ਸਮੱਗਰੀ 'ਤੇ ਜਾਓ

ਪੰਨਾ:ਪੁਰਾਤਨ ਜਨਮ ਸਾਖੀ – ਸ੍ਰੀ ਗੁਰੂ ਨਾਨਕ ਦੇਵ ਜੀ.pdf/6

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(ਅ) ਇਸ ਦੇ ਲਿਖੇ ਜਾਣ ਦੇ ਸਮੇਂ ਦੀ ਕੁਛ ਕੁ ਪੜਤਾਲ

(1) ਗੁਰੂ ਜੀ ਦੀ ਬਾਲ ਅਵਸਥਾ ਦੇ ਕੌਤਕਾਂ (ਸਾਖੀ 3) ਵਿਚ ਲਿਖਿਆ ਹੈ ਕਿ ਜਬ ਗੁਰੂ ਨਾਨਕ, ਬਰਸਾਂ ਨਾਵਾਂ ਕਾ ਹੋਇਆ ਤਬ ਫੇਰ ਤੋਰਕੀ ਪੜ੍ਹਨ ਪਾਇਆ।

ਜਦੋਂ ਗੁਰੂ ਜੀ ਬਾਲ ਅਵਸਥਾ ਵਿਚ ਸੇ, ਤਾਂ ਰਾਜ ਪਠਾਣਾਂ[1] ਦਾ ਸੀ ਤੇ ਮਕਤਬਾਂ (ਪਾਠਸ਼ਾਲਾਂ) ਵਿੱਚ ਫ਼ਾਰਸੀ ਪੜਾਉਂਦੇ ਸੀ। ਤੋਰਕੀ ਅਰਥਾਤ ਤੁਰਕੀ- ਇਹ ਤੁਰਕਾਂ ਯਾ ਮੁਗ਼ਲਾਂ ਦੀ ਜ਼ੁਬਾਨ ਸੀ, ਤੋਰਕੀ ਚਾਹੇ ਫਾਰਸੀ ਨੂੰ ਆਮ ਲੋਕ ਕਹਿੰਦੇ ਹੋਣ, ਚਾਹੇ ਫਾਰਸੀ, ਅਰਬੀ ਤੁਰਕੀ ਸਭ ਨੂੰ ਕਹਿੰਦੇ ਹੋਣ, ਹਰ ਹਾਲਤ ਵਿਚ ਪਦ 'ਤੁਰਕੀ' ਦਾ ਵਰਤਾਉ ਯਵਨ ਭਾਸ਼ਾ ਵਾਸਤੇ ਤਾਂ ਹੀ ਹੋ ਸਕਦਾ ਹੈ, ਜਦੋਂ ਕਿ ਤੁਰਕਾਂ ਦਾ ਰਾਜ ਪੱਕਾ ਹੋ ਗਿਆ ਹੋਵੇ ਅਰ ਉਨ੍ਹਾਂ ਦੇ ਰਾਜ ਨੂੰ ਚੋਖਾ ਸਮਾਂ ਲੰਘ ਗਿਆ ਹੋਵੇ, ਤਾਂ ਤੇ ਇਹ ਸਾਖੀ ਮੁਗ਼ਲਾਂ ਦੇ ਰਾਜ ਹੋ ਚੁਕੇ ਤੋਂ ਚੋਖਾ ਚਿਰ ਬਾਅਦ ਲਿਖੀ ਗਈ।

(2) ਇਸ ਸਾਖੀ ਵਿਚ ਪੰਚਮ ਪਾਤਸ਼ਾਹ ਦੇ ਸ਼ਬਦ ਆਏ ਹਨ, ਇਸ ਕਰਕੇ ਇਹ ਸਾਖੀ ਪੰਜਵੇਂ ਸਤਿਗੁਰਾਂ ਦੇ ਸਮੇਂ ਯਾ ਮਗਰੋਂ ਲਿਖੀ ਗਈ। ਗ਼ਾਲਬਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਦੇ ਬਾਅਦ, ਜੋ ਸੰਮਤ 1661 ਬਿ: ਦੀ ਗੱਲ ਹੈ। ਇਸ ਦੀ ਬੋਲੀ ਤੇ ਅੱਖਰਾਂ ਦਾ ਖ੍ਯਾਲ ਕਰ ਕੇ ਇਸ ਨੂੰ ਛੇਵੀਂ ਪਾਤਸ਼ਾਹੀ ਦੇ ਸਮੇਂ ਦੀ ਬੀ ਕਈ ਸਿਆਣਿਆਂ ਸਹੀ ਕੀਤਾ ਸੀ।

(3)

ਇਸ ਸਾਖੀ ਦੇ ਅੰਦਰਲੇ ਪੰਨੇ 'ਤੇ ਜਿੱਥੇ ਸਾਖੀ ਸੰਪੂਰਨ ਹੋਈ ਹੈ, ਓਥੇ ਲਿਖਿਆ ਹੈ, 'ਅਭੁਲ ਗੁਰੂ ਬਾਬਾ ਜੀ, ਬੋਲਹੁ ਵਾਹਿਗੁਰੂ ਜੀ ਕੀ ਫਤੇ ਹੋਈ। ਤੇਰਾ ਪਰਾਨਾ ਹੈ'। 'ਬੋਲੋ ਵਾਹਿਗੁਰੂ' ਦਾ ਆਮ ਵਰਤਾਰਾ ਭੱਟਾਂ ਦੇ ਸਵੱਯੇ ਰਚਣ ਦੇ ਬਾਅਦ ਹੋਇਆ ਹੈ। ਪਹਿਲੇ 'ਵਾਹਿਗੁਰੂ' ਮੰਤ੍ਰ ਦੀ ਸੂਰਤ ਵਿਚ ਗੁਪਤ ਵਾਕ ਸੀ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਤੋਂ ਬਾਅਦ ਆਮ ਸ਼ੁਰੂ ਹੋਇਆ। ਇਹ ਭੀ ਛੇਵੇਂ ਸਤਿਗੁਰਾਂ ਦੇ ਸਮੇਂ ਦੇ ਲਗ-ਪਗ ਲੈ ਜਾਂਦਾ ਹੈ, ਪਰ ਉਪਰ ਲਿਖੀ ਇਬਾਰਤ ਵਿਚ ਇਕ ਵਾਕ ਹੈ 'ਬੋਲਹੁ ਵਾਹਿਗੁਰੂ ਜੀ ਕੀ ਫਤਹ ਹੋਈ', 'ਵਾਹਿਗੁਰੂ ਜੀ ਕੀ ਫਤੈ' ਇਹ ਵਾਕ ਖਾਲਸਾ ਪੰਥ ਰਚਣ ਵਾਲੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਰਚੇ ਸਨ। ਫੇਰ ਨਾਲ 'ਹੋਈ' ਪਦ ਹੈ, ਇਹ ਵਧੇਰੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਵੱਲ ਲੈ ਜਾਂਦਾ ਹੈ।


  1. ਪਠਾਣਾਂ ਦੇ ਰਾਜ ਦੀ ਸਮਾਪਤੀ ਗੁਰੂ ਜੀ ਦੀ ਜੁਆਨ ਉਮਰ ਵਿਚ ਹੋਈ।

ਪੁਰਾਤਨ ਜਨਮ ਸਾਖੀ - ਸ੍ਰੀ ਗੁਰੂ ਨਾਨਕ ਦੇਵ ਜੀ (8)