ਸਮੱਗਰੀ 'ਤੇ ਜਾਓ

ਪੰਨਾ:ਪੁਰਾਤਨ ਜਨਮ ਸਾਖੀ – ਸ੍ਰੀ ਗੁਰੂ ਨਾਨਕ ਦੇਵ ਜੀ.pdf/54

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਨਹੀਂ। ਤਬ ਮਰਦਾਨੇ ਨੂੰ ਭੁੱਖ ਲੱਗੀ ਖਰੀ ਬਹੁਤੁ[1], ਆਖਿਓਸੁ: 'ਜੀਵੈ ਪਾਤਸ਼ਾਹ! ਇਸ ਤਾਂ ਅਸਾਡੀ ਖਬਰ ਕਿਛੁ ਨ ਲਈ, ਏਸ ਦੇ ਘਰਿ ਅਜੁ ਪੁਤ੍ਰ ਹੋਆ ਹੈ ਆਪਣੀ ਹੂਇ ਹਵਾਇ ਨਾਲਿ ਉਠਿ ਗਇਆ। ਪਰੁ ਜੀ! ਜੇ ਮੈਨੂੰ ਹੁਕਮੁ ਹੋਵੈ ਤਾਂ ਇਸ ਦੇ ਘਰਿ ਜਾਵਾਂ। ਇਹ ਪੁਤ੍ਰ ਦੀ ਵਧਾਈ ਮੰਗਤਿਆਂ ਲੋਕਾਂ ਨੂੰ ਦੇਂਦਾ ਹੈ, ਕੁਛ ਮੈਂ ਭੀ ਲੈ ਆਵਾਂ।' ਤਬਿ ਬਾਬਾ ਹਸਿਆ, ਆਖਿਓਸੁ: 'ਮਰਦਾਨਿਆਂ! ਇਸ ਦੇ ਘਰ ਪੁਤ੍ਰ ਨਹੀਂ

ਹੋਆ, ਇਸ ਦੇ ਘਰਿ ਏਕੁ ਕਰਜਾਈ ਆਇਆ ਹੈ। ਚੁਪਾਤਾ ਰਹੁ[2] ਰਾਤਿ ਰਹੇਗਾ, ਭਲਕੇ ਉਠਿ ਜਾਵੇਗਾ। ਪਰੁ ਤੇਰੇ ਮਨਿ ਆਈ ਹੈ, ਤਾਂ ਜਾਹਿ। ਪਰ ਅਸੀਸ ਦੇਹੀਈ ਨਾਹੀ, ਚੁਪਾਤਾ ਜਾਇ ਖੜਾ ਹੋਉ'॥ ਤਾ ਮਰਦਾਨੇ ਆਖਿਆ: ਭਲਾ ਹੋਵੇ ਜੀ. ਜਾਇ ਦੇਖਾਂ'। ਤਬਿ ਮਰਦਾਨਾ ਗਇਆ, ਜਾਇ ਖੜੋਤਾ ਚੁਪਾਤਾ, ਖਬਰ ਕਿਸੇ ਨਾ ਲੀਤੀ, ਉਠਿ ਆਇਆ, ਤਬਿ ਬਾਬੇ ਆਖਿਆ: 'ਮਰਦਾਨਿਆ! ਰਬਾਬ ਵਜਾਇ'। ਤਾਂ ਮਰਦਾਨੇ ਰਬਾਬ ਵਜਾਇਆ, ਰਾਗੁ ਸ੍ਰੀ ਰਾਗੁ ਕੀਤਾ, ਗੁਰੂ ਬਾਬੇ ਸਬਦੁ ਉਠਾਇਆ:–

ਸਿਰੀਰਾਗੁ ਮਹਲਾ ੧*[3] ਪਹਰੇ ਘਰੁ ੧॥

ਪਹਿਲੈ ਪਹਰੈ ਰੈਣਿ ਕੈ ਵਣਜਾਰਿਆ ਮਿਤ੍ਰਾ ਹੁਕਮਿ ਪਇਆ ਗਰਭਾਸਿ॥
ਉਰਧ ਤਪੁ ਅੰਤਰਿ ਕਰੇ ਵਣਜਾਰਿਆ ਮਿਤ੍ਰਾ ਖਸਮ ਸੇਤੀ ਅਰਦਾਸਿ॥
ਖਸਮ ਸੇਤੀ ਅਰਦਾਸਿ ਵਖਾਣੈ ਉਰਧ ਧਿਆਨਿ ਲਿਵ ਲਾਗਾ॥
ਨਾ ਮਰਜਾਦੁ ਆਇਆ ਕਲਿ ਭੀਤਰਿ ਬਾਹੁੜਿ ਜਾਸੀ ਨਾਗਾ॥
ਜੈਸੀ ਕਲਮ ਵੁੜੀ ਹੈ ਮਸਤਕਿ ਤੈਸੀ ਜੀਅੜੇ ਪਾਸਿ॥
ਕਹੁ ਨਾਨਕ ਪ੍ਰਾਣੀ ਪਹਿਲੈ ਪਹਰੈ ਹੁਕਮਿ ਪਇਆ ਗਰਭਾਸਿ॥੧॥
ਦੂਜੈ ਪਹਰੈ ਰੈਣਿ ਕੈ ਵਣਜਾਰਿਆ ਮਿਤ੍ਰਾ ਵਿਸਰਿ ਗਇਆ ਧਿਆਨੁ॥
ਹਥੋ ਹਥਿ ਨਚਾਈਐ ਵਣਜਾਰਿਆ ਮਿਤ੍ਰਾ ਜਿਉ ਜਸੁਦਾ ਘਰਿ ਕਾਨੁ॥
ਹਥੋ ਹਥਿ ਨਚਾਈਐ ਪ੍ਰਾਣੀ ਮਾਤ ਕਹੈ ਸੁਤੁ ਮੇਰਾ॥
ਚੇਤਿ ਅਚੇਤ ਮੂੜ ਮਨ ਮੇਰੇ ਅੰਤਿ ਨਹੀ ਕਛੁ ਤੇਰਾ॥
ਜਿਨਿ ਰਚਿ ਰਚਿਆ ਤਿਸਹਿ ਨ ਜਾਣੈ ਮਨ ਭੀਤਰਿ ਧਰਿ ਗਿਆਨੁ॥
ਕਹੁ ਨਾਨਕ ਪ੍ਰਾਣੀ ਦੂਜੈ ਪਹਰੈ ਵਿਸਰਿ ਗਇਆ ਧਿਆਨੁ॥੨॥
ਤੀਜੈ ਪਹਰੈ ਰੈਣਿ ਕੈ ਵਣਜਾਰਿਆ ਮਿਤ੍ਰਾ ਧਨ ਜੋਬਨ ਸਿਉ ਚਿਤੁ॥


  1. 'ਖਰੀ ਬਹੁਤੁ' ਪਾਠ: ਬਾ: ਨ: ਵਿਚ ਨਹੀਂ ਹੈ।
  2. 'ਚੁਪਾਤਾ ਰਹੁ' ਦੀ ਥਾਂ ਪਾਠਾਂਤ੍ਰ ਹੈ- ਚਾਰ ਪਹਿਰ।
  3. *ਸ੍ਰੀ ਗੁ: ਗ੍ਰੰ: ਸਾ: ਵਿਚ 'ਪਹਰੇ' ਮਹਲਾ ੧ ਤੋਂ ਬਾਅਦ ਹੈ।

(56) ਪੁਰਾਤਨ ਜਨਮ ਸਾਖੀ - ਸ੍ਰੀ ਗੁਰੂ ਨਾਨਕ ਦੇਵ ਜੀ