ਸਮੱਗਰੀ 'ਤੇ ਜਾਓ

ਪੰਨਾ:ਪੁਰਾਤਨ ਜਨਮ ਸਾਖੀ – ਸ੍ਰੀ ਗੁਰੂ ਨਾਨਕ ਦੇਵ ਜੀ.pdf/49

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪਹਿਲੀ ਉਦਾਸੀ

16. ਪਹਿਲੀ ਉਦਾਸੀ ਦਾ ਪਹਿਰਾਵਾ

ਸ਼ੇਖ ਬਜੀਦ:

ਸ੍ਰੀ ਸਤਿਗੁਰ ਪ੍ਰਸਾਦਿ। ਪ੍ਰਿਥਮੈ ਉਦਾਸੀ ਕੀਤੀ ਪੂਰਬ ਕੀ। ਤਿਤੁ ਉਦਾਸੀ ਨਾਲਿ ਮਰਦਾਨਾ ਰਬਾਬੀ ਥਾ। ਤਦਹੁ ਕੁ ਪਉਣੁ ਅਹਾਰੁ ਕੀਆ। ਪਹਿਰਾਵਾ ਬਾਬੇ ਕਾ:- ਏਕੁ ਬਸਤਰ ਅੰਬੋਆ ਏਕੁ ਬਸਤਰ ਚਿੱਟਾਂ। ਏਕੁ ਪੈਰਿ ਜੁਤੀ, ਏਕੁ ਪੈਰਿ ਖੰਉਸ[1], ਗਲਿ ਖਫਨੀ, ਸਿਰਿ ਟੋਪੀ ਕਲੰਦਰੀ, ਮਾਲਾ ਹਡਾਂ ਕੀ, ਮਥੈ ਤਿਲਕੁ ਕੇਸਰ ਕਾ। ਤਦਹੁ ਰਾਹ ਵਿਚਿ ਸੇਖੁ ਬਜੀਦੁ ਸਈਯਦੁ[2] ਮਿਲਿਆ। ਸੁਖਪਾਲ ਵਿਚਿ ਚੜਿਆ ਜਾਂਦਾ ਆਹਾ। ਤਿਸਕੇ ਲਕੜਿਆਂ ਨਾਲ ਛਿਆ ਕਹਾਰੁ ਥੇ। ਤਬਿ ਓਹੁ ਜਾਇਹ ਉਤਰਿਆ ਏਕ ਦਰਖਤ ਤਲੈ। ਤਾਂ ਓਹੁ ਲਾਗੇ ਚਿਕਣ[3] ਅਤੇ ਝਲਣਿ[4]। ਤਬਿ ਮਰਦਾਨੇ ਆਖਿਆ: 'ਜੀ! ਖੁਦਾਇ ਏਕੁ ਹੈ', 'ਕਿਉਂ?'। ਤਬਿ ਬਾਬੇ ਆਖਿਆ, 'ਹੇ ਮਰਦਾਨਿਆ! ਖੁਦਾਇ ਏਕੁ ਹੈ'। ਤਬ ਮਰਦਾਨੇ ਅਰਜ ਕੀਤੀ, ਆਖਿਓਸੁ: 'ਜੀ ਪਾਤਿਸ਼ਾਹ! ਓਹੁ ਕਿਸ ਕੀ ਪੈਦਾਇਸ ਹੈ, ਅਤੇ ਓਹੁ ਕਿਸਕੀ ਪੈਦਾਇਸ਼ ਹੈ ਜੋ ਸੁਖਪਾਲਿ ਵਿਚਿ ਚੜਿਆ ਆਇਆ ਹੈ? ਅਤੇ ਉਹ ਪੈਰਾਂ ਤੇ ਉਪੋਹਾਣੇ ਭੀ ਹੈਨਿ, ਅਤੇ ਪਿੰਡੇ ਨਾਂਗੇਂ, ਕਾਂਧੇ ਈਥੇ ਤੇ ਲੋਈ ਆਇ ਹੈਂਗੇ, ਅਤੇ ਉਹ ਬੈਠੇ ਚਿਕਦੇ ਹਿਨਿ'। ਤਬਿ ਬਾਬਾ ਬੋਲਿਆ:–

ਸਲੋਕ॥ ਪੂਰਬ ਜਨਮ ਕੇ ਤਪੀਏ ਪਾਲੇ ਸਹਿਆ ਡੰਗੁ॥
ਤਬਿ ਕੇ ਥਕੇ ਨਾਨਕਾ ਅਬਿ ਮੰਡਾਵਨਿ ਅੰਗੁ[5]॥੧॥


  1. ਖਉਂਸ, ਕੌਸ-ਖੜਾਵਾਂ। ਬਿਨਾਂ ਖੂਟੀ ਪਊਆ। ਹਾ: ਬਾ: ਨੁਸਖ਼ੇ ਵਿਚ ਪਾਠ ਹੈ: ਇਕ ਪੈਰ ਪੈਂਜਾਰ, ਇਕ ਪੈਰ ਜੁਤੀ।
  2. 'ਸਈਯਦ' - ਪਾਠ ਹਾ: ਬਾ: ਨੁਸਖ਼ੇ ਵਿਚ ਨਹੀਂ ਹੈ।
  3. 'ਦੁਬਾਨ, ਘੁੱਟਣ।
  4. 'ਪੱਖਾ ਝੱਲਣ।।
  5. ਇਹ ਸਲੋਕ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਨਹੀਂ ਹੈ।

ਪੁਰਾਤਨ ਜਨਮ ਸਾਖੀ - ਸ੍ਰੀ ਗੁਰੂ ਨਾਨਕ ਦੇਵ ਜੀ (51)