੫੩
11-7-1928
ਸ੍ਰੀ ਜੀਓ ਜੀ,
ਆਪ ਦਾ ਪੱਤ੍ਰ ਪੁੱਜਾ ਸੀ, ਮੈਂ ਕਈ ਕਾਰਨਾ ਕਰਕੇ ਕਈ ਦਿਨ ਡਾਕ ਤੱਕ ਨਹੀਂ ਸਕਿਆ, ਇਸ ਲਈ ਦੇਰੀ ਹੋ ਗਈ ਹੈ। ਇਹ ਪੜ੍ਹਕੇ ਕਿ ਭੁਜੰਗੀ ਨੂੰ ਆਪ ਨੇ ਟੋਰਿਆ ਹੈ ਅਸਚਰਜ ਹੋਇਆ, ਉਸ ਦਾਤੇ ਦੇ ਪਿਆਰ ਉਤੇ। ਇਕ ਪਾਸੇ ਵਿਯੋਗ ਦਿੱਤਾ ਤੇ ਦੂਜੇ ਪਾਸੇ ਆਪ ਨੂੰ ਸਬਰ ਦੀ ਦਾਤ ਬਖਸ਼ ਕੇ ਅਪਣੇ ਚਰਨਾਂ ਦਾ ਆਸਰਾ ਦਿੱਤਾ।
ਸਰੀਰਕ ਵਿਯੋਗ ਮਨ ਨੂੰ ਉਕਤਾ ਤੇ ਘਬਰਾ ਦਿਤਾ ਕਰਦੇ ਹਰ ਪਨ ਜੇ ਨਾਮ ਅਭਯਾਸ ਨਾਲ ਸੁਰਤ ਉਚੇ ਘਰਾਂ ਵਿਚ ਉਠੱਣ ਦੀ ਅਭਯਾਸੀ ਹੋਵੇ ਤਾਂ ਮਨ ਦਾ ਘਾਉ ਛੇਤੀ ਮਿਲ ਜਾਂਦਾ ਹੈ। ਅਸੀਂ ਨਾਮ ਜਪਣ ਆਏ ਹਾਂ "ਆਇਓ ਸੁਨਨ ਪੜਨ ਕਉ ਬਾਣੀ"। ਹੋਰ ਕਿੱਤੇ ਨਿਰਬਾਹ ਮਾਤ੍ਰ ਹਨ। ਜੇ ਨਜ਼ਰ ਇਸ ਗੱਲ ਉਤੇ ਰਹੇ ਤਾਂ ਏਹ ਵਿਛੋੜੇ ਦੁੱਖ ਨਹੀਂ ਦੇਂਦੇ, ਕਿਉਂਕਿ ਸਦਾ ਦੇ ਨਹੀਂ ਹਨ, “ਅਸਾਂ ਭਿ ਓਥੇ ਜਾਣਾ” ਹੁਕਮ ਹੈ। ਇਥੋਂ ਧੋਪ ਕੇ, ਸਵਰੀਜ ਕੇ, ਉਚੇ ਹੋ ਕੇ ਗਿਆ, ਓਥੇ ਸੁਖ ਹੈ, ਚਾਨਣਾ ਹੈ, ਰਸ ਹੈ, ਮਿਲਾਪ ਹੈ। ਇਥੋਂ ਮੈਲਿਆਂ ਗਿਆਂ ਓਥੇ ਹੁਮੱਸ ਤੇ ਵਿਛੋੜਾ ਹੈ। ਤਾਂਤੇ ਏਥੋਂ ਉਜੱਲ ਤੇ ਉਚੇ ਹੋ ਕੇ ਜਾਣਾ ਚਾਹੀਏ। ਵਿਯੋਗੀ ਸੱਟਾਂ ਵਿਚ ਮਨ ਹੇਠਾਂ ਆ ਕੇ ਬੇ-ਸਾਂਈਂ ਲੋਕਾਂ ਵਾਂਙੂ ਰੁੜ੍ਹ ਪੈਂਦਾ ਹੈ। ਚਾਹੀਏ ਕਿ ਮਨ ਨਾਲ ਲਗਾ ਰਹੇ: "ਏ ਮਨਾ ਮੇਰਿਆ ਤੂ ਸਦਾ ਰਹੁ ਹਰਿ ਨਾਲੇ॥ ਹਰਿ ਨਾਲ ਰਹੁ ਤੂੰ ਮੰਨ ਮੇਰੇ ਦੂਖ ਸਭਿ ਵਿਸਾਰਣਾ॥" ਜੋ ਆਪਣੇ ਮਨ ਨੂੰ ਰੱਬ ਦੇ ਨਾਲ ਰੱਖਦਾ ਹੈ। ਭਾਵ ਨਾਮ ਚਿੰਤਨ ਵਿਚ ਰਹਿੰਦਾ ਹੈ, ਸੋ ਦੁਖ ਤੋਂ ਸੁਖ ਵਿਚ ਚੜਦਾ ਹੈ। ਸਦਾ ਮਨ ਨੂੰ ਨਾਮ ਵਿਚ ਰਖਣ ਦਾ ਜਤਨ ਜਾਰੀ ਰਹੇ, ਇਹ ਲੋਕ ਪ੍ਰਲੋਕ ਦਾ ਸੁਖਦਾਤਾ ਹੈ।
ਵਾਹਿਗੁਰੂ ਮੇਹਰ ਕਰੇ, ਨਾਮ ਬਖਸ਼ੇ, ਰਜ਼ਾ ਬਖਸ਼ੇ। ਬੱਚਿਆਂ ਦਾ ਆਉਣਾ ਜਾਣਾ ਗੁਰਸਿਖਾਂ ਦੇ ਆਉਣ ਵਾਂਙ ਹੈ। ਸਤਿਗੁਰ ਦੇ ਘੱਲੇ ਪ੍ਰਾਹੁਣੇ ਗੁਰਸਿਖ ਘਰ ਆਏ ਤੇ ਉਸ ਦੇ ਸੱਦੇ ਉਠ ਗਏ। ਆਪਣਾ ਮੋਹ ਮਾਇਆ ਨਾਲ ਜਿੰਨਾ ਪਏਗਾ ਉਨਾਂ ਦੁਖ ਹੋਏਗਾ। ਜਿੰਨਾ ਨਾਮ ਨਾਲ ਪਿਆਰ ਤੇ ਬਾਕੀ ਸੇਵਾ ਮਾਤ੍ਰ ਦਾ ਭਾਵ ਰਹਿ ਜਾਏਗਾ, ਉੱਨਾ ਸੁਖ ਰਹੇਗਾ।
ਬਾਰੰ ਬਾਰ ਬਾਰ ਪ੍ਰਭੁ ਜਪੀਐ॥ ਪੀ ਅੰਮ੍ਰਿਤ ਇਹੁ ਮਨੁ ਤਨੁ ਧ੍ਰਪੀਐ॥
ਜੋ ਹੋਆ ਹੋਵਤ ਸੋ ਜਾਨੈ॥ ਪ੍ਰਭ ਅਪਨੇ ਕਾ ਹੁਕਮੁ ਪਛਾਨੈ।।
ਇਹ ਮਾਰਗ ਸਿੱਖੀ ਦਾ ਹੈ।
—ਵੀਰ ਸਿੰਘ
ਪਿਆਰੇ ਜੀਓ
101