ਪੰਨਾ:ਪ੍ਰੀਤਮ ਛੋਹ.pdf/87

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਪ੍ਰੀਤਮ ਟੋਲ

ਘਰ ਦਿਲਬਰ ਦੀ ਸੋ ਸੁਣੇਂਦੀ,ਮੂਰਖ ਨੇ ਕੁਝ ਜਾਤਾ ਨਾਂ।
ਵੇਹੜੇ ਯਾਰ ਰੰਝੇਟਾ ਖੇਡੇ, ਝੱਲੀ ਹੀਰ ਪਛਾਤਾ ਨਾਂ।
ਬੁਕਲ ਦੇ ਵਿਚ ਰਾਂਝਾ ਖੇਲੇ,
ਹੀਰ ਡੁਢੇਂਦੀ ਫਿਰਦੀ ਬੇਲੇ,
ਭੁਲਿਆਂ ਦੂਰ ਕਰਾਏ ਮੇਲੇ,
ਹੀਰ ਅੰਞਾਨੀ ਜਾਤਾ ਨਾਂ। ਘਰ ਦਿਲਬਰ.....।

ਕੂਕ ਸੁਨਾਵਾਂ ਦੇਵਾਂ ਹੋਕਾ,
ਦਸੋ ਡਿਠਾ ਯਾਰ ਦੇ ਲੋਕਾ,
ਦਰਸ ਪਿਆਸੀ ਸਾਰੇ ਸੋਕਾ,
ਸਜਨ ਰੂਪ ਪਛਾਤਾ ਨਾਂ। ਘਰ ਦਿਲਬਰ.....।

ਭੇਸ ਵਟਾਏ, ਨਾਮ ਵਟਾਏ,
ਪਰਦੇ ਦੇ ਵਿਚ ਰੰਗ ਵਖਾਏ,
ਤਾਂ ਪਛਾਣਾਂ, ਆਪ ਬੁਝਾਏ,
ਲੰਘਦਾ ਚੁਪ ਚੁਪਾਤਾ ਨਾਂ। ਘਰ ਦਿਲਬਰ.....।

ਹਾਏ ਓ ਦਿਲਬਰ ਦਰਸ ਵਿਖਾਈਂ,
ਮੋਇਆਂ ਹੋਰ ਨਾਂ ਮਾਰ ਮੁਕਾਈਂ,
ਪਰਦਾ ਲਾਹ ਹੁਣ ਭਰਮ ਚੁਕਾਈਂ,
ਬਖਸ਼ੀਂ ਭੁਲ,ਪਛਾਤਾ ਨਾਂ। ਘਰ ਦਿਲਬਰ.....।

੮੦