ਪੰਨਾ:ਪਿਆਰੇ ਜੀਓ – ਭਾਈ ਵੀਰ ਸਿੰਘ.pdf/21

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

6-8-12

ਮਾਯਾ ਜੀ,

ਅਗੇ ਮਾਯਾ ਸੀ, ਪਰ ਹੁਣ ਪਵਿਤ੍ਰਤਮਾ ਅਮਾਯ ਹੋ ਜਾਓ ਜੀ।

ਪਤ੍ਰ ਪਹੁੰਚਾ, ਉਤਰ ਦੀ ਦੇਰੀ ਦਾ ਕਾਰਨ ਆਪ ਦੇ ਪ੍ਰਾਣ ਪਿਆਰੇ ਜੀ ਨੂੰ ਲਿਖ ਦਿਤਾ ਹੈ। ਮੇਰਾ ਜੀ ਕਰਦਾ ਹੈ ਤੁਸਾਂ ਦਾ ਨਾਂ ਵਟਾ ਦਿਆਂ ਮਾਯਾ ਮੋਹਨੀ ਤਾਂ ਹੈ, ਪਰ ਕੋਸ਼ ਤੇ ਹਿੰਦੂ ਫਿਲਾਸਫੀ ਮੂਜਬ ਅੰਧੇਰਾ ਹੈ, ਅਰ ਰਬ ਤੋਂ ਮੋਹ ਕੇ ਆਪਣੇ ਵਿਚ ਰਚਾਂਦੀ ਹੈ। ਸੋ ਇਹ ਨਾਮ ਐਉਂ ਲਗਦਾ ਹੈ ਕਿ ਜਿਕੂੰ ਸਿਮਰਨ ਦੇ ਠੀਕ ਉਲਟ ਹੈ, ਤੇ ਮੇਰਾ ਜੀ ਕਰਦਾ ਹੈ ਕਿ ਪੂਰਨ ਸਿੰਘ ਦੀ ਅਧਰੰਗੀ ਕਹਿਲਾਣ ਦੇ ਫਖਰ ਵਾਲੀ ਗੁਰੂ ਸੁਆਰੀ ਆਤਮਾ ਭੂਲ ਵਿਚ ਨਾ ਰਹੇ। ਹਾਂ।

ਉਹ ਮਾਯਾ ਭੁੱਲਣਹਾਰ ਜਾਂ ਭੁਲਾਣਹਾਰੀ ਨਾ ਰਹੇ ਸਗੋਂ ਸਿਮਰਨ ਰੂਪ ਹੋਵੇ, ਆਪ ਸਿਮਰੇ ਤੇ ਹੋਰਨਾਂ ਨੂੰ ਸਿਮਰਾਵੇ। ਮਾਯਾ ਮਾਯਾ ਨਾ ਰਹੇ ਸਗੋਂ ਬ੍ਰਹਮਾਕਾਰ ਹੋ ਜਾਵੇ। ਉਸ ਦਾ ਮਨ ਹੀ ਬ੍ਰਹਮਾਕਾਰ ਨਾ ਹੋਵੇ, ਉਸ ਦਾ ਸਰੀਰ; ਉਸ ਦੇ ਇੰਦ੍ਰੇ, ਸਾਰੇ ਬ੍ਰਹਮਾਕਾਰ ਹੋ ਜਾਣ, ਉਸ ਦਾ ਦਰਸ਼ਨ ਐਉਂ ਹੈ ਜਾਵੇ:———

ਜਨ ਆਵਨ ਕਾ ਇਹੈ ਸੁਆਉ॥
ਜਨ ਕੈ ਸੰਗਿ ਚਿਤਿ ਆਵੈ ਨਾਉ॥

ਸੋ ਹੇ ਭਾਗਵਤੀ, ਜੇ ਤੁਸਾਂ ਦਾ ਚਿਹਰਾ ਮੇਰੇ ਏਸ ਖਿਆਲ ਨਾਲ ਇਤਫਾਕ ਕਰੇ ਤਾਂ ਸਿਮਰਨ ਕਰੇ, ਅਰ ਲੱਗ ਕੇ ਕਰੋ, ਪਿਆਰ ਨਾਲ ਕਰੋ, ਧਿਆਨ ਜੋੜ ਕੇ ਕਰੋ, ਤਾਂ ਜੋ ਲਿਵ ਜਾਗ ਪਵੇ, ਲਿਵ ਪੱਕ ਜਾਵੇ ਤੇ ਫੇਰ ਮੇਰੀ ਖੁਸ਼ੀ ਮੈਨੂੰ ਉਛਾਲੇ ਦੇ ਕੇ ਆਖੋ ਕਿ ਹੁਣ ਮਾਯਾ ਨੂੰ ਸਿਮਰਨਵਤੀ ਕਰਕੇ ਲਿਖਾਂ ਜਾਂ ਲਿਵਲੀਨ ਕੌਰ ਕਰਕੇ ਲਿਖਾਂ।

ਵਾਹਿਗੁਰੂ ਕਰੇ ਜੋ ਸਾਡੀ ਸੁਰਤ ਦੇ ਤਰੰਗ ਵਾਹਿਗੁਰੂ ਦੇ ਰੰਗ ਦੇ ਹੋਣ ਤੇ ਸਾਡੇ ਨਾਉਂ ਸੁਰਤ ਦੇ ਭਾਵ ਪ੍ਰਕਾਸ਼ਕ ਹੋ ਜਾਣ।

ਪੂਰਨ ਪਤੀ ਦੀ ਸੰਪੂਰਨ ਬਣਨ ਵਾਲੀ ਇਸਤ੍ਰੀ, ਇਹ ਮੈਂ ਕਵਿਤਾ ਦੇ ਕਦਾਖਯਾ ਦੀ ਗੱਲ ਨਹੀਂ ਲਿਖੀ, ਸਚਮੁਚ ਮੇਰਾ ਹਿਰਦਾ ਤੁਸਾਨੂੰ ਸਿਮਰਨ ਦਾ ਨਮੂਨਾ ਵੇਖਿਆ ਚਾਹੁੰਦਾ ਹਾਂ, ਅਰ ਤੁਸਾਂ ਦੇ ਘਰ ਵਿਚ ਰਾਮਰਾਜ ਤੱਕਣਾ ਚਾਹੁੰਦਾ ਹੈ। ਸੋ ਗੁਰੂ ਪਯਾਰੀ, ਉਦਮ ਕਰ, ਸਾਵਧਾਨ ਹੋ, ਲਗੀ ਰਹੁ ਅਰ ਫੇਰ ਦੇਖ ਦਾਤਾ ਕਿਸ ਤਰ੍ਹਾਂ ਬਹੁੜਦਾ ਹੈ।

ਪਿਆਰੇ ਜੀਓ

35