ਪੰਨਾ:ਪੋਠੋਹਾਰੀ ਸ਼ਬਦ ਕੋਸ਼.pdf/13

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਭੂਮਕਾ

ਜਦੋਂ ਕਿਸੇ ਬੋਲੀ ਕੋਲ ਐਨੀ ਅਮੀਰ ਸ਼ਬਦਾਵਲੀ ਨਾ ਹੋਵੇ ਕਿ ਉਸ ਬੋਲੀ ਦਾ ਲਿਖਾਰੀ ਬਿਨਾ ਕਿਸੇ ਰੁਕਾਵਟ ਤੋਂ ਆਪਣੇ ਹਾਵ-ਭਾਵ ਠੀਕ ਠੀਕ ਅਰਥਾਂ ਵਿਚ ਉਸ ਬੋਲੀ ਦੇ ਸ਼ਬਦਾਂ ਰਾਹੀਂ ਪਰਗਟਾ ਸਕੇ ਤਾਂ ਕੁਦਰਤੀ ਗੱਲ ਹੈ ਕਿ ਲਿਖਾਰੀ ਨੂੰ ਉਸ ਬੋਲੀ ਵਿਚ ਲਿਖਣ ਲਈ ਜਾਂ ਤਾਂ ਉਪ-ਬੋਲੀਆਂ ਤੋਂ ਸਹਾਇਤਾ ਲੈਣੀ ਪੈਂਦੀ ਹੈ ਤੇ ਜਾਂ ਫੇਰ ਕਿਸੇ ਦੂਜੀ ਬੋਲੀ ਤੋਂ ਸ਼ਬਦ ਉਧਾਰੇ ਲੈਣੇ ਪੈਂਦੇ ਹਨ। ਇਸ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਕਿ ਇਕ ਬੋਲੀ ਦਾ ਆਪਣੀਆਂ ਉਪ-ਬੋਲੀਆਂ ਨਾਲ ਡੂੰਘਾ ਸਬੰਧ ਹੁੰਦਾ ਹੈ ਅਤੇ ਉਪ-ਬੋਲੀਆਂ ਆਪਣੀ ਟਕਸਾਲੀ ਬੋਲੀ ਵਿਚ ਅਜੇਹੇ ਸ਼ਬਦਾਂ ਦਾ ਵਾਧਾ ਕਰਦੀਆਂ ਹਨ ਜਿਹੜੇ ਕਿ ਉਸ ਵਿਚ ਮਿਲਦੇ ਨਾ ਹੋਣ ਪਰ ਉਨ੍ਹਾਂ ਦਾ ਹੋਣਾ ਬੜਾ ਜ਼ਰੂਰੀ ਮੌਕਾ ਮਿਲਣ ਹੋਵੇ। ਉਪ-ਬੋਲੀ ਦੇ ਅਜੇਹੇ ਸ਼ਬਦਾਂ ਦੀ ਵਿਸ਼ੇਸ਼ਤਾ ਕਰਕੇ ਇਹ ਐਨ ਸੰਭਵ ਹੁੰਦਾ ਹੈ ਕਿ ਮੁਨਾਸਬ ਤੇ ਅਜੇਹੀ ਉਪ-ਬੋਲੀ ਇਕ ਬੋਲੀ ਦਾ ਰੂਪ ਧਾਰਨ ਕਰ ਲਵੇ। ਹਰ ਅਮੀਰ ਅਤੇ ਪਰਮਾਣੀਕ ਬੋਲੀ ਜਨਮ ਹੀ ਆਪਣੀਆਂ ਉਪ-ਬੋਲੀਆਂ ਵਿੱਚੋਂ ਲੈਂਦੀ ਹੈ। ਉਹ ਉਪ-ਬੋਲੀ ਜੋ ਟਕਸਾਲੀ ਜਾਂ ਪਰਮਾਣੀਕ ਬੋਲੀ ਦਾ ਰੂਪ ਧਾਰਨ ਕਰਦੀ ਹੈ ਆਪਣਾ ਨਿੱਜੀ ਉਪ-ਭਾਸ਼ਾਈ-ਗੁਣ, ਜਿਹੜਾ ਕਿ ਉਸ ਦੀਆਂ ਉਚਾਰਣ-ਭੇਦ ਦੀਆਂ ਸਥਾਨਕ ਸਾਂਝੀਆਂ ਵਿਸ਼ੇਸ਼ਤਾਈਆਂ ਕਰਕੇ ਹੁੰਦਾ ਹੈ, ਤਿਆਗ ਕੇ ਹੀ ਅਜਿਹਾ ਕੁਝ ਕਰ ਸਕਦੀ ਹੈ। ਟਕਸਾਲੀ ਬੋਲੀ ਨੂੰ ਅਜਿਹਾ ਰੂਪ ਦੇਣ ਵਿਚ ਚੋਖਾ ਹੱਥ ਉਪ-ਬੋਲੀਆਂ ਦਾ ਹੀ ਹੁੰਦਾ ਹੈ, ਕਿਉਂਕਿ ਸਮੇਂ ਸਮੇਂ ਸਿਰ ਲੋੜ ਪੈਣ ਤੇ ਇਹ ਉਪ-ਬੋਲੀਆਂ ਹੀ ਟਕਸਾਲੀ ਬੋਲੀ ਨੂੰ ਲੋੜੀਂਦੇ ਸ਼ਬਦ ਦਿੰਦੀਆਂ ਹਨ।

ਉਪ-ਭਾਸ਼ਾਵਾਂ ਦੀ ਉੱਪਰ ਦੱਸੀ ਮਹੱਤਤਾ ਨੂੰ ਪਛਾਣਦੇ ਹੋਏ ਪੰਜਾਬੀ-ਵਿਭਾਗ ਦੀਆਂ ਯੋਜਨਾਵਾਂ ਵਿਚ ਜਿੱਥੇ ਪੰਜਾਬੀ-ਕੋਸ਼, ਪੰਜਾਬੀ-ਹਿੰਦੀ-ਕੋਸ਼, ਪੰਜਾਬੀ-ਹਿੰਦੀ-ਉਰਦੂ-ਕੋਸ਼ ਤੇ ਪੰਜਾਬੀ-ਵਿਸ਼ਵ-ਕੋਸ਼ ਆਦਿ ਜੇਹੇ ਕੋਸ਼ ਬਣਾਉਣ ਦੀ ਤਜਵੀਜ਼ ਰੱਖੀ ਗਈ, ਓਥੇ ਪੰਜਾਬੀ ਦੀਆਂ ਵੱਖ ਵੱਖ ਉਪ-ਭਾਸ਼ਾਵਾਂ ਦੇ ਸ਼ਬਦ-ਕੋਸ਼ਾਂ ਦੀ ਰਚਨਾ ਨੂੰ ਵੀ ਅੱਖੋਂ ਉਹਲੇ ਨਹੀਂ ਕੀਤਾ ਗਿਆ। ਆਪਣੇ ਇਸ ਉੱਦੇਸ਼ ਦੀ ਪੂਰਤੀ ਲਈ ਮਹਿਕਮੇ ਵੱਲੋਂ ‘ਪੁਆਧੀ’ ਅਤੇ ‘ਪੋਠੋਹਾਰੀ’ ਦੋਂਹ ਉਪ-ਬੋਲੀਆਂ ਦੇ ਸ਼ਬਦ-ਸੰਗ੍ਰਹਿ ਦਾ ਬੀੜਾ ਚੁਕਿਆ ਗਿਆ। ਇਨ੍ਹਾਂ ਦੋਹਾਂ ਉਪ-ਬੋਲੀਆਂ ਦੇ ਸ਼ਬਦਾਂ ਨੂੰ ਇਕੱਠਾ ਕਰਕੇ ਸੰਚਿਤ ਕਰਨ ਲਈ ਦੋ ਉਪ-ਬੋਲੀ ਮਾਹਰਾਂ ਦੀ ਸੇਵਾ ਲਈ ਗਈ ਜਿਸ ਦਾ ਫਲ ਸਰੂਪ ਅਸੀਂ ਪੰਜਾਬੀ ਪਿਆਰਿਆਂ ਨੂੰ ‘ਪੁਆਧੀ’ ਅਤੇ ‘ਪੋਠੋਹਾਰੀ’ ਦੋ ਸ਼ਬਦ-ਕੋਸ਼ ਭੇਟਾ ਕਰ ਰਹੇ ਹਾਂ। ਇਹ ਹਥਲਾ ਕੋਸ਼ ‘ਪੋਠੋਹਾਰੀ ਦਾ ਸ਼ਬਦ-ਕੋਸ਼ ਹੈ ਜਿਸ ਨੂੰ ਕਿ ਗ੍ਰੀਅਰਸਨ ਭਾਵੇਂ ਇਕ ਸਵਤੰਤਰ ਉਪ-ਬੋਲੀ ਹੋਣ ਦੀ ਥਾਂ ‘ਲਹਿੰਦੀ’ ਦੀਆਂ ਉੱਤਰ-ਪੂਰਬੀ ਉਪ-ਭਾਸ਼ਾਵਾਂ ਵਿੱਚੋਂ ਇਕ ਮੰਨਦਾ ਹੈ। ਇਹ ਠੀਕ ਹੈ ਕਿ ‘ਪੋਠੋਹਾਰੀ ਉੱਤੇ ‘ਲਹਿੰਦੀ’ ਦਾ ਚੋਖਾ ਪਰਭਾਵ ਹੈ ਪਰ ‘ਪੋਠੋਹਾਰੀ’ ਆਪਣੇ ਆਪ ਵਿਚ ਇਕ ਸੁਤੰਤਰ ਉਪ-ਬੋਲੀ ਹੈ।

੧੯੪੭ ਦੇ ਮਹਾਨ ਘੱਲੂਘਾਰੇ ਮਗਰੋਂ ‘ਪੋਠੋਹਾਰ’ ਦੇ ਅਸਲੀ ਤੇ ਮੁਢਲੇ ਵਸਨੀਕਾਂ ਦਾ ਢੇਰ ਹਿੱਸਾ ਆਪਣੀ ਮਾਤ-ਭੂਮੀ ਨੂੰ ਸਦਾ ਲਈ ਖ਼ੈਰਬਾਦ ਕਹਿ ਕੇ ਵਾਘੇ ਦੇ ਦੂਸਰੇ ਪਾਸੇ ਡੇਲਿਆਂ ਵਾਂਗ ਖਿੰਡ ਪੁੰਡ ਗਿਆ। ਕੋਈ ਵਿਸ਼ਾਲ ਹਿੰਦੁਸਤਾਨ ਦੇ ਕਿਸੇ ਕੋਨੇ ਵਿਚ ਜਾ ਵਸਿਆ ਤੇ ਕੋਈ ਕਿਸੇ ਵਿਚ। ਐਨ ਇਹੋ ਹਾਲ ਪੂਰਬੀ ਪੰਜਾਬ ਦੇ ਮਾਲਵੇ, ਪੁਆਧ, ਦੁਆਬੇ, ਮਾਝੇ, ਹਰਿਆਣੇ ਤੇ ਦਿੱਲੀ ਤੋਂ ਉੱਜੜ ਕੇ ਪਾਕਿਸਤਾਨ ਗਏ ਲੱਖਾਂ ਮੁਸਲਮਾਨ ਵਸਨੀਕਾਂ ਦਾ ਹੋਇਆ। ਜਿੱਥੇ ਕਿੱਥੇ ਵੀ ਕਿਸੇ ਇਲਾਕੇ ਦੇ ਲੋਕ ਜਾ ਬੈਠੇ ਓਥੇ ਹੀ ਉਨ੍ਹਾਂ ਦੀ ਬੋਲ ਚਾਲ ਦੀ ਬੋਲੀ ਦਾ ਪਰਭਾਵ ਉਥੋਂ ਦੀ ਸਥਾਨਕ ਬੋਲ ਚਾਲ ਦੀ ਬੋਲੀ ਉੱਤੇ ਪਿਆ। ਵੱਖ ਵੱਖ ਉਪ-ਬੋਲੀਆਂ ਦੇ ਸ਼ਬਦ ਆਪਸ ਵਿਚ ਰਲਗੱਡ ਹੋ ਗਏ ਤੇ ਸਥਾਨਕ ਜ਼ਬਾਨ ਖਿਚੜੀ ਜਿਹੀ ਬਣਨ ਲੱਗ ਪਈ। ਉਨ੍ਹਾਂ ਭੂਗੋਲਕ ਗੁੱਟਾਂ ਦੀ ਹੋਂਦ ਖਤਰੇ ਵਿਚ ਪੈਣ ਲੱਗੀ, ਜਿਨ੍ਹਾਂ ਨੂੰ ਕਿ ਭਾਸ਼ਾ-ਵਿਗਿਆਨੀਆਂ ਨੇ ਆਪਣੇ ਉਚੇਚੇ ਯਤਨਾਂ ਦੁਆਰਾ ਬੋਲੀ ਦੀਆਂ ਸਾਂਝੀਆਂ ਵਿਸ਼ੇਸ਼ਤਾਈਆਂ ਦੇ ਕਾਰਨ ਮਿਥਿਆ ਸੀ।