ਸਮੱਗਰੀ 'ਤੇ ਜਾਓ

ਪੰਨਾ:ਪੁਰਾਤਨ ਜਨਮ ਸਾਖੀ – ਸ੍ਰੀ ਗੁਰੂ ਨਾਨਕ ਦੇਵ ਜੀ.pdf/24

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

4. ਖੇਤ ਹਰਿਆ

ਤਬ ਆਗਿਆ ਪਰਮੇਸਰ ਕੀ ਹੋਈ, ਜੋ ਇਕ ਦਿਨ ਕਾਲੂ ਕਹਿਆ: 'ਨਾਨਕ ਇਹ ਘਰ ਦੀਆਂ ਮਹੀਂ ਹਨ ਤੂੰ ਚਾਰ ਲੈ ਆਉ'। ਤਬ ਗੁਰੂ ਨਾਨਕ ਮਹੀਂ ਲੈ ਕਰ ਬਾਹਰ ਗਿਆ ਤਾਂ ਚਰਾਇ ਲੈ ਆਇਆ। ਫਿਰ ਅਗਲੇ ਦਿਨ ਗਇਆ ਤਾਂ ਮਹੀਂ ਛੱਡਕੇ ਕਣਕ ਦੇ ਬੰਨੇ ਪੈ ਸੁੱਤਾ, ਤਬ ਮਹੀਂ ਜਾਇ ਕਣਕ ਨੂੰ ਪਈਆਂ, ਤਬ ਕਣਕ ਉਜਾੜ ਦੂਰ ਕੀਤੀ। ਤਬ ਇਕ ਭੱਟੀ ਥਾ ਕਣਕ ਦਾ ਖਾਂਵਦ। ਉਹ ਆਇ ਗਇਆ, ਉਨ ਭੱਟੀ ਕਹਿਆ: 'ਭਾਈ ਵੇ! ਤੂੰ ਜੋ ਖੇਤ ਉਜਾੜਿਆ ਹੈ, ਸੋ ਕਿਉਂ ਉਜਾੜਿਆ ਹੈ? ਇਸ ਉਜਾੜੇ ਦਾ ਜਵਾਬ ਦੇਹ'। ਤਬ ਗੁਰੂ ਨਾਨਕ ਕਹਿਆ ‘ਭਾਈ ਵੇ! ਤੇਰਾ ਕਿਛੁ ਨਾਹੀਂ ਉਜਾੜਿਆ! ਕਿਆ ਹੋਇਆ ਜਿ ਕਿਸੈ ਮਹੀਂ ਮੂੰਹ ਪਾਇਆ? ਖ਼ੁਦਾਇ ਇਸੈ ਵਿਚ ਬਰਕਤ ਘੱਤਸੀ'। ਤਾਂ ਭੀ ਉਹ ਰਹੈ ਨਾਹੀ, ਗੁਰੂ ਨਾਨਕ ਨਾਲ ਲੱਗਾ ਲੜਨ। ਤਬ ਗੁਰੂ ਨਾਨਕ ਅਤੇ ਭੱਟੀ ਝਗੜਦੇ ਝਗੜਦੇ ਰਾਇ ਬੁਲਾਰ ਪਾਸ ਆਇ ਖੜੇ ਹੋਏ, ਤਬ ਰਾਇ ਬੁਲਾਰ ਕਹਿਆ: 'ਏਹ ਦਿਵਾਨਾ ਹੈ, ਤੁਸੀਂ ਕਾਲੂ ਨੂੰ ਸਦਾਵਹੁ'। ਤਬ ਕਾਲੂ ਨੂੰ ਸਦਾਇਆ। ਤਬ ਰਾਇ ਬੁਲਾਰ ਆਖਿਆ: 'ਕਾਲੂ! ਇਸ ਪੁੱਤ੍ਰ ਨੂੰ ਸਮਝਾਇਦਾ ਕਿਉਂ ਨਾਂਹੀ, ਜੋ ਪਰਾਈ ਖੇਤੀ ਉਜਾੜ ਆਇਆ ਹੈ? ਭਲਾ ਦਿਵਾਨਾ ਕਰ ਛਡਿਆ ਆਹੀ। ਭਾਈ ਵੇ! ਏਹ ਉਜਾੜਾ ਜਾਇ ਭਰ ਦੇਹ, ਨਾਹੀ ਤਾਂ ਤੁਰਕਾਂ ਪਾਸ ਜਾਇ ਖੜਾ ਹੋਸੀਆ'। ਤਬ ਕਾਲੂ ਕਹਿਆ, 'ਜੀ ਮੈਂ ਕਿਆ ਕਰੀਂ? ਏਹ ਅਜੈ ਭੀ ਦਿਵਾਨਾ ਫਿਰਦਾ ਹੈ'। ਤਬ ਰਾਇ ਬੁਲਾਰ ਆਖਿਆ, 'ਮੈਂ ਤੇਰੇ ਤਾਈਂ ਗੁਨਾਹ ਬਖਸ਼ਿਆ, ਪਰ ਤੂੰ ਇਸ ਦਾ ਉਜਾੜਾ ਭਰ ਦੇਹ। ਤਬਿ ਨਾਨਕੁ ਮਹੀਨੇ ਤਿੰਨ ਤਾਈ ਖਾਵੈ ਪੀਵੈ ਕਿਛੁ ਨਾਹੀ। ਤਬ ਗੁਰੂ ਨਾਨਕ ਆਖਿਆ: 'ਜਾਇ ਦੇਖਹੁ, ਓਥੈ ਕਿਛੁ ਨਾਹੀ ਉਜੜਿਆ'।

ਤਬ ਭੱਟੀ ਕਹਿਆ: 'ਜੀ ਮੇਰਾ ਖੇਤੁ ਉਜੜਿਆ ਹੈ, ਮੇਰਾ ਤਪਾਵਸੁ ਕਰਿ ਨਾਹੀ ਤਾਂ ਮੈਂ ਤੁਰਕਾਂ ਪਾਸ ਵੈਂਦਾ ਹਾਂ'। ਤਬ ਗੁਰੂ ਨਾਨਕ ਆਖਿਆ: 'ਦੀਵਾਨ ਸਲਾਮਤਿ! ਜੇ ਹਿਕੁ ਪਠਾ ਰੁੜਿਕਾ ਟੁਕਿਆ ਹੋਵੇ ਤਾਂ ਜਬਾਬੁ ਕਰਣਾ, ਪਰੁ ਤੁਸੀਂ ਆਪਣਾ ਆਦਮੀ ਭੇਜਿ ਕਰਿ ਦੇਖਹੁ'। ਤਬ ਰਾਇ ਬੁਲਾਰ ਆਪਣੇ ਪਿਆਦੇ ਭੇਜੇ! ਜੋ

ਊਹਾਂ ਆਦਮੀ ਜਾਵਨਿ ਤਾਂ ਖੇਤੀ ਸਬੂਤ ਖੜੀ ਹੈ[1], ਇਕ ਪਠਾ ਖੇਤੀ ਦਾ ਉਜੜਿਆ ਨਾਹੀਂ ਤਬ ਬਾਬੇ ਸ਼ਬਦ ਉਚਾਰਣ ਕੀਤਾ:-


  1. ਏਥੇ ਵਲੈਤ ਵਾਲੇ ਨੁਸਖ਼ੇ ਵਿਚ ਇਕ ਸਤਰ ਮਿਟੀ ਹੋਈ ਹੈ, ਇਹ ਪਾਠ:- "ਖੇਤੀ ਸਬੂਤ ਖੜੀ ਹੈ-" ਖਾਲਸਾ ਕਾਲਜ ਦੇ ਨੁਸਖ਼ੇ ਤੋਂ ਲੀਤਾ ਹੈ।

(26) ਪੁਰਾਤਨ ਜਨਮ ਸਾਖੀ - ਸ੍ਰੀ ਗੁਰੂ ਨਾਨਕ ਦੇਵ ਜੀ