ਸਮੱਗਰੀ 'ਤੇ ਜਾਓ

ਪੰਨਾ:ਪੁਰਾਤਨ ਜਨਮ ਸਾਖੀ – ਸ੍ਰੀ ਗੁਰੂ ਨਾਨਕ ਦੇਵ ਜੀ.pdf/39

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕਹਿਆ, 'ਕਾਜ਼ੀ, ਇਸ ਕਉ ਪੁਛਣ ਕੀ ਤਕਸੀਰ ਰਹੀ ਨਾਹੀ[1][2]ਤਬ ਪੇਸੀ ਕੀ ਨਿਮਾਜ ਕਾ ਵਖਤੁ ਹੋਇਆ, ਸਭ ਉਠਿ ਕਰਿ ਨਿਮਾਜ ਗੁਜਾਰਣ ਆਏ, ਅਰੁ ਬਾਬਾ ਭੀ ਨਾਲ ਗਇਆ। ਤਬਿ ਕਾਜ਼ੀ ਸਭਨਾ ਤੇ ਅਗੇ ਖੜਾ ਹੋਆ, ਨਿਮਾਜ ਲਗਾ ਕਰਣੈ। ਜਬ ਬਾਬਾ ਕਾਜ਼ੀ ਕੀ ਤਰਫ ਦੇਖਿ ਕਰਿ ਹਸਿਆ। ਤਬਿ ਕਾਜ਼ੀ ਡਿਠਾ ਜੋ ਨਾਨਕ ਹਸਦਾ ਹੈ। ਤਬਿ ਨਿਮਾਜ ਕਰਿ ਆਏ, ਤਬਿ ਕਾਜ਼ੀ ਕਹਿਆ 'ਖਾਨ ਜੀ ਸਲਾਮਤਿ, ਡਿਠੋ ਕਿਉਂ ਜੋ ਮੁਸਲਮਾਨਾ ਕੀ ਤਰਫ (ਧਿਰ)[3] ਹਿੰਦੂ ਦੇਖਿ ਦੇਖਿ ਹਸਦਾ ਹੈ, ਤੂ ਜੋ ਆਖਦਾ ਹੈ ਜੋ ਨਾਨਕੁ ਭਲਾ ਹੈ'। ਤਬ ਖਾਨਿ ਕਹਿਆ: 'ਨਾਨਕ! ਕਾਜ਼ੀ ਕਿਆ ਕਹਂਦਾ ਹੈ'? ਤਬ ਬਾਬੇ ਕਹਿਆ, ‘ਖਾਨ ਜੀ! ਮੈਂ ਕਾਜ਼ੀ ਕੀ ਕਿਆ ਪਰਵਾਹ ਪਰੀ ਹੈ, ਪਰ ਕਾਜ਼ੀ ਕੀ ਨਿਵਾਜ ਕਬੂਲੁ ਨਾਹੀ ਪਈ, ਮੈਂ ਇਤਿ ਵਾਸਤੇ ਹਸਿਆ ਥਾ'। ਤਬਿ ਕਾਜ਼ੀ ਕਹਿਆ: 'ਖਾਨ ਜੀ! ਇਨ ਕਾਈ ਪਾਈ ਹੈ ਤਾਂ ਮੇਰੀ ਤਕਸੀਰ ਜਾਹਰ ਕਰਉ[4]। ਤਬਿ ਬਾਬੇ ਕਹਿਆ: 'ਖਾਨ ਜੀ! ਜਬ ਏਹੁ ਨਿਵਾਜ ਉਪਰਿ ਖੜਾ ਥਾ ਤਬਿ ਇਨ ਕਾ ਮਨ ਠਉੜ ਨਾ ਥਾ[5] ਘੋੜੀ ਸੂਈ ਥੀ, ਵਛੇਰੀ ਜੰਮੀ ਥੀ, ਅਰੁ ਵਛੇਰੀ ਛਡਿ ਕਰਿ ਆਇਆ ਥਾ। ਅਰੁ ਵੇੜੇ ਵਿਚਿ ਖੂਹੀ ਥੀ। ਅਰ ਇਨਿ ਕਹਿਆ, ਮਤੁ ਵਛੇਰੀ ਖੂਹੀ ਵਿਚ ਪਉਂਦੀ ਹੋਵੇ। ਇਨਕਾ ਮਨੁ ਊਹਾਂ ਗਇਆ ਆਹਾ, ਇਸਕੀ ਨਿਮਾਜ ਕਬੂਲ ਨਹੀਂ ਪੜੀ[6]

ਤਬਿ ਕਾਜ਼ੀ ਆਇ ਪੈਰੀ ਪਇਆ। ਆਖਿਓਸੁ, ਵਾਹੁ ਵਾਹੁ! ਇਸ ਕਉ ਖੁਦਾਇ ਕੀ ਨਿਵਾਸ ਹੋਈ ਹੈ'। ਤਬਿ ਕਾਜੀ ਪਤੀਣਾ ਤਬਿ ਬਾਬੇ ਸਲੋਕੁ ਦਿੱਤਾ:–

ਮੁਸਲਮਾਨੁ ਮੁਸਾਵੈ ਆਪੁ॥ ਸਿਦਕ ਸਬੂਰੀ ਕਲਮਾ ਪਾਕ॥
ਖੜੀ ਨ ਛੇੜੈ ਪੜੀ ਨ ਖਾਇ॥
ਨਾਨਕ ਸੋ ਮੁਸਲਮਾਨ ਭਿਸਤੁ ਕਉ ਜਾਇ[7]


  1. ਪਾਠਾਂਤ੍ਰ ਹੈ- 'ਕਾਜ਼ੀ ਇਸ ਨੂੰ ਪੁਛਣੇ ਕੀ ਤਕਸੀਰ ਹੈ'।
  2. ਵਲੈਤ ਵਾਲੇ ਨੁਸਖ਼ੇ ਵਿਚ ਇਸ ਥਾਵੇਂ ਚਰਖੜੀ ਦਾ ਨਿਸ਼ਾਨ ਦੇ ਕੇ ਹਾਸ਼ੀਏ ਦੇ ਬਾਹਰ ਲਿਖਿਆ ਹੈ- ‘ਤਬ ਪੇਸੀ ਕੀ ਨਿਮਾਜ਼ ਕਾ'।
  3. ਇਹ () ਨਿਸ਼ਾਨ ਅਸਾਂ ਲਾਇਆ ਹੈ, 'ਤਰਫ' ਦਾ ਅਰਥ ਹੈ 'ਧਿਰ'।
  4. ਪਾਠਾਂਤ੍ਰ ਹੈ- ਕਰੇ।
  5. ਪਾਠਾਂਤ੍ਰ ਇਸਕਾ ਇਮਾਨ ਠਉੜ ਨਾ ਥਾ।
  6. ਇਸਕੀ ਤੋਂ ... ਪੜੀ' ਤਕ ਦਾ ਪਾਠ ਹਾ: ਬਾ: ਨੁਸਖੇ ਵਿਚ ਵੱਧ ਹੈ।

  7.  ਇਹ ਪਾਠ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਨਹੀਂ ਹੈ, ਬਾਹਰ ਦਾ ਹੈ। ਮਲੂਮ ਹੁੰਦਾ ਹੈ ਕਿ 'ਮਸਕਲਮਾਨਾ ਮਾਲੁ ਮਸਾਵੈ' ਵਾਲਾ ਪਿਛੇ ਆ ਚੂਕਾ ਸਲੋਕ ਫੇਰ ਏਥੇ ਹੈਸੀ

ਪੁਰਾਤਨ ਜਨਮ ਸਾਖੀ - ਸ੍ਰੀ ਗੁਰੂ ਨਾਨਕ ਦੇਵ ਜੀ (41)