ਪੰਨਾ:ਪ੍ਰੀਤਮ ਛੋਹ.pdf/3

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

[ ਅ ]

ਦੀ ਅਗਨੀ ਓਨੀ ਹੀ ਆਨੰਦ-ਮਈ ਸਮਾਧੀ ਦੀ ਅਡੋਲਤਾ।

ਪਰ ਸਾਡੀ "ਪ੍ਰੀਤਮ ਛੋਹ" ਦੀ ਸੈਂਚੀ ਕੋਈ ਉੱਚੇ ਦੇਸ਼ ਦੀ ਕਵਿਤਾ ਨਹੀਂ, ਕਿਉਂਕਿ ਕਰਤਾ ਕੋਈ ਕਵੀ ਨਹੀਂ। ਕਾਵ੍ਯ ਦੀ ਝਲਕ ਵੇਖੀ ਮਨ ਤ੍ਰੰਗਾਂ ਦੇ ਜ਼ੋਰ ਵਿੱਚ, ਬੇਤੁਕੀਆਂ ਜੜ ਦਿੱਤੀਆਂ। ਪਾਰਖੂ ਕੁਝ ਕਹਿਣ। ਚਾਹੇ ਮਾਂਗਵੇਂ ਖੰਭ ਚਾਹੇ ਭੇਡ ਚਾਲ। ਜੋ ਹੈ ਸੋ ਹੈ। ਜੋ ਸਰਿਆ ਸੋ ਹਾਜ਼ਰ। ਜੇ ਪ੍ਰਵਾਨ ਕਰੋ ਤਾਂ ਧੰਨਭਾਗ॥

ਹਾਂ ਜੀ ਸਾਡੇ ਬਿਨਾਂ ਇਸ "ਪ੍ਰੀਤਮ ਛੋਹ" ਦੇ ਘਾਟਿਆਂ ਤੋਂ ਕੋਈ ਵੱਧ ਜਾਣੂੰ ਵੀ ਹੋ ਸਕਦਾ ਹੈ? ਇਸ ਵਿੱਚ ਪਿੰਗਲ ਦੇ ਅਨੇਕ ਦੋਸ਼ ਹੋਣਗੇ। ਸੋਚ ਉਡਾਰੀ, ਉੱਚੇ ਪਰਬਤਾਂ ਨਾਲ ਟੱਕਰ ਖਾ ਖਾ ਕੇ ਕਈ ਵਾਰ ਮੂੰਧੀ ਡਿਗੀ ਹੋਸੀ। ਪਰ ਪ੍ਰੀਤਮ ਦੀ ਖਿੱਚ ਬਿਨਾਂ ਇੱਕ ਸ਼ਬਦ ਨਹੀਂ। ਨੇਹੀਆਂ ਨੂੰ ਖਿੱਚ ਜ਼ਰੂਰ ਪੈਸੀ, ਜਗਤ ਤੋਂ ਆਦ ਲੈਕੇ ਹੁਣ ਤੱਕ ਇਹ ਪ੍ਰੀਤਮ ਦੀ ਖਿੱਚ ਹੀ ਸਾਰੇ ਸੰਸਾਰ ਨੂੰ ਇੱਕ ਮਿਲਾਉਣੀ ਵਿੱਚ ਚਲਾਈ ਆਉਂਦੀ ਹੈ। ਓਸੇ ਅਕਹਿ ਖਿੱਚ ਤੇ ਧੂਖ ਨੂੰ ਪੁਰਾਣੇ ਪ੍ਰੇਮੀਆਂ ਨੇ ਸ਼ਬਦ ਦੁਆਰਾ ਕਹਿਣ ਦੀ ਕੋਸ਼ਸ਼ ਕੀਤੀ, ਤੇ ਉਨ੍ਹਾਂ ਦੇ ਪੂਰਨਿਆਂ ਤੇ ਮੂਰਖ 'ਹਰੀ ਬੁਧ ਨੇ' ਚਲਨ ਦੀ ਹੰਬਲੀ ਮਾਰੀ॥

ਪ੍ਰੀਤਮ ਦੂਰ ਵਸੈਂਦਾ ਜਾਨੀ, ਪੈਂਡਾ ਔਖੀ ਘਾਟੀਂ।
ਨਿਕੀ ਜੰਘੀਂ ਟੁਰਨਾ ਔਖਾ, ਜਿੰਦ ਦੁਖੀ ਇਸ ਵਾਟੀਂ।
ਪਰ ਇਕ ਤਾਂਘ ਮਿਲਨ ਦੀ ਹਰਦਮ,ਤਾਕਤ ਦਏ ਇਲਾਹੀ
"ਬੁਧ ਹਰੀ" ਛੋਹ ਪ੍ਰੀਤਮ ਚਾਹਵੇ,ਚਾਹੇ ਮਰੇ ਅਧਵਾਟੀਂ॥