ਸਮੱਗਰੀ 'ਤੇ ਜਾਓ

ਪੰਨਾ:ਪੁਰਾਤਨ ਜਨਮ ਸਾਖੀ – ਸ੍ਰੀ ਗੁਰੂ ਨਾਨਕ ਦੇਵ ਜੀ.pdf/37

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜੋ ਬਾਬਾ ਨਾਨਕੁ ਆਖਦਾ ਹੈ, ਜੋ ਨਾ ਕੋ ਹਿੰਦੂ ਹੈ, ਨਾ ਕੋ ਮੁਸਲਮਾਨ ਹੈ'। ਤਬ ਇਕੁ ਨੇੜੈ ਕਾਜ਼ੀ ਬੈਠਾ ਥਾ, ਉਨਿ ਕਾਜ਼ੀ ਕਹਿਆ, 'ਖਾਨ ਜੀ! ਅਜਬੁ ਹੈ, ਕਿਉਂ ਜੋ ਆਖਿਦਾ ਹੈ?- ਨਾ ਕੋ ਹਿੰਦੂ ਹੈ, ਨਾ ਕੋ ਮੁਸਲਮਾਨ ਹੈ-'। ਤਬਿ ਖਾਨਿ ਕਹਿਆ ਆਦਮੀ ਤਾਈਂ, ਜੋ 'ਬੁਲਾਇ ਆਣਿ'। ਤਬ ਆਦਮੀ ਆਇਕੇ ਕਹਿਣ ਲੱਗੇ[1], 'ਨਾਨਕ! ਤੇਰੇ ਤਾਈ ਖਾਨੁ ਬੁਲਾਇਦਾ ਹੈ'। ਤਬਿ ਗੁਰੂ ਨਾਨਕ ਕਹਿਆ, ਮੈਂ ਤੇਰੇ ਖਾਨ ਦੀ ਕਿਆ ਪਰਵਾਹਿ ਪੜੀ ਹੈ?' ਤਬ ਲੋਕਾਂ ਕਹਿਆ, ‘ਇਹ ਕਮਲਾ ਦਿਵਾਨਾ ਹੋਆ ਹੈ"। ਤਬਿ ਗੁਰੂ ਨਾਨਕ ਕਹਿਆ, 'ਮਰਦਾਨਿਆ! ਰਬਾਬ ਵਜਾਇ'। ਤਾਂ ਮਰਦਾਨੇ ਰਬਾਬ ਵਜਾਇਆ, ਰਾਗੁ ਮਾਰੂ ਕੀਤਾ, ਬਾਬੇ ਸਬਦ ਉਠਾਇਆ:–

ਮਾਰੂ ਮਹਲਾ ੧॥ ਕੋਈ ਆਖੈ ਭੂਤਨਾ ਕੋ ਕਹੈ ਬੇਤਾਲਾ॥ ਕੋਈ
ਆਖੈ ਆਦਮੀ ਨਾਨਕੁ ਵੇਚਾਰਾ॥੧॥ਭਇਆ ਦਿਵਾਨਾ ਸਾਹ ਕਾ
ਨਾਨਕੁ ਬਉਰਾਨਾ॥ ਹਉ ਹਰਿ ਬਿਨੁ ਅਵਰੁ ਨ ਜਾਨਾ॥੧॥
ਰਹਾਉ॥ ਤਉ ਦੇਵਾਨਾ ਜਾਣੀਐ ਜਾ ਭੈ ਦੇਵਾਨਾ ਹੋਇ॥ ਏਕੀ
ਸਾਹਿਬ ਬਾਹਰਾ ਦੂਜਾ ਅਵਰੁ ਨ ਜਾਣੈ ਕੋਇ॥੨॥ ਤਉ ਦੇਵਾਨਾ
ਜਾਣੀਐ ਜਾ ਏਕਾ ਕਾਰ ਕਮਾਇ॥ ਹੁਕਮੁ ਪਛਾਣੈ ਖਸਮ ਕਾ ਦੂਜੀ
ਅਵਰ ਸਿਆਣਪ ਕਾਇ॥੩॥ ਤਉ ਦੇਵਾਨਾ ਜਾਣੀਐ ਜਾ
ਸਾਹਿਬ ਧਰੇ ਪਿਆਰੁ॥ ਮੰਦਾ ਜਾਣੈ ਆਪ ਕਉ ਅਵਰੁ ਭਲਾ
ਸੰਸਾਰੁ॥੪॥੭॥(ਪੰਨਾ ੯੯੧)

ਤਬ ਫਿਰਿ ਬਾਬਾ ਚੁਪ ਕਰਿ ਰਹਿਆ॥ ਜਾ ਕਛੁ ਬੋਲੇ ਤਾਂ ਏਹੀ ਵਚਨ ਕਹੈ, ਜੋ 'ਨਾ ਕੋ ਹਿੰਦੂ ਹੈ, ਨਾ ਕੋ ਮੁਸਲਮਾਨੁ ਹੈ'। ਤਬਿ ਕਾਜ਼ੀ ਕਹਿਆ: 'ਖਾਨ ਜੀ! ਇਹੁ ਭਾਲਾ ਹੈ, ਜੋ ਕਹਂਦਾ ਹੈ- ਨਾ ਕੋ ਹਿੰਦੂ ਹੈ ਨਾ ਕੋ ਮੁਸਲਮਾਨ ਹੈ'। ਤਬ ਕਾਜ਼ੀ ਕਹਿਆ, 'ਜਾਇ ਕਰਿ ਨਾਨਕ ਫਕੀਰ ਤਾਂਈ[2] ਲੈ ਆਵਹੁ'। ਤਾਂ ਪਿਆਦੇ ਗਏ: ਓਨਿ ਕਹਿਆ, 'ਜੀ ਖਾਨੁ ਬੁਲਾਇਂਦਾ ਹੈ। ਖਾਨੁ ਕਹਂਦਾ ਹੈ, ਅਜ ਬਰਾ ਖੁਦਾਇ ਕੇ ਤਾਂਈ ਦੀਦਾਰ ਦੇਹਿ[3]। ਮੈਂ ਤੇਰੇ ਦੀਦਾਰ ਨੂੰ ਚਾਹਿਂਦਾ ਹਾਂ'- ਤਬਿ ਗੁਰੂ ਨਾਨਕ ਉਠਿ ਚਲਿਆ, ਆਖਿਓਸੁ, 'ਅਬਿ ਮੇਰੇ ਸਾਹਿਬ ਕਾ ਸੱਦਾ ਆਇਆ ਹੈ, ਮੈਂ ਜਾਵਾਂਗਾ'। ਤਬਿ ਮੁਤਕਾ[4] ਗਲਿ ਵਿਚ ਪਾਇ ਗਇਆ, ਆਇ ਕਰ[5] ਖਾਨ ਜੋਗੁ ਮਿਲਿਅ। ਤਬਿ

ਖਾਨਿ ਖਾਨਿ ਕਹਿਆ, ‘ਨਾਨਕ! ਦੋਸਤੀ ਖੁਦਾਇ ਕੀ, ਗਲੋਂ ਮੁਤਕਾ ਲਾਹਿ, ਕਮਰ


  1. ‘ਤਬ ਆਦਮੀ ਆਇਕੇ ਕਹਿਣ ਲਗੇ, ਪਾਠ ਹਾ: ਬਾ: ਨੁਸਖ਼ੇ ਦਾ ਹੈ।
  2. ਪਾਠਾਂਤ੍ਰ 'ਨਾਨਕ ਫਕੀਰ ਤਾਂਈ' ਹਾਫ਼ਜ਼ਾਬਾਦ ਵਾਲੀ ਪੋਥੀ ਦੇ ਉਤਾਰੇ ਵਿਚੋਂ ਹੈ।
  3. 'ਅਜ...ਤੋਂ ਦੇਹਿ' ਤਕ ਦੀ ਥਾਂ ਹਾ: ਬਾ: ਵਾਲੇ ਨੁਸਖ਼ੇ ਦੇ ਉਤਾਰੇ ਵਿਚ ਪਾਠ ਹੈ:'ਅਜ ਬਰਾਹ ਖੁਦਾ ਏਕ ਬਾਰ ਦੀਦਾਰ ਦੇਹ'।
  4. ਪਾਠਾਂਤ੍ਰ -‘ਆਇਕੈ' ਹੈ।
  5. ਮੁੱਤਕਾ-ਸੇਲ੍ਹੀ

ਪੁਰਾਤਨ ਜਨਮ ਸਾਖੀ - ਸ੍ਰੀ ਗੁਰੂ ਨਾਨਕ ਦੇਵ ਜੀ (39)