ਪੰਨਾ:ਪੋਠੋਹਾਰੀ ਸ਼ਬਦ ਕੋਸ਼.pdf/14

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

( ਙ )

ਉੱਪਰ ਦੱਸੀਆਂ ਮਹਾਨ ਇਤਿਹਾਸਕ ਅਦਲਾ ਬਦਲੀਆਂ ਦੇ ਸਮੇਂ ਵਿਚ ਜਾਂ ਤਾਂ ਉਪ-ਬੋਲੀਆਂ ਮਰ ਜਾਂਦੀਆਂ ਹਨ ਜਾਂ ਫੇਰ ਬਾਹਰੋਂ ਆ ਕੇ ਵਸੇ ਲੋਕਾਂ ਦੀ ਬੋਲਚਾਲ ਦੀ ਬੋਲੀ ਅਤੇ ਸਥਾਨਕ ਉਪ-ਬੋਲੀ ਦੇ ਸੰਜੋਗ ਦੁਆਰਾ ਕਿਸੇ ਹੋਰ ਨਵੀਂ ਉਪ-ਬੋਲੀ ਤੇ ਜੰਮ ਪੈਣ ਦੀ ਸੰਭਾਵਨਾ ਅਸਲੀਅਤ ਦਾ ਰੂਪ ਧਾਰਨ ਕਰਨ ਲਗਦੀ ਹੈ। ਆਪਣਾ ਅਸਲੀ ਵਜੂਦ ਉਹੋ ਉਪ-ਬੋਲੀ ਹੀ ਕਾਇਮ ਰਖ ਸਕਦੀ ਹੈ ਜਿਸ ਕੋਲ ਬਲਵਾਨ ਸ਼ਬਦਾਂ ਦਾ ਭੰਡਾਰ ਹੋਵੇ।

ਇਸ ਤਰ੍ਹਾਂ ਵੰਡ ਮਗਰੋਂ ਲੋਕਾਂ ਦੇ ਵਟਾਂਦਰੇ ਨਾਲ ਜੋ ਹਾਲਤ ਉਪ-ਬੋਲੀਆਂ ਦੀ ਹੋਈ ਉਸ ਨੂੰ ਧਿਆਨ ਵਿਚ ਰਖਦੇ ਹੋਏ ਇਹ ਵੀ ਐਨ ਸੰਭਵ ਹੈ ਕਿ ਇਕ ਐਸਾ ਸਮਾਂ ਆ ਜਾਵੇ ਜਦੋਂ ਅਸਲੀ ਉਪ-ਬੋਲੀ ਦੀ ਉਸ ਭੂਗੋਲਕ ਇਕਾਈ ਵਿਚ ਹੀ ਅਸਲੀ ਨੁਹਾਰ ਲੱਭਣੀ ਔਖੀ ਹੋ ਜਾਵੇ। ਇਹੋ ਜੇਹੀ ਸਥਿਤੀ ਵਿਚ ਉਪ-ਬੋਲੀਆਂ ਦੇ ਨਿਰੋਲ ਸ਼ਬਦਾਂ ਨੂੰ ਸਾਂਭ ਲੈਣਾ ਹੀ ਉਚਿਤ ਬਣਦਾ ਹੈ। ਇਸੇ ਸਥਿਤੀ ਦਾ ਜਾਇਜ਼ਾ ਲੈ ਕੇ ਅਸੀਂ ਇਹ ਯਤਨ ਅਰੰਭਿਆ ਹੈ।

ਪੋਠੋਹਾਰੀ ਦਾ ਭੂਗੋਲਕ ਖੇਤਰ

ਭਾਈ ਕਾਨ੍ਹ ਸਿੰਘ ਜੀ ਨਾਭਾ ਆਪਣੇ ਮਹਾਨ ਕੋਸ਼ ਵਿਚ ‘ਪੋਠੋਹਾਰ’ ਦੀ ਹਦਬੰਦੀ ਸੰਖੇਪ ਵਿਚ ਇਉਂ ਕਰਦੇ ਹਨ—“ਦਰਿਆ ਜੇਹਲਮ ਅਤੇ ਸਿੰਧ ਦੇ ਮੱਧ ਦਾ ਇਲਾਕਾ, ਜਿਸ ਦਾ ਬਹੁਤਾ ਭਾਗ ਜ਼ਿਲਾ ਰਾਵਲਪਿੰਡੀ ਵਿਚ ਹੈ,” ਅਤੇ ਪੰਜਾਬੀ ਦੀਆਂ ਉਪ-ਬੋਲੀਆਂ ਸਬੰਧੀ ਖੋਜ ਕਰਨ ਵਾਲਾ ਪ੍ਰਸਿੱਧ ਭਾਸ਼ਾ ਵਿਗਿਆਨੀ ਗੀਅਰਸਨ ਪੋਠੋਹਾਰੀ ਦਾ ਖੇਤਰ ਨੀਅਤ ਕਰਨ ਵੇਲੇ ਇਹ ਕਹਿੰਦਾ ਹੈ ਕਿ ‘ਪੋਠੋਹਾਰੀ’ ਦੋ ਪਰਕਾਰ ਦੀ ਹੈ। ਇਕ ਤਾਂ ਉਹ ਪੋਠੋਹਾਰੀ ਜੋ ਰਾਵਲਪਿੰਡੀ ਅਤੇ ਨਾਲ ਲਗਦੇ ਦੱਖਣ ਵੱਲ ਦੇ ਮੈਦਾਨਾਂ ਵਿਚ ਬੋਲੀ ਜਾਂਦੀ ਹੈ, ਅਤੇ ਦੂਜੀ ਉਹ ਜੋ ਕੋਹ ਮਰੀ ਦੀਆਂ ਪਹਾੜੀਆਂ ਵਿਚ ਜੰਮਦੀ ਪਲਦੀ ਹੈ।

ਕਈ ਲੇਖਕ ‘ਪੋਠੋਹਾਰ’ ਨੂੰ ‘ਪੁਠਵਾਰਾ’ ਵੀ ਲਿਖਦੇ ਹਨ। ਭਾਈ ਕਾਨ੍ਹ ਸਿੰਘ ਜੀ ਨੇ ਆਪਣੇ ਕੋਸ਼ ਵਿਚ ਇਸ ਨੂੰ ‘ਪੋਠੋਵਾਰ’ ਲਿਖਿਆ ਹੈ ਕਿਉਂਕਿ ਪੋਠੋਹਾਰ ਦਾ ਇਲਾਕਾ ਉੱਚਾ ਨੀਵਾਂ ਹੈ ਅਤੇ ਇਹੋ ਜੇਹੇ ਉੱਚੇ ਨੀਵੇਂ ਇਲਾਕੇ ਨੂੰ ‘ਪਠਾਰ’ ਸੱਦਿਆ ਜਾਂਦਾ ਹੈ। ਇਸ ਕਰਕੇ ਇਹ ਵੀ ਸੰਭਵ ਹੈ ਕਿ ‘ਪੋਠੋਹਾਰ’ ਸ਼ਬਦ ‘ਪੁਠਵਾਰ’ ਤੋਂ ਹੀ ਨਿਕਲਿਆ ਹੋਵੇ। ਜੇ ਅਸੀਂ ਇਸ ਸ਼ਬਦ ਦੀ ਨਿਰੁਕਤੀ ਕਰੀਏ ਤਾਂ (ਪੋਠੋਹਾਰ=ਪੋਠ ∠ ਪੁੱਠ+ਓ+ਹਾਰ) ਹੋਵੇਗੀ ਜਿਸ ਦੇ ਅਰਥ ਹਨ ‘ਪੁੱਠ ਵਾਲਾ’। ਪਸ਼ੂ ਦੀ ‘ਪੁੱਠ’ ਬਾਕੀ ਦੇ ਲਾਗਲੇ ਹਿੱਸੇ ਨਾਲੋਂ ਕੁਝ ਵਧੇਰੇ ਉੱਚੀ ਹੁੰਦੀ ਹੈ। ਸਵਰਗੀ ਪ੍ਰਿੰਸੀਪਲ ਤੇਜਾ ਸਿੰਘ ਜੀ ਨੇ ਇਸ ਇਲਾਕੇ ਦੀ ਧਰਤੀ ਦੀ ਉਚਾਈ ਸਮੁੰਦਰੀ ਤੱਟ (ਸਤ੍ਹਾ) ਨਾਲੋਂ ੧੯੯੪ ਫੁੱਟ ਉੱਚੀ ਦੱਸੀ ਹੈ ਜਦੋਂ ਕਿ ਜਿਹਲਮ ਦੀ ਧਰਤੀ ਸਮੁੰਦਰੀ ਤੱਟ ਤੋਂ ਸਿਰਫ ੭੬੫ ਫੁੱਟ ਉੱਚੀ ਹੈ। ਇਸ ਤੋਂ ਸਪਸ਼ਟ ਹੈ ਕਿ ਪੋਠੋਹਾਰ ਦਾ ਇਲਾਕਾ ਆਪਣੇ ਲਾਗਲੇ ਇਲਾਕੇ ਤੋਂ ਉੱਚਾ ਹੈ ਤੇ ਇਸ ਉਚਾਈ ਕਰਕੇ ਹੀ ਇਸ ਭੂਗੋਲਕ ਖੇਤਰ ਦਾ ਨਾਉਂ ‘ਪੁਠਹਾਰ’ ਜਾਂ ‘ਪੁਠਵਾਰ’ ਤੋਂ ‘ਪੋਠੋਹਾਰ' ਪੈ ਗਿਆ।

ਉੱਪਰਲੇ ਕਥਨਾਂ ਨੂੰ ਧਿਆਨ ਵਿਚ ਰਖਦੇ ਹੋਏ ਪੋਠੋਹਾਰੀ ਦੇ ਖੇਤਰ ਵਿਚ ਅਸੀਂ ਜ਼ਿਲਾ ਜਿਹਲਮ ਦਾ ਪੂਰਬੀ ਹਿੱਸਾ, ਰਾਵਲ ਪਿੰਡੀ ਜ਼ਿਲੇ ਦਾ ਮੈਦਾਨੀ ਹਿੱਸਾ, ਉੱਪਰਲੇ ਪਾਸੇ ਕੋਹ ਮਰੀ ਦੀਆਂ ਪਹਾੜੀਆਂ ਤਕ ਦਾ ਹਿੱਸਾ ਅਤੇ ਦੂਜੇ ਪਾਸੇ ਜ਼ਿਲੇ ਹਜ਼ਾਰੇ ਦਾ ਕੁੱਝ ਹਿੱਸਾ ਸ਼ਾਮਲ ਕਰ ਸਕਦੇ ਹਾਂ। ਗੁਜਰਾਤ ਦੇ ਉੱਤਰੀ ਹਿੱਸੇ ਵਿਚ ਵੀ ਪੋਠੋਹਾਰੀ ਬੋਲੀ ਜਾਂਦੀ ਹੈ।

ਪੋਠੋਹਾਰੀ ਉਤੇ ਵੈਦਕ ਸੰਸਕ੍ਰਿਤ ਅਤੇ ਫ਼ਾਰਸੀ ਦਾ ਪਰਭਾਵ

ਭਾਰਤ ਦੇ ਇਤਿਹਾਸ ਨੂੰ ਪੜ੍ਹ ਕੇ ਇਹ ਪਤਾ ਲਗਦਾ ਹੈ ਕਿ ਆਰੀਆ ਲੋਕ ਤੇ ਹੋਰ ਜਿੰਨੇ ਵੀ ਮੁਸਲਮਾਨ ਹਮਲਾਆਵਰ ਭਾਰਤ ਵਿਚ ਆਏ ਉਹ ਸਾਰੇ ਹੀ ਕੋਹ ਹਿੰਦੂਕੁਸ਼, ਜਿਹੜਾ ਕਿ ਭਾਰਤ ਦੇ ਉੱਤਰ-ਪੱਛਮ ਵਿਚ ਹੈ, ਨੂੰ ਪਾਰ ਕਰਕੇ ਆਏ ਅਤੇ ਆ ਕੇ ਸਿੰਧ ਨਦੀ ਦੇ ਕਿਨਾਰੇ ਠਹਿਰਦੇ ਰਹੇ। ਪੋਠੋਹਾਰ ਦਾ ਇਲਾਕਾ ਸਾਹਮਣੇ ਆਉਣ ਕਰ ਕੇ ਉਹ ਸਭ ਤੋਂ ਪਹਿਲਾਂ ਇਸੇ ਇਲਾਕੇ ਵਿਚ ਪੈਰ ਪਾਉਂਦੇ ਸਨ। ਵੇਦਾਂ ਦੀ ਰਚਨਾ ਵੀ ਆਰੀਆ ਲੋਕਾਂ ਨੇ ਪਹਿਲੇ ਪਹਿਲ ਇਸੇ ਇਲਾਕੇ ਵਿਚ ਹੀ ਕੀਤੀ ਅਤੇ ਮੁਸਲਮਾਨ ਹਮਲਾਆਵਰਾਂ ਦੁਆਰਾ ਫ਼ਾਰਸੀ ਵੀ ਪਹਿਲਾਂ ਪਹਿਲ ਹਿੰਦੁਸਤਾਨ ਦੇ ਇਸੇ ਇਲਾਕੇ ਵਿਚ ਆਈ। ਇਹੀ ਕਾਰਨ ਹੈ ਕਿ ਹੋਰਨਾਂ ਉਪ-ਬੋਲੀਆਂ ਨਾਲੋਂ ਪੋਠੋਹਾਰੀ ਵਿਚ ਵੇਦਿਕ ਸੰਸਕ੍ਰਿਤ ਅਤੇ ਫ਼ਾਰਸੀ ਦੇ ਕਈ ਸ਼ਬਦ ਮਿਲਦੇ ਹਨ। ਵੇਦਕ-ਸੰਸਕ੍ਰਿਤ ਦੇ ਪਏ ਪਰਭਾਵ ਕਾਰਨ ਜਿੱਥੇ