ਪੰਨਾ:ਪਿਆਰੇ ਜੀਓ – ਭਾਈ ਵੀਰ ਸਿੰਘ.pdf/31

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੧੭

17-2-1913

ਪਿਆਰੇ ਜੀ,

ਹੁਣ ਤੁਸਾਡੇ ਪਾਸੇ ਕੋਈ ਉਜ਼ਰ ਨਹੀਂ ਜੋ ਸਤਿਗੁਰੂ ਅੱਗੇ ਪੇਸ਼ ਕਰ ਸਕੋ ਕਿ ਮੈਂ ਨਾਮ ਇਸ ਕਰਕੇ ਨਹੀਂ ਜਪ ਸਕਦਾ। ਸਤਿਗੁਰੂ ਨੇ ਸਿਹਤ ਐਸ਼ਵਰਯ, ਪਦਾਰਥ, ਨਾਮਣਾਇੱਜ਼ਤ ਤੇ ਫੁਰਸਤ ਬਖਸ਼ ਦਿਤੀ ਹੈ। ਉਸ ਨੇ ਆਪਣਾ ਫਰਜ਼ 'ਆਪਣੀ ਮਿਹਰ' ਪੂਰੀ ਕਰ ਦਿਤੀ ਹੈ। ਹੁਣ ਸਤਿਗੁਰ ਨਾਲ ਤੁਸਾਡੇ ਨਿਭਣ ਦੀ ਵਾਰੀ ਹੈ, ਜੇ ਇੰਨੀ ਫੁਰਸਤ, ਖੁਲ੍ਹੇ ਜੰਗਲ, ਉਜਾੜਾਂ, ਇਕਾਂਤਾਂ, ਉਲਝਣਾਂ ਤੋਂ ਵਿਹਲ ਪਾ ਕੇ ਵੀ ਸਿਮਰਨ ਨਾ ਕਰੋ, ਟੁੱਟ ਕੇ ਸਿਮਰਨ ਵਿਚ ਨਾ ਲਗੋ, ਇਕ ਸਿਮਰਨ ਦੀ ਆਸ਼ਕੀ ਨਾ ਕਮਾਓ ਤਾਂ ਸਤਿਗੁਰ ਨਾਲ ਬਾਜ਼ੀ ਹਾਰਨ ਦਾ ਡਰ ਹੈ। "ਗੋਸਾਈ ਮਿਹੰਡਾ ਇਠੜਾ॥ ਅੰਮ ਅਥੇ ਬਾਵਹੁ ਮਿਠੜੀ॥" ਹੈ, ਪਰ ਪੁਤਾਂ ਦਾ ਵੀ ਕੋਈ ਫਰਜ਼ ਹੈ। ਜੇ ਉਸ ਦਾਤੇ ਦੀ ਯਾਦ ਤੇ ਧਿਆਨ ਤੇ ਲਿਵ ਵਿਚ ਜੀ ਨਹੀਂ ਖੁਭਦਾ, ਜੇ ਜੀ ਨਾ ਖੁਭੇ ਤਾਂ ਹਠ ਕਰਕੇ ਘਾਲ ਦੇ ਅਸੂਲ ਤੇ ਉਸ ਦੀ ਅਰਾਧਨਾ ਨਹੀਂ ਕੀਤੀ ਜਾਂਦੀ ਤਾਂ ਸਤਿਗੁਰੂ ਨਾਲ ਕੇ ਯਾਰੀ ਹੋਈ? ਸਚੀਆਂ ਗੱਲਾਂ ਏਹੋ ਹਨ। ਇਸ ਇਲਮ ਪੜ੍ਹਨ ਵਿਚ ਕਾਹਦੇ ਲਿਹਾਜ਼। ਸਬਕ ਪਕਾਣਾ ਹੈ, ਜੇ ਨਾ ਪਕਾਈਏ ਤਾਂ ਪੈਂਦੀਆਂ ਹਨ, ਸੋ ਹੁਣ ਘੇਸਲੀਆਂ ਨਹੀਂ ਮਾਰਨੀਆਂ, ਸਤਿਗੁਰੂ ਨਾਲ ਟਾਲੇ ਨਹੀਂ ਕਰਨੇ। ਦੁਨਿਆਵੀ ਐਸ਼ਵਰਯ, ਪ੍ਰਤਾਪ, ਮਿਤ੍ਰਨਿਆਂ, ਯਾਰੀਆਂ ਕਾਮਯਾਬੀਆਂ ਨੂੰ ਸੁਰਤ ਵਿਚ secondary place ਦਿਓ ਤੇ ਨਾਮ ਨੂੰ Primary function of Life ਬਣਾਓ। ਹੁਣ ਅਵਸਰ ਹੈ, ਹੁਣ ਅਵਸਰ ਹੈ ਹੁਣ ਮੌਕਾ ਹੈ ਤੇ ਸਮਾਂ ਹੈ। ਫੇਰ ਇਹ ਸਮਾਂ ਹੱਥ ਨਹੀਂ ਆਉਣਾ। ਜਵਾਨੀ ਵੀ ਆਪਣੀ Zenith ਲੰਘ ਚੁਕੀ, ਫੇਰ ਕਿਹੜਾ ਵੇਲਾ ਟੁੱਟ ਕੇ ਲੱਗਣ ਦੇ ਆਵੇਗਾ? ਨਾਮ ਨਾਲ ਖੜਮਸਤੀਆਂ ਛੋੜ ਦਿਓ, ਇਕ ਚਿਤ ਸਾਵਧਾਨ ਹੋ ਕੇ ਲਗੋ ਤੇ ਜਨਮ ਜਿੱਤ ਜਾਓ। ਨਹੀਂ ਤੇ "ਸਭ ਇਕਠੇ ਹੋਇ ਆਇਆ॥ ਘਰਿ ਜਾਸਨਿ ਵਾਟ ਵਟਾਇਆ॥ ਗੁਰਮੁਖਿ ਲਾਹਾ ਲੈ ਗਏ ਮਨਮੁਖ ਚਲੇ ਮੂਲੁ ਗਵਾਇ ਜੀਓ" ਵਾਲੀ ਗੱਲ ਹੋਵੇਗੀ। ਜੋ ਨਾਮ ਨਹੀਂ ਜਪਦੇ ਉਹ ਮਨੁਖ ਸ਼ਰੇਣੀ ਵਿਚ ਨਹੀਂ। ਜੋ ਨਾਮ ਰਸ ਵਿਚ ਨਹੀਂ ਰਹਿੰਦੇ ਸਾਕਤ ਹਨ, ਸਾਕਤਾਂ ਲਈ ਅੱਗੇ ਦੁਖ ਹੈ, ਸੋ ਅਠੇ ਪਹਿਰ ਹਰੀ ਰਸ ਵਿਚ ਰਹੋ। ਸਤਿਸੰਗ ਫਕੀਰਾਂ ਦੇ ਮਿਲਣ ਦਾ ਏਹੀ ਲਾਹਾ ਹੈ। ਨਹੀਂ ਤਾਂ Social ਭਾਈਚਾਰੇ ਤੁਸਾਡੇ ਵਰਗੇ ਉਚੀ Position ਦੇ ਲੋਕਾਂ ਨੂੰ ਬੇਹਦ ਹਨ।

ਪਿਆਰੇ ਜੀਓ

45