ਪੰਨਾ:ਪਿਆਰੇ ਜੀਓ – ਭਾਈ ਵੀਰ ਸਿੰਘ.pdf/18

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ



14-2-1912

ਪਿਆਰੇ ਜੀ,

ਸ਼ਹਿਨਸ਼ਾਹ ਦੇ ਬਚੜੇ ਸਹਿਜ਼ਾਦੇ ਤੇ ਸ਼ਹਿਜ਼ਾਦੀਆਂ ਹੁੰਦੇ ਹਨ। ਸ਼ਹਿਨਸ਼ਾਹ ਦੇ ਹੋ ਕੇ ਨਿਤਾਣੇ ਨਹੀਂ ਬਣੀਦਾਂ। ਦੁਖਾਂ ਦੇ ਸਾਹਮਣੇ ਝੁਕੀਦਾ ਨਹੀਂ, ਦੁਖਾਂ ਦਾ ਮੁਕਾਬਲਾ ਕਰੀਦਾ ਹੈ। ਜੋ ਮੁਕਾਬਲਾ ਕਰਦਾ ਹੈ ਉਹੀ ਬਲਵਾਨ ਹੁੰਦਾ ਹੈ ਤੇ ਅੰਤ ਫਤਹ ਪਾਂਦਾ ਹੈ। ਦੁਖ ਸੁਰਤ ਨੂੰ ਪਕਾਂਦੇ ਤੇ ਮਜ਼ਬੂਤ ਕਰਦੇ ਹਨ। ਵਾਹਿਗੁਰੂ ਜਿਥੇ ਆਪਣੇ ਪਿਆਰਿਆਂ ਨੂੰ ਰੱਖਦਾ ਹੈ, ਉਥੇ ਕੁਛ ਲਾਭ ਲਈ ਰਖਦਾ ਹੈ। ਜੇ ਦੁਖਦਾਈ ਸਾਮਾਨ ਦੁਆਲੇ ਕਰਦਾ ਹੈ ਤਾਂ ਰਖਿਆ ਵੀ ਆਪ ਕਰਦਾ ਹੈ।

'ਆਪੇ ਦੈਤ ਲਾਇ ਦਿਤੇ ਸੰਤ ਜਨਾ ਕਉ ਆਪੇ ਰਾਖਾ ਸੋਈ॥'

ਸ਼ੇਰ ਬੱਚੇ ਹੋ ਕੇ ਸ਼ੇਰ ਰਹੀਦਾ ਹੈ। 'ਨਾਮ' ਦੇ ਦੀਵੇ ਵਿਚ ਦੁਖਾਂ ਨੂੰ ਤੇਲ ਪਾ ਕੇ ਬਾਲੀਦਾ ਹੈ। "ਦੀਵਾਂ ਮੇਰਾ ਏਕੁ ਨਾਮੁ ਦੁਖੁ ਵਿਚਿ ਪਾਇਆ ਤੋਲੁ॥ ਉਨਿ ਚਾਨਣ ਓਹੁ ਸੋਖਿਆ ਚੂਕਾ ਜਮ ਸਿਉ ਮੇਲੁ॥" ਜਿਉਂ ਜਿਉਂ ਦੀਵਾ ਬਲਦਾ ਹੈ, ਅੰਦਰ ਪ੍ਰਕਾਸ਼ ਵਧਦਾ ਹੈ ਤੇ ਦੁਖਾਂ ਦਾ ਤੇਲ ਸੜਦਾ ਹੈ। ਸ਼ੁਕਰ ਕਰਿਆ ਕਰੋ ਕਿ ਐਸੀ ਦਸ਼ਾ ਵਿਚ ਵਾਹਿਗੁਰੂ ਤੁਹਾਨੂੰ "ਆਤਮ ਰਸ" ਦੇ ਰਿਹਾ ਹੈ। ਤਕੜੇ ਹੋਵੋ ਮੌਤ ਯਾਦ ਹੀ ਨਹੀਂ ਕਰੀਦੀ। ਜੋ ਹਰਦਮ ਸਿਮਰਨ ਵਿਚ ਹੈ ਉਸ ਨੇ ਕਾਲ ਨੂੰ ਜਿੱਤ ਲੀਤਾ ਹੈ। ਜੋ "ਹੁਣ" ਵਿਚ ਆਪਣੇ ਸਿਰਜਣਹਾਰ ਦੀ ਹਜ਼ੂਰੀ ਵਿਚ ਰਹਿੰਦਾ ਹੈ, ਉਹ ਐਸਾ ਕਰਦਾ ਹੋਇਆ ਅਮਰ ਹੋ ਗਿਆ ਹੈ। ਮੌਤ ਕੀ ਸ਼ੈ ਹੈ? ਜਦ ਉਸ ਨੇ ਕਾਲ ਨੂੰ ਮਾਰ ਲਿਆ ਹੈ ਤਾਂ ਮੌਤ ਕੀਹ ਹੈ? ਆਪਣੇ ਅੰਦਰ ਅੰਮ੍ਰਿਤ ਭਰਪੂਰ ਹੈ, ਬਾਹਰੋਂ ਕਿਸ ਸ਼ੈ ਦੀ ਲੋੜ ਹੈ? ਰੋਗ ਨੂੰ ਆਪ ਕੱਪਣਾ ਚਾਹੀਏ। ਰੋਗ ਵੀ ਸੁਰਤਿ ਨੂੰ ਵਿਤੋਂ ਵੱਧ ਖਿੱਚਣ ਨਾਲ ਜਾਂ ਗ਼ਮ ਫਿਕਰ ਵਿਚ ਅਭਿਆਸ ਕਰਨ ਤੇ ਹਟਦਾ ਨਹੀਂ। ਚੜ੍ਹਦੀ ਕਲਾ ਵਿਚ, ਨਿੱਕੇ ਨਿੱਕੇ ਰਸ ਵਿਚ, ਖਿੜਾਉ, ਹੁਲਾਸ ਤੇ ਉਤਸਾਹ ਵਿਚ ਨਾਮ ਜਪਿਆ ਕਰੋ, ਬੀਮਾਰੀ ਆਪ ਉਠ ਜਾਵੇਗੀ, ਬੀਮਾਰੀ ਕੋਈ ਸ਼ੈ ਨਹੀਂ। ਅਪਣਾ ਦ੍ਰਿੜ ਵਹਿਮ ਬੀਮਾਰੀ ਹੈ। ਸੁਰਤ ਦਾ ਖਿਆਲ ਬੀਮਾਰੀ ਵਾਲੀ ਥਾਂ ਜਮਾ ਕੇ ਬਾਣੀ ਨਾਮ ਜਪਿਆ ਕਰੋ, ਪੱਕੇ ਵਿਸ਼ਵਾਸ਼ ਵਿੱਚ ਰੋਗ ਰਾਜ਼ੀ ਹੋ ਰਿਹਾ ਹੈ। ਆਪਣੇ ਸਰੀਰ ਦੇ ਕਿਣਕੇ ਕਿਣਕੇ ਤੇ ਹੁਕਮ ਕਰੋ। ਸ਼ਾਹਾਂ ਦੇ ਬੱਚੇ ਰਾਜ ਕਮਾਂਦੇ ਹਨ। ਆਪਣੇ ਮਨ ਤੇ ਸਰੀਰ ਤੇ ਰਾਜ ਕਰੋ। ਹੁਕਮ ਦੇ ਦਿਉ ਕਿ ਸਰੀਰ ਦੇ ਅਵੈਵ ਰੋਗ ਨੂੰ ਕੱਢ ਦੇਣ।

32

ਪਿਆਰੇ ਜੀਓ