ਪੰਨਾ:ਪਿਆਰੇ ਜੀਓ – ਭਾਈ ਵੀਰ ਸਿੰਘ.pdf/16

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

10-11-1911

ਪਿਆਰੇ ਜੀ,

ਸਿਹਤ ਆਪਣੀ ਆਪਣੇ ਖਿਆਲ ਦੇ ਅਧੀਨ ਹੈ । ਤੁਹਾਡਾ ਇਹ ਖਿਆਲ ਕਰਨਾ ਕਿ ਮੈਂ ਬੀਮਾਰ ਹਾਂ, ਛੱਡੋ । ਸਤਿਗੁਰੂ ਦੇ ਪਿਆਰ ਵਿਚ ਖੁਸ਼ ਰਿਹਾ ਕਰੋ ਅਤੇ ਆਪਣੇ ਸਰੀਰ ਦੇ ਅਵੈਵਾਂ ਨੂੰ ਆਪਣੇ ਹੁਕਮ ਵਿਚ ਕਰੋ । ਇਕ ਇਕ ਕਿਣਕਾ ਇਕ ਇਕ ਨਾੜ ਤੇ ਪੱਠਾ ਸਰੀਰ ਦਾ ਸਾਡੀ ਮਰਜ਼ੀ ਦੇ ਤਾਬੇ ਹੈ, ਜੇ ਮਰਜ਼ੀ ਵਾਹਿਗੁਰੂ ਦੇ ਭਰੋਸੇ ਵਿਚ ਲਾਈਏ ਕਿ ਉਹ ਸਾਡੇ ਨਾਲ ਹੈ ਤੇ ਪਿਆਰ ਕਰਦਾ ਹੈ, ਫੇਰ ਮਰਜ਼ੀ ਵਿਚ ਤਾਕਤ ਭਰਦੀ ਹੈ । ਤਾਕਤ ਵਾਲੀ ਮਰਜ਼ੀ ਸਰੀਰ ਨੂੰ ਅਰੋਗ ਰੱਖ ਸਕਦੀ ਹੈ । ਤੁਸੀਂ ਸ਼ੱਕ ਨੂੰ ਤਬੀਅਤ ਵਿਚੋਂ ਕਢੋ ਅਰ ਆਪਣੇ ਸਰੀਰ ਦੇ ਅਵੈਵਾਂ ਨੂੰ ਹੁਕਮ ਵਿਚ ਰਖੋ ਕਿ ਸਦਾ ਤੰਦਰੁਸਤ ਰਹਿਣਾ ਹੈ । ਸੁਰਤ ਉਚੀ ਰਖੋ ਅਰ ਕਦੇ ਨਾ ਢਹਿੰਦੀਆਂ ਕਲਾਂ ਵਿਚ ਜਾਓ ।

ਖੁਲ੍ਹੀ ਹਵਾ ਵਿਚ ਰਹੋ, ਖੁਲ੍ਹੀ ਰੌਸ਼ਨੀ ਤੇ ਧੁਪ ਵਿਚ ਫਿਰੋ । ਕੁਦਰਤ ਨਾਲ ਦੋਸਤੀ ਪਾਓ, ਕੋਈ ਫਿਕਰ ਸੰਸਾ ਨਾ ਲਾਓ । ਤੁਸੀਂ ਅਨੰਦ ਰਹਿਣ ਲਈ ਬਣਾਏ ਗਏ ਹੋ । ਸੋ ਅੰਦਰ ਸਤਿਗੁਰੂ ਨੂੰ ਪਿਆਰਾ ਸਮਝ ਕੇ ਇਸ ਸਵਾਦ ਵਿਚ ਰਿਹਾ ਕਰੋ ਕਿ ਸਤਿਗੁਰੂ ਮੇਰੇ ਨਾਲ ਹੈ ਅਰ ਮੈਨੂੰ ਪਿਆਰ ਕਰ ਰਿਹਾ ਹੈ ।

ਜਿਸ ਦੇ ਨਾਲ ਸਤਿਗੁਰੂ ਹੋਵੇ ਉਸ ਨੂੰ ਕਾਹਦਾ ਰੋਗ ਹੈ, ਕਾਹਦਾ ਭੈ ਹੈ ਤੇ ਕਾਹਦਾ ਭਰਮ ? ਸਤਿਗੁਰੂ ਦੇ ਪਿਆਰ ਵਿਚ ਰਹੋ । ਇਸ ਚਾਨਣੇ ਟੁਰੋ ਤੁਸੀਂ ਰੋਗੀਆਂ ਦੇ ਰੋਗ ਦੂਰ ਕਰਨ ਦੇ ਸਮਰਥ ਹੋ ਜਾ ਸਕਦੇ ਹੋ । ਸ਼ੱਕ ਨਾ ਕਰਿਆ ਕਰੋ, ਡੋਲਿਆ ਨਾ ਕਰੋ । 'ਸਤਿਗੁਰੂ ਪਿਆਰ ਕਰਦਾ ਹੈ' ਇਹ ਹੁਲਾਸ ਲਗਾਤਾਰ ਅੰਦਰ ਰਖਿਆ ਕਰੋ, ਹੋਰ ਕੋਈ ਸੋਚ ਚਿਤਾ ਨੇੜੇ ਨਾ ਫਟਕਣ ਦਿਆ ਕਰੋ । ਪਾਪੀ-ਪੁੰਨੀ ਦਾ ਸੰਕਲਪ ਛੱਡ ਕੇ ਕੇਵਲ ਸਤਿਗੁਰੂ ਦੀ ਯਾਦ ਪਕਾਓ । ਯਾਦ ਵਾਲੇ ਪਿਆਰ ਵਿਚ ਰਹਿੰਦੇ ਹਨ, ਪਿਆਰ ਵਾਲੇ ਦੁਖ ਨਹੀਂ ਪਾਂਦੇ ।

ਗੁਰੁ ਮੇਰੈ ਸੰਗਿ ਸਦਾ ਹੈ ਨਾਲੇ ॥
ਸਿਮਰਿ ਸਿਮਰਿ ਤਿਸੁ ਸਦਾ ਸਮਾੑਲੇ ॥

(ਆਸਾ ਮਹਲਾ ੫-੯੩)

ਇਹ ਰਸਤਾ ਸਰੀਰ ਨੂੰ ਅਰੋਗ ਕਰਨ ਦਾ ਹੈ, ਜੇ ਤੁਸੀਂ ਐਦਾਂ ਕਰੋ ਤਾਂ ਸੁਖੀ ਰਹੋ ।

–ਵੀਰ ਸਿੰਘ

30

ਪਿਆਰੇ ਜੀਓ