ਸਮੱਗਰੀ 'ਤੇ ਜਾਓ

ਪੰਨਾ:ਪੁਰਾਤਨ ਜਨਮ ਸਾਖੀ – ਸ੍ਰੀ ਗੁਰੂ ਨਾਨਕ ਦੇਵ ਜੀ.pdf/32

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕੇਤੇ ਨਾਗ ਕੁਲੀ ਮਹਿ ਆਏ ਕੇਤੇ ਪੰਖ ਉਡਾਏ॥੨॥ ਹਟ ਪਟਣ
ਬਿਜ ਮੰਦਰ ਭੰਨੈ ਕਰਿ ਚੋਰੀ ਘਰਿ ਆਵੈ॥ ਅਗਹੁ ਦੇਖੈ ਪਿਛਹੁ
ਦੇਖੈ ਤੁਝ ਤੇ ਕਹਾ ਛਪਾਵੈ॥੩॥ ਤਟ ਤੀਰਥ ਹਮ ਨਵ ਖੰਡ ਦੇਖੇ
ਹਟ ਪਟਣ ਬਾਜਾਰਾ॥ ਲੈ ਕੈ ਤਕੜੀ ਤੋਲਣਿ ਲਾਗਾ ਘਟ ਹੀ
ਮਹਿ ਵਣਜਾਰਾ॥੪॥ ਜੇਤਾ ਸਮੁੰਦੁ ਸਾਗਰੁ ਨੀਰਿ ਭਰਿਆ ਤੇਤੇ
ਅਉਗਣ ਹਮਾਰੇ॥ ਦਇਆ ਕਰਹੁ ਕਿਛੁ ਮਿਹਰ ਉਪਾਵਹੁ ਡੁਬਦੇ
ਪਥਰ ਤਾਰੇ॥੫॥ ਜੀਅੜਾ ਅਗਨਿ ਬਰਾਬਰਿ ਤਪੈ ਭੀਤਰਿ ਵਗੈ
ਕਾਤੀ॥ ਪ੍ਰਣਵਤਿ ਨਾਨਕੁ ਹੁਕਮੁ ਪਛਾਣੈ ਸੁਖੁ ਹੋਵੈ ਦਿਨੁ ਰਾਤੀ
॥੬॥੫॥੧੭॥

(ਪੰਨਾ ੧੫੬)

8. ਸੁਲਤਾਨਪੁਰ ਨੂੰ ਤਿਆਰੀ

ਤਬ ਆਗਿਆ ਪਰਮੇਸਰ ਕੀ ਹੋਈ ਜੋ ਗੁਰੂ ਨਾਨਕ ਬਾਹਿਰ ਆਇਆ, ਤਾਂ ਬਾਬੇ ਨਾਨਕ ਦਾ ਬਹਣੋਯਾ ਜੈਰਾਮ ਥਾ, ਸੋ ਨਵਾਬ ਦਉਲਤ ਖਾਨ ਦਾ ਮੋਦੀ ਸਾ, ਜੈਰਾਮ ਸੁਣਿਆਂ, ਜੋ ਨਾਨਕੁ ਹੈਰਾਨ ਰਹਂਦਾ ਹੈ, ਕੰਮ ਕਾਜ ਕਿਛੁ ਨਹੀਂ ਕਰਦਾ, ਤਬਿ ਓਨਿ ਕਿਤਾਬਤ ਲਿਖੀ, ਜੋ ਨਾਨਕ ਤੂ ਅਸਾਂ ਜੋਗੁ ਮਿਲੁ। ਤਬਿ ਇਹ ਕਿਤਾਬਤ ਗੁਰੂ ਨਾਨਕ ਪੜੀ ਤਾਂ ਆਖਿਓਸੁ, 'ਹੋਵੈ ਤਾਂ ਜੈਰਾਮ ਜੋਗ ਮਿਲਹਾਂ। ਤਬਿ ਘਰਿ ਦਿਆਂ ਆਦਮੀਆਂ ਆਖਿਆ, 'ਜੋ ਇਹੁ ਜਾਵੇ ਤਾਂ ਭਲਾ ਹੋਵੇ, ਮਤੁ ਇਸਦਾ ਮਨੁ ਊਹਾਂ ਟਿਕੈ'। ਤਬਿ ਗੁਰੂ ਨਾਨਕ ਸੁਲਤਾਪੁਰ ਕਉ ਲਗਾ ਪਹੁੰਚਣ। ਤਬਿ ਬਾਬਾ ਜੀ ਉਠਿ ਚਲਿਆ, ਤਬਿ ਬਾਬੇ ਦੀ ਇਸਤ੍ਰੀ ਲਗੀ ਬੈਰਾਗੁ ਕਰਣੇ। ਆਖਿਓਸੁ: ਜੀ ਤੂੰ ਅਸਾਂ ਜੋਗੁ ਅਗੇ ਨਾਹਿ ਸੀ ਮੁਹਿ ਲਾਇਦਾ, ਪਰਦੇਸਿ ਗਇਆ ਕਿਉਂ ਕਰਿ ਆਵਹਿਗਾ'। ਤਬ ਬਾਬੇ ਆਖਿਆ, 'ਭੋਲੀਏ! ਅਸੀਂ ਇਥੇ ਕਿਆ ਕਰਦੇ ਆਹੇ? ਅਰੁ ਓਥੈ ਕਿਆ ਕਰਹਂਗੇ? ਅਸੀਂ ਤੁਹਾਡੇ ਕਿਤੈ ਕੰਮਿ ਨਾਹੀ'। ਤਬਿ ਓਨਿ ਫਿਰਿ ਬੇਨਤੀ ਕੀਤੀਆਸੂ, 'ਜੋ ਜੀ ਤੁਸੀਂ ਘਰਿ ਬੈਠੇ ਹੋਂਦੇ ਆਹੇ, ਤਾਂ ਮੇਰੇ ਭਾਣੇ ਸਾਰੇ ਜਹਾਨ ਦੀ ਪਾਤਿਸਾਹੀ ਹੋਂਦੀ ਆਹੀ, ਜੀ ਇਹੁ ਸੰਸਾਰੁ ਮੇਰੇ ਕਿਤੈ ਕਾਮਿ ਨਾਹੀ।' ਤਬਿ ਗੁਰੂ ਮਿਹਰਵਾਨੁ ਹੋਆ। ਆਖਿਓਸੁ, 'ਤੂ ਚਿੰਤਾ ਕਿਛੁ ਨ ਕਰ, ਦਿਨੁ ਦਿਨੁ ਤੇਰੀ ਪਾਤਿਸਾਹੀ ਹੋਵੇਗੀ'। ਤਬਿ ਓਨਿ ਕਹਿਆ, ਜੀ ਮੈਂ ਪਿਛੇ ਰਹਂਦੀ ਨਾਹੀ, ਮੈਨੂੰ ਨਾਲੇ ਲੈ ਚਲੁ'। ਤਬਿ ਬਾਬੇ ਆਖਿਆ, 'ਪਰਮੇਸਰ ਕੀਏ! ਹੁਣ ਤਾਂ[1] ਮੈਂ ਜਾਂਦਾ ਹਾਂ, ਜੇ ਮੇਰੇ ਰੁਜ਼ਗਾਰ ਦੀ ਕਾਈ ਬਣਸੀ ਤਾਂ ਮੈਂ ਸਦਾਇ ਲੇਸਾਂ। ਤੂੰ ਆਗਿਆ ਮੰਨਿ ਲੈ'। ਤਬਿ ਓਹੁ ਚੁਪ ਕਰਿ ਰਹੀ। ਤਬਿ ਗੁਰੂ ਨਾਨਕ ਭਾਈਆਂ ਬੰਧਾਂ ਪਾਸੂ ਬਿਦਾ ਕੀਤਾ[2] ‘ਸੁਲਤਾਨਪੁਰ ਕਉ ਚਲਿਆ ਬੋਲਹੁ ਵਾਹਿਗੁਰੂ।


  1. 'ਹੁਣ ਤਾਂ' ਹਾ: ਬਾ: ਨੁਸਖੇ ਦੇ ਅੱਖਰ ਹਨ।
  2. 'ਕੀਤਾ' ਦੀ ਥਾਂ ਪਾਠਾਂਤ੍ਰ 'ਹੋਇਆ' ਬੀ ਹੈ।

(34) ਪੁਰਾਤਨ ਜਨਮ ਸਾਖੀ - ਸ੍ਰੀ ਗੁਰੂ ਨਾਨਕ ਦੇਵ ਜੀ