ਸਮੱਗਰੀ 'ਤੇ ਜਾਓ

ਪੰਨਾ:ਪੁਰਾਤਨ ਜਨਮ ਸਾਖੀ – ਸ੍ਰੀ ਗੁਰੂ ਨਾਨਕ ਦੇਵ ਜੀ.pdf/23

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

'ਸੁਣ ਹੋ ਪੰਡਿਤੁ! ਓਸੁ ਸਾਹਿਬ ਕਾ ਐਸਾ ਡਰੁ ਹੈ ਜੋ ਮੇਰੀ ਦੇਹ ਭੈਮਾਨੁ ਹੋਇ ਗਈ ਹੈ। ਜੋ ਈਹਾਂ ਖਾਨ ਸੁਲਤਾਨ ਕਹਾਇਦੇ ਥੇ ਸੋ ਭੀ ਮਰਿ ਖਾਕ ਹੋਇ ਗਏ। ਜਿਨਕਾ ਅਮਰ ਮਨੀਤਾ ਥਾ, ਜਿਨਕੈ ਡਰਿ ਪ੍ਰਿਥਵੀ ਭੈਮਾਨ ਹੋਤੀ ਥੀ ਸੋ ਭੀ ਮਰਿ ਖਾਕ ਹੋਇ ਗਏ। ਸੁਣ ਹੋ ਪੰਡਿਤਾ! ਮੈਂ ਕੂੜਾ ਨੇਹੁ ਕਿਸ ਸੋਂ ਕਰਉਂ, ਹਮ ਭੀ ਉਠਿ ਜਾਹਿਂਗੇ, ਖਾਕ ਦਰ ਖ਼ਾਕ ਹੋਇ ਜਾਹਿਂਗੇ, ਹਮ ਤਿਸਕੀ ਬੰਦਗੀ ਕਰਹਿਂਗੇ ਜੋ ਜੀਅ ਲਏਗਾ ਫਿਰਿ ਇਸ ਸੰਸਾਰ ਸੳ[1] ਕੂੜਾ ਨੇਹੁ ਕਿਆ ਕਰਹਿਂ?'

ਤਬ ਪੰਡਿਤ ਹੈਰਾਨ ਹੋਇ ਗਇਆ, ਨਮਸਕਾਰੁ ਕੀਤੋਸੁ, ਜੋ ਕੋਈ ਪੂਰਾ ਹੈ: 'ਜੋ ਤੇਰੇ ਆਤਮੇ ਆਉਂਦੀ ਹੈ ਸੋ ਕਰਿ। ਤਬ ਗੁਰੂ ਬਾਬਾ ਜੀ ਘਰਿ ਆਇਕੈ ਬੈਠ ਰਹਿਆ। ਬੋਲੋ ਵਾਹਿਗੁਰੂ।

3. ਕੁੜਮਾਈ, ਵਿਆਹ

ਆਗਿਆ ਪਰਮੇਸ਼ਰ ਕੀ ਹੋਈ ਜੋ ਕਿਰਤਿ ਕਛੁ ਨ ਕਰੈ। ਜੇ ਬੈਠੇ ਤਾਂ ਬੈਠਾ ਹੀ ਰਹੈ, ਜਾਂ ਸੋਵੇ ਤਾਂ ਸੋਇਆ ਹੀ ਰਹੈ। ਫ਼ਕੀਰਾਂ ਨਾਲ ਮਜਲਸ ਕਰੈ। ਬਾਬਾ ਕਾਲੂ ਹੈਰਾਨ ਹੋਇ ਗਇਆ, ਕਹਿਆ ਸੁ 'ਨਾਨਕ! ਤੂੰ ਇਵੈ ਰਹੈ ਤਾਂ ਕਿ ਹੋਵੈ?'

ਜਬ ਗੁਰੂ ਨਾਨਕ ਬਰਸਾਂ ਨਵਾਂ ਕਾ ਹੋਆ ਤਬਿ ਫਿਰਿ [2]ਤੋਰਕੀ ਪੜ੍ਹਨ ਪਾਇਆ। ਵਤ ਘਰਿ ਬਹਿ ਗਇਆ, ਦਿਲ ਦੀ ਖ਼ਬਰ ਗਲ ਕਿਸੈ ਨਾਲ ਕਰੈ ਨਾਹੀਂ। ਤਬ ਕਾਲੂ ਨੂੰ ਲੋਕਾਂ ਆਖਿਆ 'ਕਾਲੂ! ਇਸ ਦਾ ਵਿਵਾਹ ਕਰ'। ਤਬ ਕਾਲੂ ਉਠ ਖੜਾ ਹੋਇਆ ਚਿਤਵਨੀ ਕੀਤੀਆਸੁ ਜੋ ਕਿਵੇ ਕੁੜਮਾਈ ਹੋਵੈ। ਤਦ ਮੂਲਾ ਖੱਤ੍ਰੀ ਜਾਤਿ ਚੋਣਾ ਤਿਸਦੇ ਘਰ ਕੁੜਮਾਈ ਹੋਈ[3]

ਤਾਂ ਬਾਬਾ ਬਰਸਾਂ ਬਾਰਾਂ ਕਾ ਹੋਇਆ ਤਬ ਵੀਵਾਹਿਆ। ਬਾਬਾ ਲੱਗਾ ਸੰਸਾਰ ਕੀ ਕਿਰਤ ਕਰਣ, ਪਰ ਚਿਤ ਕਿਸੈ ਨਾਲ ਲਾਏ ਨਾਹੀਂ, ਘਰ ਦੀ ਖ਼ਬਰ ਲਏ ਨਾਹੀਂ, ਘਰ ਦੇ ਆਦਮੀ ਆਖਣ: 'ਜੋ ਅੱਜ ਕਲ ਫ਼ਕੀਰਾਂ ਨਾਲ ਉਠ ਜਾਂਦਾ ਹੈ'। ਬੋਲੋ ਵਾਹਿਗੁਰੂ।


  1. ਇਥੇ ਹਾ: ਬਾ: ਨੁ: ਵਿਚ ਸਾਰੀ ਇਬਾਰਤ ਨਹੀਂ ਹੈ, ਫੋਟੋ ਦੇ ਨੁਸਖ਼ੇ ਵਿਚ ਹਾਸ਼ੀਏ ਛਿਜੇ ਹੋਣ ਕਰਕੇ ਅੱਖਰ ਨਹੀਂ ਆਏ। ਇਹ ਪਾਠ-‘ਬੰਦਗੀ ਕਰਹਿੰਗੇ ਜੋ-ਤੋਂ-ਇਸ ਸੰਸਾਰ ਸਉ'- ਖਾਲਸਾ ਕਾਲਜ ਵਾਲੀ ਪੋਥੀ ਤੋਂ ਪਾਏ ਹਨ।
  2. ਏਥੋਂ ਅੱਗੇ ਵਲੈਤ ਵਾਲੇ ਨੁਸਖ਼ੇ ਵਿਚ ਦੋ ਪਤਰੇ ਹੈਨ ਨਹੀਂ, ਹਾਫ਼ਜ਼ਾਬਾਦ ਵਾਲੇ ਨੁਸਖ਼ੇ ਦੇ ਉਤਾਰੇ ਤੋਂ ਦੋ ਪਤਰੇ ਦੀ ਇਬਾਰਤ- ਤੋਰਕੀ ਪੜ੍ਹ....ਤੋਂ ਓਥੇ ਕਿਛੁ ਨਹੀਂ ਉਜੜਿਆ"- (ਪੰਨਾ 27) ਤਕ ਏਥੇ ਪਾਈ ਹੈ।
  3. ਪਿਛਲੇਰੀਆਂ ਸਾਖੀਆਂ ਵਿਚ ਵਿਵਾਹ ਸੁਲਤਾਨਪੁਰ ਜਾ ਕੇ ਹੋਯਾ ਲਿਖਿਆ ਹੈ ਪਰ ਭਾਈ ਮਨੀ ਸਿੰਘ ਜੀ ਨੇ ਵਿਆਹ ਇਥੇ ਹੀ ਹੋਇਆ ਦੱਸਿਆ ਹੈ।

ਪੁਰਾਤਨ ਜਨਮ ਸਾਖੀ - ਸ੍ਰੀ ਗੁਰੂ ਨਾਨਕ ਦੇਵ ਜੀ (13)