੁਰੂ ਮੈ ਖੁਸ਼ਾਮਦ, ਰੂਪ, ਪਦਾਰਥ, ਖਾਤਰ ਨਾਲ ਭੁਲੇਖੇ ਵਿਚ ਪੈ ਸਕਦਾ ਹੈ। ਗੁਰੂ ਤੇ ਕਰਤਾਰ ਅਭੁੱਲ ਹੁੰਦੇ ਹਨ। ਕੰਮ ਕਰਨ ਵਾਲਾ ਗੁਰੂ ਨਾਨਕ ਆਪ ਹੈ; ਫਿਰ ਭੂਲ ਕਿਥੋਂ? ਤਾ ਤੇ ਸਦਾ ਸਤਿਗੁਰੂ ਨੂੰ ਚੰਗਾ ਤੇ ਉਚਾ ਕਰਕੇ ਜਾਣੀਏ।

———ਵੀਰ ਸਿੰਘ

ਪਿਆਰੇ ਜੀਓ

29