ਪੰਨਾ:ਪੰਜਾਬੀ ਪੱਤਰ ਕਲਾ.pdf/14

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪੰਜਾਬੀ ਪੱਤਰ ਕਲਾ


ਪੱਤਰਕਾਰੀ ਦਾ ਹੁਨਰ

ਪੱਤਰਕਾਰੀ ਦਾ ਹੁਨਰ ਮਨੁੱਖ ਦੀ ਸੁਭਾਵਕ ਉਤਸੁਕਤਾ ਤੇ ਸਮਾਜਕ ਸੂਝ ਦਾ ਸਿੱਟਾ ਹੈ। ਮਨੁੱਖ ਸ਼ੁਰੂ ਤੋਂ ਹੀ ਗਿਆਨ ਜਾਂ ਦੂਜੇ ਸ਼ਬਦਾਂ ਵਿਚ ਕੁਝ ਜਾਣਨ ਦਾ ਚਾਹਵਾਨ ਰਿਹਾ ਹੈ। ਪੁਰਾਣੇ ਸਮੇਂ ਵਿਚ ਵੀ ਉਹ ਕਿਸੇ ਨਵੇਂ ਜਾਨਵਰ ਜਾਂ ਕਿਸੇ ਅਨੋਖੇ ਕੁਦਰਤੀ ਦ੍ਰਿਸ਼ ਜਾਂ ਘਟਨਾ ਨੂੰ ਬੜੀ ਹੈਰਾਨੀ ਨਾਲ ਦੇਖਦਾ ਹੋਵੇਗਾ ਤੇ ਆ ਕੇ ਆਪਣੇ ਸਾਥੀਆਂ ਨੂੰ ਬੜੇ ਉਤਸ਼ਾਹ ਨਾਲ ਇਨ੍ਹਾਂ ਚੀਜ਼ਾਂ ਬਾਰੇ ਦਸਦਾ ਹੋਵੇਗਾ। ਪੱਤਰਕਾਰੀ ਦੇ ਹੁਨਰ ਦਾ ਇਹ ਮੁਢਲਾ ਦੁਰੇਡਾ ਝਾਉਲਾ ਸੀ। ਖ਼ਬਰਾਂ ਦੱਸਣ ਤੇਂ ਸੂਠਨ ਵਿਚ ਮਨੁੱਖੀ ਦਿਲਚਸਪੀ ਸਮੇ ਦੀ ਤੋਰ ਨਾਲ ਵਧਦੀ ਰਹੀ ਹੈ। ਗਵਾਂਢ ਵਿਚ ਕੀ ਘਟਨਾ ਵਾਪਰੀ ਤੇ ਨਾਲ ਦੇ ਪਿੰਡ ਜਾਂ ਵਾਸ ਵਿਚ ਕੀ ਹੋਇਆ? ਫਲਾਣੇ ਧੜੇ ਦੇ ਲੋਕ ਫਲਾਣੇ ਥਾਂ ਕਿਉਂ ਇਕੱਠੇ ਹੋਏ ਤੇ ਉਨ੍ਹਾਂ ਦੀ ਲੜਾਈ ਦੂਜੇ ਧੜੇ ਦੇ ਲੋਕਾਂ ਨਾਲ ਕਿਉਂ ਹੋਈ, ਆਦਿ ਅਜੇਹੇ ਪ੍ਰਸ਼ਨ ਹਨ ਜੋ ਸ਼ੁਰੂ ਤੋਂ ਹੀ ਲੋਕਾਂ ਦੇ ਦਿਲ ਵਿਚ ਉਠਦੇ ਰਹੇ ਹਨ। ਸਭਿਅਤਾ ਦੇ ਵਾਧੇ ਤੇ ਸਮਾਜਕ ਤੇ ਰਾਜਸੀ ਸੂਝ ਦੇ ਵਿਕਾਸ ਦੇ ਨਾਲ ਨਾਲ ਇਹ ਪਰਸ਼ਨ ਵਧੇਰੇ ਵਿਸ਼ਾਲ ਤੇ ਗੁੰਝਲਦਾਰ ਹੁੰਦੇ ਗਏ। ਗਵਾਂਢ ਜਾਂ ਨਾਲ ਦੇ ਪਿੰਡ ਦੀ ਥਾਂ ਦੇਸ ਦਿਸਾਂਤਰਾਂ ਵਿੱਚ ਵਸਦੇ ਲੋਕ ਮਨੁੱਖ ਦੀ ਦਿਲਚਸਪੀ ਤੇ ਪਛਾਣ ਦੇ ਘੇਰੇ ਵਿਚ ਆ ਗਏ। ਸਾਇੰਸ ਦੀਆਂ ਕਾਢਾਂ ਨੇ ਖ਼ਬਰਾਂ ਇਕੱਠੀਆਂ ਕਰਨ ਤੇ ਉਨ੍ਹਾਂ ਨੂੰ ਲੋਕਾਂ ਤਾਈਂ ਪੁਚਾਉਣ ਦੇ ਸਾਧਨਾਂ ਵਿਚ ਹੈਰਾਨ ਕਰਨ ਵਾਲੀ ਯੋਗਤਾ ਤੇ ਆਸਾਨੀ ਪੈਦਾ ਕਰ ਦਿੱਤੀ। ਅੱਜ ਦੀ ਪੱਤਰਕਾਰੀ ਮਨੁੱਖੀ ਪ੍ਰਤਿਭਾ ਤੇ ਉੱਦਮ ਦਾ ਇੱਕ ਵਧੀਆ ਕ੍ਰਿਸ਼ਮਾ ਹੈ।