ਪੰਨਾ:ਪਿਆਰੇ ਜੀਓ – ਭਾਈ ਵੀਰ ਸਿੰਘ.pdf/30

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੧੬

5-2-1913

ਪਿਆਰੇ ਜੀ,

ਸੁਰਤ ਉਚੀ ਤੇ ਸਿਮਰਨ ਵਿਚ ਰਹਿਣੀ ਇਹੀ ਸਾਰ ਸੁਖ ਹੈ। ਬਾਕੀ, ਸੰਸਾਰ ਦੇ ਸਾਰੇ ਸੁਖ ਕਿਸੇ ਨੂੰ ਨਸੀਬ ਨਹੀਂ। ਸੰਸਾਰ ਦੇ ਸੁਖ ਝੱਟ ਦੁਖ ਵਿਚ ਪਲਟਦੇ ਹਨ, ਮੰਗੋ ਤਾਂ ਜੀ ਤਰਸਦਾ ਹੈ, ਮਿਲਣ ਤਾਂ ਜੀ ਮਸਤ ਹੋ ਕੇ ਪਾਪ ਕਰਦਾ ਹੈ, ਖੁੱਸਣ ਤਾਂ ਸੜਦਾ ਹੈ। ਜੋ ਇਨ੍ਹਾਂ ਦੀ ਪ੍ਰਵਾਹ ਛੱਡ ਕੇ ਸੁਰਤ ਨੂੰ ਨਾਮ ਰਸ ਵਿਚ ਰੱਖਦਾ ਹੈ, ਉਹੀ ਅਰ ਕੇਵਲ ਉਹੀ ਅਸਲ ਸੁਖੀਆ ਹੈ।

ਬਾਕੀ ਦਰਸ਼ਨ ਸਦਾ ਹਨ, ਸਤਿਗੁਰੂ ਹਜ਼ੂਰ ਹੈ, ਲਿਵ ਲਗੀ ਰਹੇ ਤਾਂ ਸਦਾ ਹਜੂਰੀ ਹੈ।

ਜਤੁ ਪਾਹਾਰਾ ਧੀਰਜੁ ਸੁਨਿਆਰੁ॥
ਅਹਰਣਿ ਮਤਿ ਵੇਦੁ ਹਥੀਆਰੁ॥ ਇਸ ਵਿਚ ਅੰਮ੍ਰਿਤ ਢਲਦਾ ਹੈ।
ਭਉ ਖਲਾ ਅਗਨਿ ਤਪ ਤਾਉ॥

ਇਸ ਦੀ ਟਕਸਾਲ ਬਣ ਜਾਂਦੀ ਹੈ ਤਾਂ ਉਥੇ ਸ਼ਬਦ ਦੀ ਘਾੜਤ ਹੁੰਦੀ ਹੈ। ਜੋ ਜਤੀ ਧੀਰਜੀ, ਉਜਲ ਮਤ ਵਾਲੇ, ਗਿਆਨ ਵਾਲੇ, ਭੈ ਵਾਲੇ, ਤਪ ਵਾਲੇ ਤੇ ਪ੍ਰੇਮ ਵਾਲੇ ਹੋ ਕੇ ਨਾਮ ਜਾਪਦੇ ਹਨ, ਉਹ ਮਾਲਕ ਦੇ ਦਰ ਦੇ ਆਸਾਵੰਦ ਹਨ, ਉਨ੍ਹਾਂ ਵਿਚੋਂ ਹਨ ਜਿਨ੍ਹਾਂ ਪਰ ਨਦਰ ਪੈਂਦੀ ਹੈ। ਫੇਰ ਨਦਰੀ ਦੀ ਨਦਰ ਨਾਲ ਨਿਹਾਲ ਹੁੰਦੇ ਹਨ। ਸੋ ਓਦਰਨਾਂ ਨਹੀਂ, ਪਹਿਲੇ ਘਾਲ ਘਾਲਣੀ ਹੈ, ਫੇਰ ਰਸ ਪੈਂਦਾ ਹੈ।

———ਵੀਰ ਸਿੰਘ

44

ਪਿਆਰੇ ਜੀਓ