ਸਮੱਗਰੀ 'ਤੇ ਜਾਓ

ਪੰਨਾ:ਪੁਰਾਤਨ ਜਨਮ ਸਾਖੀ – ਸ੍ਰੀ ਗੁਰੂ ਨਾਨਕ ਦੇਵ ਜੀ.pdf/47

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਆਈ ਤਲਬ ਸਾਹਿਬ ਕੀ ਮਾਨੈ ਅਵਰ ਤਲਬ ਨਾਹੀ ਜਾਨੈ॥੨॥
ਗਗਨ ਮੰਡਲ ਮਹਿ ਆਸਣਿ ਬੈਠੇ ਅਨਹਦੁ ਨਾਦ ਵਜਾਵੈ॥ਕਹੁ
ਨਾਨਕ ਸਾਧ ਕੀ ਮਹਮਾ ਬੇਦ ਕੁਰਾਨੁ ਨ ਪਾਵੈ[1]॥੩॥

ਤਬਿ ਸੇਖ ਸਰਫ ਆਖਿਆ, 'ਵਾਹੁ ਵਾਹੁ ਖੁਦਾਇ ਦਿਆ ਸਹੀ ਕਰਣਿ ਵਾਲਿਆਂ ਦਾ ਕਿਆ ਸਹੀ ਕੀਚੈ, ਉਨਕਾ ਦੀਦਾਰੁ ਹੀ ਬਹੁਤੁ ਹੈ।' ਤਬਿ ਆਇ ਦਸਤਪੋਸੀ ਕੀਤੀਓਸੁ ਅਤੇ[2] ਪੈਰ ਚੁਮਿਓਸੁ, ਡੇਰਾ ਕਉ ਹੋਆ। ਤਬਿ[3] ਬਾਬਾ ਤੇ ਮਰਦਾਨਾ ਰਵਦੇ ਰਹੇ।

15. ਦਿੱਲੀ ਹਾਥੀ ਮੋਇਆ ਜਿਵਾਇਆ

ਆਇ ਦਿੱਲੀ ਨਿਕਲੇ। ਤਬ ਦਿੱਲੀ ਕਾ ਪਾਤਸਾਹੁ ਸੁਲਤਾਨ ਬ੍ਰਹਮੁਬੇਗ [4] ਥਾ। ਉਨ੍ਹਾਂ ਜਾਇ ਰਾਤਿ ਰਹੈ ਮਹਾਵਤ ਵਿਚਿ, ਅਨਿ ਖਿਜਮਤਿ ਬਹੁਤ ਕੀਤੀ। ਤਬਿ ਇਕੁ ਹਾਥੀ ਪਾਸਿ ਮੂਆ ਪਇਆ ਥਾ, ਲੋਕੁ [5] ਪਿਟਦੇ ਰੋਂਦੇ ਅਹੇ। ਤਬਿ ਬਾਬੇ ਪੁਛਿਆ:'ਤੁਸੀਂ ਕਿਉਂ ਰੋਂਦੇ ਹੋ?' ਤਾਂ ਉਨ੍ਹਾਂ ਅਰਜੁ ਕੀਤੀ, 'ਜੀ ਅਸੀਂ ਹਾਥੀ ਦੇ ਪਿਛੇ ਰੋਂਦੇ ਹਾਂ'। ਤਬਿ ਬਾਬੇ ਆਖਿਆ: 'ਹਾਥੀ ਕਿਸ ਦਾ ਥਾ?' ਤਬਿ ਮਹਾਵਤਿ ਕਹਿਆ: 'ਹਾਥੀ ਪਾਤਿਸਾਹ ਦਾ ਥਾ, ਇਕ ਖ਼ੁਦਾਇ ਦਾ ਥਾ'। ਤਬਿ ਬਾਬੇ ਕਹਿਆ: 'ਤੁਸੀਂ ਕਿਉਂ ਰੋਂਦੇ ਹਉ?' ਤਾਂ ਉਨਾ ਆਖਿਆ, 'ਜੀ ਅਸਾਡਾ ਰੁਜਗਾਰ ਥਾ'। ਤਾਂ ਬਾਬੇ ਆਖਿਆ: 'ਹੋਰੁ ਰੁਜਗਾਰ ਕਰਹੁ'। ਤਬਿ ਓਨਾ ਕਹਿਆ: 'ਜੀ! ਬਣੀ ਥੀ, ਟਬਰ ਸੁਖਾਲੇ ਪਏ ਖਾਂਦੇ ਸੇ'। ਤਬਿ ਬਾਬੈ ਮੇਹਰ ਕੀਤੀ, ਆਖਿਓਸੁ: ‘ਜੇ ਏਹ ਹਾਥੀ ਜੀਵੈ ਤਾ ਰੋਵਹ ਨਾਹੀ?' ਤਬਿ ਉਨਾ ਆਖਿਆ, 'ਜੀ ਮੁਏ ਕਿਥਹੁ ਜੀਵੇ ਹੈਨਿ[6]?' ਤਬਿ ਬਾਬੇ ਆਖਿਆ, 'ਜਾਇ ਕਰ ਇਸਦੇ ਮੁਹਿ ਉਪਰਿ ਹਥੁ ਫੇਰਹੁ, ਵਾਹਿਗੁਰੂ ਆਖਹੁ'। ਤਬਿ ਓਨਿ ਆਗਿਆ ਮਾਨੀ, ਜਾਇ ਹੱਥੁ ਫੇਰਿਆ, ਤਾਂ ਹਾਥੀ ਉਠਿ ਖੜਾ ਹੋਯਾ। ਤਬਿ ਅਰਜ ਪਾਤਿਸਾਹੁ ਕਉ ਪਹੁੰਚਾਈ, ਆਖਿ ਸੁਣਾਈ। ਤਬਿ ਸੁਲਤਾਨ ਬ੍ਰਹਮ ਬੇਗੁ ਹਾਥੀ ਮੰਗਾਇਆ। ਚੜਿ ਕਰਿ ਦੀਦਾਰ ਨੂੰ ਆਇਆ, ਆਇ ਬੈਠਾ। ਆਖਿਓਸੁ ਦਰਵੇਸ! ਏਹੁ ਹਾਥੀ ਤੁਸੀਂ ਜੀਵਾਇਆ ਹੈ?' ਤਬਿ ਬਾਬੇ ਆਖਿਆ: 'ਮਾਰਨਿ ਜੀਵਾਲਣ ਵਾਲਾ ਖੁਦਾਇ ਹੈ ਅਤੇ ਦੁਆਇ ਫਕੀਰਾਂ ਰਹਮੁ ਅਲਾਹ ਹੈ'। ਤਉ ਫਿਰਿ ਪਾਤਿਸਾਹੁ ਆਖਿਆ: ‘ਮਾਰਿ ਦਿਖਾਲੁ'। ਤਾਂ ਬਾਬਾ ਬੋਲਿਆ:–


  1. ਇਹ ਸ਼ਬਦ ਬੀ ਸ੍ਰੀ ਗੁਰੂ ਗ੍ਰੰਥ ਜੀ ਵਿਚ ਨਹੀਂ ਹੈ।
  2. 'ਅਤੇ' ਹਾਂ: ਬਾ: ਨੁਸਖ਼ੇ ਦਾ ਪਾਠ ਹੈ।
  3. 'ਤਬਿ' ਹਾ; ਬਾ; ਨੁਸਖੇ ਦਾ ਪਾਠ ਹੈ।
  4. ਪਾਠਾਂਤ੍ਰ ਹੈ 'ਇਬ੍ਰਾਹੀਮ ਬੇਗ'।
  5. ਪਾਠਾਂਤ੍ਰ 'ਉਹ'।
  6. ਪਾਠਾਂਤ੍ਰ ਹੈ 'ਜੀਵਨ'।

ਪੁਰਾਤਨ ਜਨਮ ਸਾਖੀ - ਸ੍ਰੀ ਗੁਰੂ ਨਾਨਕ ਦੇਵ ਜੀ (49)