ਸਮੱਗਰੀ 'ਤੇ ਜਾਓ

ਪੰਨਾ:ਪੁਰਾਤਨ ਜਨਮ ਸਾਖੀ – ਸ੍ਰੀ ਗੁਰੂ ਨਾਨਕ ਦੇਵ ਜੀ.pdf/7

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

'ਵਾਹਿਗੁਰੂ ਜੀ ਕੀ ਫਤਹਾ ਅੰਮ੍ਰਿਤ ਛਕਣ ਸਮੇਂ ਹੋਈ, ਉਹ ਸੰਮਤ ਬਿ: 1756 (1699 ਈ:) ਹੈ। ਇਸ ਹਿਸਾਬ ਵਿਚ ਇਹ ਸਾਖੀ 1756 ਸੰਮਤ ਤੋਂ ਮਗਰੋਂ ਦੀ ਜਾ ਸਹੀ ਹੁੰਦੀ ਹੈ ਪਰ ਇਹ ਬੀ ਹੋ ਸਕਦਾ ਹੈ ਕਿ ਜਨਮ ਸਾਖੀ ਪੁਰਾਤਨ ਹੋਵੇ ਤੇ ਵਲੈਤ ਵਾਲਾ ਨੁਸਖਾ 1756 ਦੇ ਬਾਅਦ ਲਿਖਿਆ ਗਿਆ ਹੋਵੇ ਤੇ ਲਿਖਾਰੀ ਤੋਂ ਸਹਿ ਸੁਭਾਵ ਉਸ ਵੇਲੇ ਪ੍ਰਵਿਰਤ ਹੋਇਆ ਫ਼ਿਕਰਾ 'ਵਾਹਿਗੁਰੂ ਜੀ ਕੀ ਫਤੇ' ਲਿਖਿਆ ਗਿਆ ਹੋਵੇ। ਇਹ ਭੀ ਮੁਮਕਿਨ ਨਹੀਂ ਕਿ ਇਹ ਇਬਾਰਤ ਇਤਫ਼ਾਕ ਨਾਲ ਲਿਖੀ ਗਈ ਹੋਵੇ, ਪਰ ਹਰ ਹਾਲਤ ਵਿਚ ਖੋਜਕਾਂ ਦਾ ਧਿਆਨ ਇਸ ਪਰ ਜ਼ਰੂਰ ਖਰਚ ਹੋਣਾ ਚਾਹੀਏ।

(4) ਇਸ ਦੀ ਬੋਲੀ ਨਿਰੋਲ ਪੋਠੋਹਾਰੀ ਨਹੀਂ, ਤੇ ਨਾ ਹੀ ਨਿਰੋਲ ਲਹਿੰਦੇ ਦੀ ਹੈ, ਜਿਹਲਮ ਦੇ ਇਸ ਕਿਨਾਰੇ ਯਾ ਉਸ ਕਿਨਾਰੇ ਦੀ ਬੋਲੀ ਨਾਲ ਮੇਲ ਖਾਂਦੀ ਹੈ ਅਤੇ ਅੱਖਰ ਇਸ ਦੇ 'ਹਾਹੇ', 'ਔਂਕੜ' ਤੇ 'ਲਲੇ' ਆਦਿ ਦੇ ਵਿਚਾਰ ਤੋਂ ਪੁਰਾਤਨ ਢੰਗ ਦੇ ਲਗਦੇ ਹਨ। ਇਸ ਦਾ ਕਾਰਨ ਇਸ ਦਾ ਪੁਰਾਣਾ ਹੋਣਾ ਬੀ ਹੋ ਸਕਦਾ ਹੈ, ਤੇ ਲਿਖਾਰੀ ਦਾ ਉਸ ਅੱਖਰਾਂ ਦੀ ਘੁੰਡੀ ਤੋਂ ਨਾਵਾਕਫ਼ ਹੋਣਾ ਬੀ ਹੋ ਸਕਦਾ ਹੈ, ਜੋ ਕਿ ਲਾਹੌਰ ਅੰਮ੍ਰਿਤਸਰ ਦੇ ਲਾਗੇ ਸੁਹਣੀ ਸ਼ਕਲ ਲੈ ਗਈ ਸੀ, ਕਿਉਂਕਿ ਹਾਸ਼ੀਏ ਦੀਆਂ ਲੀਕਾਂ ਮਿਸਤਰ ਨਾਲ ਵਾਹੀਆਂ ਨਹੀਂ ਜਾਪਦੀਆਂ, ਜੋ ਹੁਨਰ ਕਿ ਓਦੋਂ ਚੰਗੇ ਕਮਾਲ ਤੇ ਸੀ। ਹਾਸ਼ੀਏ ਦੀਆਂ ਲੀਕਾਂ ਉਘੜ ਦੁਘੜੀਆਂ ਉਸ ਦੇ ਚਲਾਊ ਲਿਖਤ ਹੋਣ ਦੀ ਗਵਾਹੀ ਹਨ ਤੇ ਇਸੇ ਤਰ੍ਹਾਂ ਲਿਖਤ ਬੀ ਚਲਾਊ ਹੋ ਸਕਦੀ ਹੈ, ਲਿਖਣ ਵਾਲਾ ਕਸਬੀ ਲਿਖਾਰੀ ਨਹੀਂ ਜਾਪਦਾ।

(5)ਇਹ ਗੱਲ ਕਿ ਵਲੈਤ ਪਹੁੰਚਾ ਨੁਸਖ਼ਾ ਇਸ ਦਾ ਅਸਲੀ ਕਰਤਾ ਦਾ ਪਹਿਲਾ ਨੁਸਖ਼ਾ ਹੈ, ਇਸ ਦੇ ਅੰਦਰ ਹੀ ਗੁਆਹੀ ਤੋਂ ਰੱਦ ਹੋ ਜਾਂਦਾ ਹੈ। ਇਸ ਨੁਸਖ਼ੇ ਤੋਂ ਪਹਿਲੇ ਕੋਈ ਹੋਰ ਨੁਸਖ਼ਾ ਸੀ, ਇਸ ਦਾ ਇਹ ਉਤਾਰਾ ਹੈ। ਫੇਰ ਇਹ ਨੁਸਖ਼ਾ ਉਸ ਦਾ ਠੀਕ ਉਤਾਰਾ ਹੈ ਯਾ ਕੁਛ ਫ਼ਰਕ ਪੈ ਗਿਆ ਹੈ, ਇਹ ਗੱਲ ਹਾਫ਼ਿਜ਼ਾਬਾਦੀ ਨੁਸਖ਼ੇ ਨਾਲ ਇਸ ਦਾ ਟਾਕਰਾ ਕਰਨ ਤੋਂ ਦਿਸ ਪੈਂਦੀ ਹੈ ਕਿ ਦੋਵੇਂ ਉਤਾਰੇ ਇਕ ਮੂਲ ਦੇ ਹਨ ਪਰ ਆਪੋ ਵਿਚ ਫ਼ਰਕ ਕਰ ਗਏ ਹਨ। ਇਸ ਤੋਂ ਸੰਭਾਵਨਾ ਹੁੰਦੀ ਹੈ ਕਿ ਵਲੈਤ ਵਾਲਾ ਨੁਸਖ਼ਾ ਭੀ ਅਸਲੀ ਮੂਲ ਤੋਂ ਚੋਖਾ ਫ਼ਰਕ ਕਰ ਗਿਆ ਹੋਵੇਗਾ, ਇਹ ਗੱਲ ਕਿ ਇਹ ਨੁਸਖ਼ਾ ਕਿਸੇ ਹੋਰ ਦਾ ਉਤਾਰਾ ਹੈ ਐਉਂ ਸਪੱਸ਼ਟ ਹੁੰਦੀ ਹੈ:–

(ੳ) ਸਾਖੀ ਨੰ: 28 ਵਿਚ ਲਿਖਿਆ ਹੈ ਕਿ 'ਉਹ ਦੁਨੀਆਂਦਾਰ ਫ਼ਕੀਰ ਥੇ', ਅਗਲਾ ਪਿਛਲਾ ਪ੍ਰਕਰਣ ਸਾਫ਼ ਦੱਸਦਾ ਹੈ ਕਿ ਏਥੇ ਪਾਠ ਚਾਹੀਦਾ ਸੀ: ‘ਓਹ ਦੀਨਦਾਰ ਫ਼ਕੀਰ ਥੇ', ਕਿਉਂਕਿ ਉਹ ਅਫ਼ਸੋਸ ਕਰਦਾ ਹੈ ਕਿ ਜੇ ਮੈਂ ਦੀਨ ਮੰਗਦਾ ਤਾਂ ਦੀਨ ਪਾਉਂਦਾ, ਮੈਂ ਦੁਨੀਆ ਚਾਹੀ ਤਾਂ ਦੁਨੀਆ ਮਿਲੀ।


ਪੁਰਾਤਨ ਜਨਮ ਸਾਖੀ - ਸ੍ਰੀ ਗੁਰੂ ਨਾਨਕ ਦੇਵ ਜੀ (9)