ਸਮੱਗਰੀ 'ਤੇ ਜਾਓ

ਪੰਨਾ:ਪੁਰਾਤਨ ਜਨਮ ਸਾਖੀ – ਸ੍ਰੀ ਗੁਰੂ ਨਾਨਕ ਦੇਵ ਜੀ.pdf/25

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸੂਹੀ ਮਹਲਾ ੧॥


ਜੋਗੀ ਹੋਵੈ ਜੋਗਵੈ ਭੋਗੀ ਹੋਵੈ ਖਾਇ॥ ਤਪੀਆ ਹੋਵੈ ਤਪੁ ਕਰੇ
ਤੀਰਥਿ ਮਲਿ ਮਲਿ ਨਾਇ॥੧॥ ਤੇਰਾ ਸਦੜਾ ਸੁਣੀਜੈ ਭਾਈ ਜੇ
ਕੋ ਬਹੈ ਅਲਾਇ॥੧॥ ਰਹਾਉ॥ ਜੈਸਾ ਬੀਜੈ ਸੋ ਲੁਣੇ ਜੋ ਖਟੇ ਸੋ
ਖਾਇ॥ ਅਗੈ ਪੁਛ ਨ ਹੋਵਈ ਜੇ ਸਣੁ ਨੀਸਾਣੈ ਜਾਇ॥੨॥ ਤੈਸੋ
ਜੈਸਾ ਕਾਢੀਐ ਜੈਸੀ ਕਾਰ ਕਮਾਇ॥ ਜੋ ਦਮੁ ਚਿਤਿ ਨ ਆਵਈ
ਸੋ ਦਮੁ ਬਿਰਥਾ ਜਾਇ॥੩॥ ਇਹੁ ਤਨੁ ਵੇਚੀ ਬੈ ਕਰੀ ਜੇ ਕੋ ਲਏ
ਵਿਕਾਇ॥ ਨਾਨਕ ਕੰਮਿ ਨ ਆਵਈ ਜਿਤੁ ਤਨਿ ਨਾਹੀ ਸਚਾ
ਨਾਉ॥੪॥ ੫॥੭॥

(ਪੰਨਾ ੭੩੦)

ਤਬਿ ਰਾਇ ਬੁਲਾਰ ਉਸ ਭੱਟੀ ਕਉ ਝੂਠਾ ਕੀਤਾ, ਗੁਰੂ ਨਾਨਕੁ ਅਤੇ ਕਾਲੂ ਦੋਵੈ ਘਰਿ ਆਏ।

5. ਬ੍ਰਿਛ ਦੀ ਛਾਂ ਨਾ ਫਿਰੀ

ਤਬਿ ਆਗਿਆ ਪਰਮੇਸਰ ਕੀ ਹੋਈ, ਜੋ ਗੁਰੂ ਨਾਨਕ ਦੇ ਘਰਿ ਦੁਇ ਬੇਟੇ ਹੋਏ: ਲਖਮੀ ਦਾਸ ਤੇ ਸ੍ਰੀਚੰਦੁ। ਪਰ ਬਾਬੇ ਦੀ ਉਦਾਸੀ ਮਿਟੈ ਨਾਹੀਂ। ਗੁਰੂ ਨਾਨਕ ਰੁਖੀ ਬਿਰਖੀ ਜਾਇ ਉਦਾਸੁ ਰਹੈ। ਤਬਿ ਇਕ ਦਿਨ ਗੁਰੂ ਬਾਬਾ ਨਾਨਕ ਜੀ ਜਾਇ ਕਰਿ ਬਾਗ ਵਿਚ ਸੁੱਤਾ, ਫਿਰਿ ਦਿਨੁ ਲਥਾ ਉਠੇ ਨਾਹੀ। ਤਬ ਰਾਇ ਬੁਲਾਰ ਦੇਵ ਭੱਟੀ ਸਿਕਾਰਿ ਚੜਿਆ ਥਾ, ਆਉਂਦਾ ਆਉਂਦਾ ਜਾਂ ਬਾਗ ਵਿਚ ਆਵੈ, ਤਾਂ ਕੋਈ ਦਰਖਤ ਹੇਠਿ ਸੁੱਤਾ ਪਇਆ ਹੈ। ਪਰ ਜਾਂ ਦੇਖੈ ਤਾਂ ਹੋਰਨਾਂ ਦਰਖਤਾਂ ਦੀ ਛਾਇਆ ਚਲਿ ਗਈ ਹੈ, ਅਰੁ ਇਸੁ ਦਰਖਤ ਦਾ ਪ੍ਰਛਾਵਾਂ ਖੜਾ ਹੈ। ਤਬ ਰਾਇ ਬੁਲਾਰ ਆਖਿਆ, 'ਇਸ ਨੂੰ ਜਗਾਇਹੂ'। ਜਬ ਉਠਾਇਆ, ਤਾਂ ਕਾਲੂ ਦਾ ਪੁੱਤ੍ਰ ਹੈ। ਤਬਿ ਰਾਇ ਬੁਲਾਰ ਆਖਿਆ, 'ਯਾਰੋ! ਕੱਲ ਵਾਲੀ[1]ਵੀ ਗਲਿ ਡਿਠੀ ਹੈ, ਅਰ ਏਹੁ ਭੀ ਦੇਖਹੁ, ਏਹ ਖਾਲੀ ਨਾਹੀ'। ਤਬਿ ਰਾਇ ਬੁਲਾਰ ਭੱਟੀ ਘਰਿ ਆਇਆ। ਆਇ ਕਰਿ ਕਾਲੂ ਨੂੰ ਸਦਾਇਓਸੁ, ਅਰ ਆਖਿਓਸੁ: 'ਕਾਲੂ! ਮਤੁ ਇਸੁ ਪੁਤ੍ਰ ਨੋ ਫਿਟੁ ਮਾਰ ਦੇਂਦਾ ਹੋਵੇਂ, ਇਹ ਮਹਾਂਪੁਰਖੁ ਹੈ, ਇਸ ਦਾ ਸਦਕਾ ਮੇਰਾ ਸਹਰੁ ਵਸਦਾ ਹੈ। ਕਾਲੂ ਤੂੰ ਭੀ ਨਿਹਾਲੁ ਹੋਆ[2], ਅਤੇ ਮੈਂ ਭੀ ਨਿਹਾਲੁ ਹਾਂ, ਜਿਸ ਦੇ ਸਹਰ ਵਿਚਿ ਇਹ ਪੈਦਾ ਹੋਆ ਹੈ'। ਤਬਿ ਕਾਲੂ ਆਖਿਆ, “ਜੀ ਖੁਦਾਇ ਦੀਆ ਖੁਦਾਇ ਹੀ ਜਾਣੈ।" ਕਾਲੂ ਘਰਿ ਆਇਆ।


  1. ਹਾ: ਬਾ: ਨੁਸਖੇ ਵਿਚ ਪਾਠ ‘ਅਗਲੀ ਗਲ ਹੈ।
  2. ਇਸ ਥਾਵੇਂ ਹਾ: ਬਾ: ਨੁਸਖ਼ੇ ਵਿਚ ਏਹ ਅੱਖਰ:- 'ਜੋ ਤੇਰਾ ਪੁਤ੍ਰ ਹੈ'- ਹੋਰ ਬੀ ਵਾਧੂ ਹੈਨ।

ਪੁਰਾਤਨ ਜਨਮ ਸਾਖੀ - ਸ੍ਰੀ ਗੁਰੂ ਨਾਨਕ ਦੇਵ ਜੀ (27)