ਪੰਨਾ:ਪੋਠੋਹਾਰੀ ਸ਼ਬਦ ਕੋਸ਼.pdf/15

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

( ਚ )

ਪੋਠੋਹਾਰੀ ਦੀ ਕੁੱਝ ਸ਼ਬਦਾਵਲੀ ਵੇਦਕ ਸੰਸਕ੍ਰਿਤ ਨਾਲ ਮਿਲਦੀ ਹੈ ਓਥੇ ਦੋਹਾਂ ਦੀ ਸ਼ੈਲੀ ਗੁੰਦਵੀਂ ਹੈ। ਵੇਦਕ ਸੰਸਕ੍ਰਿਤ ਦੀ ਮਿਠਾਸ ਦੇ ਅਸਰ ਨਾਲ ਪੋਠੋਹਾਰੀ ਵੀ ਅਤੀ ਮਿੱਠੀ ਜ਼ਬਾਨ ਬਣ ਗਈ ਹੈ।

ਲਾਹੌਰ ਤੋਂ, ਜਿਹੜਾ ਕਿ ਪੰਜਾਬੀ ਦਾ ਕੇਂਦਰ ਮੰਨਿਆਂ ਜਾਂਦਾ ਸੀ, ਜੇ ਅਸੀਂ ਪੂਰਬ ਵਾਲੇ ਪਾਸੇ ਨੂੰ ਜਾਈਏ ਤਾਂ ਬੋਲੀ ਵਿਚ ਵਿਯੋਗਆਤਮਕ ਗੁਣ ਵਧਦਾ ਤੁਰਿਆ ਜਾਂਦਾ ਹੈ। ਪਰ ਜਦੋਂ ਅਸੀਂ ਲਾਹੌਰ ਤੋਂ ਲਹਿੰਦੇ ਵਲ ਨੂੰ ਤੁਰੀਏ ਤਾਂ ਇਸ ਵਿਚ ਸੰਜੋਗਆਤਮਕ ਗੁਣ ਪ੍ਰਧਾਨ ਹੁੰਦਾ ਚਲਾ ਜਾਂਦਾ ਹੈ। ਪਹਿਲੀ ਹਾਲਤ ਵਿਚ ਪੰਜਾਬੀ ਉੱਤੇ ਹਿੰਦੀ ਦੀ ਖੜੀ ਬੋਲੀ ਦਾ ਪਰਭਾਵ ਵਧਦਾ ਪ੍ਰਤੱਖ ਦਿਖਾਈ ਦਿੰਦਾ ਹੈ ਜਦੋਂ ਕਿ ਦੂਜੀ ਹਾਲਤ ਵਿਚ ਪੰਜਾਬੀ ਉੱਤੇ ਵੇਦਕ ਸੰਸਕ੍ਰਿਤ, ਫ਼ਾਰਸੀ ਅਤੇ ਸਿੰਧੀ ਦਾ ਅਸਰ ਹੋਇਆ ਸਾਫ਼ ਦਿਸਦਾ ਹੈ। ਆਪਣੇ ਸੰਜੋਗਆਤਮਕ ਗੁਣ ਕਰਕੇ ‘ਪੋਠੋਹਾਰੀ’ ਵੇਦਕ ਸੰਸਕ੍ਰਿਤ ਅਤੇ ਪੁਰਾਣੀ ਪ੍ਰਾਕ੍ਰਿਤ ਤੇ ਵਧੇਰੇ ਨੇੜੇ ਹੈ। ‘ਖਾਂਦਾਈਸੁ’, ‘ਜਾਂਦਾਈਸੁ’ ਤੇ ‘ਮਾਰਦਾਈਸੁ’ ਆਦਿ ਸ਼ਬਦਾਂ ਉੱਤੇ ਪੁਰਾਣੀ ਪ੍ਰਾਕ੍ਰਿਤ ਦਾ ਹੀ ਅਸਰ ਹੈ ਜੋ ਪੋਠੋਹਾਰੀ ਨੇ ਅਜੇ ਤੱਕ ਸੰਭਾਲਿਆ ਹੋਇਆ ਹੈ। ਪੋਠੋਹਾਰੀ ਗਿਣਤੀ ਦੇ ਕਈ ਸ਼ਬਦ ਸੰਸਕ੍ਰਿਤ ਦੇ ਸ਼ਬਦਾਂ ਨਾਲ ਢੇਰ ਮਿਲਦੇ ਹਨ ਜਿਵੇਂ ਪੋਠੋਹਾਰੀ ਵਿਚ ‘ਤਰੈ’=ਤਿੰਨ ਅਤੇ ਸੰਸਕ੍ਰਿਤ ਵਿਚ “त्रय”=ਤਿੰਨ, ਅਤੇ ਪੋਠੋਹਾਰੀ ‘ਤੇਤਰੀ’=ਤੇਤੀ, ਜਦੋਂ ਕਿ ਸੰਸਕ੍ਰਿਤ ਵਿਚ ਵੀ “त्रस्त्र”=ਤੇਤੀ ਹੀ ਹੈ। ਇਸੇ ਤਰ੍ਹਾਂ ਪੋਠੋਹਾਰੀ ਵਿਚ ‘ਹਮਾਤੜ’ ਅਤੇ ‘ਤਮ੍ਹਾਤੜ’ ਲਈ ਦੋ ਸ਼ਬਦ ‘ਅਸਮੱਤਰ’ ਅਤੇ ‘ਤੁਸਮੱਤਰ' ਆਮ ਪਰਚੱਲਤ ਹਨ, ਜਦੋਂ ਕਿ ਸੰਸਕ੍ਰਿਤ ਵਿਚ ਇਨ੍ਹਾਂ ਸ਼ਬਦਾਂ ਦਾ ਮੂਲ ਰੂਪ ‘अस्मद्’ ਜਾਂ ‘अस्मत्’ ਅਤੇ ‘युष्मद्’ ਜਾਂ ‘युष्मत्’ ਕਰਕੇ ਮਿਲਦਾ ਹੈ। ‘ਰਾਕਸ਼’, ‘ਜਾਤਕ’, ਅਤੇ ‘ਗੱਛ’ ਆਦਿ ਸ਼ਬਦ ਵੀ ਵੇਦਕ ਸੰਸਕ੍ਰਿਤ ਦੇ ਹਨ ਜੋ ਪੋਠੋਹਾਰੀ ਵਿਚ ਆਮ ਪ੍ਰਚੱਲਤ ਹਨ। ਕਈ ਸ਼ਬਦਾਂ ਨੂੰ ਉਸੇ ਤਰ੍ਹਾਂ ਕੇਵਲ ਮਾਮੂਲੀ ਤਬਦੀਲੀ ਨਾਲ ਹੀ ਵਰਤ ਲਿਆ ਜਾਂਦਾ ਹੈ ਜਿਵੇਂ ‘ਤਰਕਰੀ’ ਨੂੰ ‘ਤਰੱਕੜੀ’ ਅਤੇ ‘ਕੱਪਨਾ’ ਨੂੰ ‘ਕੱਪਣਾ’ ਆਦਿ।

ਵੇਦਕ ਸੰਸਕ੍ਰਿਤ ਤੋਂ ਇਲਾਵਾ ਅਰਬੀ ਫ਼ਾਰਸੀ ਦੇ ਵੀ ਕਈ ਸ਼ਬਦ ਪੋਠੋਹਾਰੀ ਨੇ ਆਪਣੇ ਭੰਡਾਰ ਵਿਚ ਸਾਂਭ ਕੇ ਰੱਖੇ ਹੋਏ ਹਨ। ਫ਼ਾਰਸੀ ਦਾ ਸ਼ਬਦ ‘ਕਾਸ਼ਕ’ ਚਮਚੇ ਦੇ ਅਰਥਾਂ ਵਿਚ ਪੋਠੋਹਾਰੀ ਵਿਚ ਹੀ ਵਰਤਿਆ ਜਾਂਦਾ ਹੈ, ਹੋਰ ਕਿਸੇ ਉਪਬੋਲੀ ਵਿਚ ਨਹੀਂ। ਇਸੇ ਤਰ੍ਹਾਂ ਕਬਰ ਵਾਸਤੇ ‘ਕੌਰ’, ਖੁਲ੍ਹੀ ਇਜਾਜ਼ਤ ਲਈ ‘ਮਵਾਹ’ (ਅਰ. ਮਬਾਹ) ਸੌਣ ਵੇਲੇ ਦੀ ਨਮਾਜ਼ ਲਈ ‘ਕੁਫ਼ਤਾਂ' (ਫ਼ਾ. ਖ਼ੁਫ਼ਤਾਂ) ਆਦਿ ਅੱਜ ਤੱਕ ਪੋਠੋਹਾਰੀ ਬੋਲੀ ਦਾ ਜੀਉਂਦਾ ਜਾਗਦਾ ਹਿੱਸਾ ਬਣੇ ਹੋਏ ਹਨ।

ਪੋਠੋਹਾਰੀ ਦੇ ਦੋ ਰੂਪ

ਪ੍ਰਸਿੱਧ ਭਾਸ਼ਾ ਵਿਗਿਆਨੀ ਗ੍ਰੀਅਰਸਨ ਦੇ ਵਿਚਾਰ ਅਨੁਸਾਰ ‘ਪੋਠੋਹਾਰੀ’ ਦੋ ਤਰ੍ਹਾਂ ਦੀ ਹੈ। ਇਕ ਉਹ ਜੋ ਰਾਵਲਪਿੰਡੀ ਅਤੇ ਉਸ ਦੇ ਆਸ ਪਾਸ ਦੇ ਮੈਦਾਨੀ ਇਲਾਕੇ ਵਿਚ ਬੋਲੀ ਜਾਂਦੀ ਹੈ ਅਤੇ ਦੂਜੀ ਉਹ ਜੋ ਮਰੀ ਦੀਆਂ ਪਹਾੜੀਆਂ ਵਿਚ ਬੋਲੀ ਜਾਂਦੀ ਹੈ । ਪਿਛਲੀ ਪੋਠੋਹਾਰੀ ਨੂੰ ਉਹ ਪਹਾੜੀ-ਪੋਠੋਹਾਰੀ ਕਹਿੰਦਾ ਹੈ ਕਿਉਂਕਿ ਉਸ ਅਨੁਸਾਰ ‘ਪਹਾੜੀ-ਪੋਠੋਹਾਰੀ’ ਅਤੇ ‘ਮੈਦਾਨੀ-ਪੋਠੋਹਾਰੀ' ਵਿਚ ਥੋੜੀ ਜਿਹੀ ਭਿੰਨਤਾ ਹੈ। ਮਰੀ ਤੋਂ ਜਿਉਂ ਜਿਉਂ ਰਾਵਲਪਿੰਡੀ ਵਲ ਜਾਈਏ ਤਿਉਂ ਤਿਉਂ ਪਹਾੜੀ-ਪੋਠੋਹਾਰੀ ਮੈਦਾਨੀ-ਪੋਠੋਹਾਰੀ ਦੇ ਨੇੜੇ ਹੁੰਦੀ ਚਲੀ ਜਾਂਦੀ ਹੈ ਅਤੇ ਜੇ ਮਰੀ ਤੋਂ ਕਸ਼ਮੀਰ ਵੱਲ ਜਾਇਆ ਜਾਵੇ ਤਾਂ ਇਸ ਉਤੇ ਕਸ਼ਮੀਰੀ ਦਾ ਪਰਭਾਵ ਪੈਂਦਾ ਚਲਾ ਜਾਂਦਾ ਹੈ। ਸੰਸਕ੍ਰਿਤ ਦਾ ‘ਗੰਛ’ ਧਾਤੂ ਕਸ਼ਮੀਰੀ ਅਤੇ ਪੋਠੋਹਾਰੀ ਦੋਹਾਂ ਜ਼ਬਾਨਾਂ ਵਿਚ ਮੌਜੂਦ ਹੈ। ਇਸ ਤੋਂ ਇਲਾਵਾ ਕੁਝ ਕੁ ਹੋਰ ਭਾਸ਼ਾ-ਵਿਗਿਆਨੀ ਪੋਠੋਹਾਰੀ ਦੇ ਅਧਿਐਨ ਮਗਰੋਂ ਇਸ ਸਿੱਟੇ ਤੇ ਵੀ ਪੁੱਜੇ ਹਨ ਕਿ ਮੈਦਾਨੀ-ਪੋਠੋਹਾਰੀ ਵੀ ਦੋ ਪ੍ਰਕਾਰ ਦੀ ਹੈ। ਇਕ ਉਹ ਜੋ ਕੇਂਦਰੀ ਪੰਜਾਬੀ ਦੇ ਪਰਭਾਵ ਹੇਠਾਂ ਪੜ੍ਹੋ ਲਿਖੇ ਸ਼ਹਿਰੀਆਂ ਦੀ ਬੋਲੀ ਹੈ ਅਤੇ ਦੂਜੀ ਉਹ ਜੋ ਅਣਪੜ੍ਹ ਪੇਂਡੂ ਬੋਲਦੇ ਹਨ। ਸ਼ਹਿਰੀਏ ਪੋਠੋਹਾਰੀ ਆਖਣਗੇ—‘ਕੁਧਰ ਜਾਨੈ’ ਪਰ ਪੇਂਡੂ ਆਖਣਗੇ—‘ਕੁਧਰ ਗਛਣੈ’। ਸ਼ਹਿਰੀਏ ਆਨਾ, ਜਾਨਾ, ਮੈਂਡਾ, ਤੈਂਡਾ ਤੇ ਮਿਘੀ ਆਖਣਗੇ ਪਰ ਪੇਂਡੂ ‘ਅੱਛਣਾ’, ‘ਗੁੱਛਣਾ’, ‘ਮਾੜ੍ਹਾ’, ‘ਤੁਹਾੜਾ’ ਤੇ ‘ਮਿੰਘੀ’ ਹੀ ਬੋਲਣਗੇ। ਖ਼ਾਲਸ ਪੋਠੋਹਾਰੀ ਪੇਂਡੂਆਂ ਦੀ ਬੋਲੀ ਹੈ, ਸ਼ਹਿਰੀਆਂ ਦੀ ਨਹੀਂ।