ਪੰਨਾ:ਪੰਜਾਬੀ ਪੱਤਰ ਕਲਾ.pdf/15

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪੰਜਾਬੀ ਪੱਤਰ ਕਲਾ

ਜਦ ਅਜੇ ਮਨੁੱਖ ਨੇ ਲਿਖਣਾ ਨਹੀਂ ਸੀ ਸਿਖਿਆ ਤਾਂ ਅਖਬਰਾਂ ਭੇਜਣ ਭਿਜਵਾਉਣ ਦਾ ਸਿਲਸਲਾ ਜ਼ਬਾਨੀ ਰਸਾਨੀ ਹੀ ਚਲਦਾ ਸੀ ਤੇ ਸੁਣ ਸੁਣਾ ਕੇ ਹੀ ਸਾਰੀਆਂ ਖਬਰਾਂ ਇਕ ਥਾਂ ਤੋ ਦੂਜੀ ਥਾਂ ਪਹੁੰਚ ਜਾਂਦੀਆਂ ਸਨ। ਜ਼ਬਾਨੀ ਹੋਣ ਕਰਕੇ ਖ਼ਬਰਾਂ ਜਾਂ ਸੁਨੇਹਿਆਂ ਵਿਚ ਕਈ ਵਾਰੀ ਫ਼ਰਕ ਰਹਿ ਜਾਂਦਾ ਸੀ। ਇਸ ਲਈ ਉਨ੍ਹਾਂ ਨੂੰ ਪੂਰੀ ਤਰ੍ਹਾਂ ਯਾਦ ਰੱਖਣ ਲਈ ਗੰਢਾਂ ਭੇਜਣ ਦਾ ਰਿਵਾਜ ਚੱਲ ਪਿਆ। ਇਕ ਥਾਂ ਤੋਂ ਦੂਜੀ ਥਾਂ ਗੰਢ ਲੈ ਜਾਣ ਵਾਲਾ ਖ਼ਬਰਾਂ ਜਾਂ ਸੁਨੇਹਿਆਂ ਦੇ ਹਿਸਾਬ ਨਾਲ ਆਪਣੇ ਰੁਮਾਲ ਜਾਂ ਕਿਸੇ ਹੋਰ ਕੱਪੜੇ ਨੂੰ ਗੰਢ ਦੇ ਲੈਂਦਾ ਸੀ, ਤੇ ਇਸ ਤਰ੍ਹਾਂ ਉਹ ਸਮਾਚਾਰ, ਚਾਹੇ ਕਿਸੇ ਵੀ ਗਿਣਤੀ ਵਿਚ ਹੁੰਦੇ, ਥਾਉਂ ਥਾਈਂ ਪਹੁੰਚ ਜਾਂਦੇ ਸਨ। ਖ਼ਬਰਾਂ ਜਾਂ ਸੁਨੇਹੇ ਭੇਜਣ ਦੀ ਇਹ ਪੁਰਾਣੀ ਰਸਮ ਸਾਡੇ ਦੇਸ਼ ਵਿਚ ਵਿਆਹ-ਸ਼ਾਦੀਆਂ ਦੇ ਮੌਕੇ ਤੇ ਹੁਣ ਵੀ ਦੁਹਰਾਈ ਜਾਂਦੀ ਹੈ ਤੇ ਨਾਈਆਂ ਦੇ ਹੱਥ ਗੰਢ ਭੇਜਣ ਦਾ ਰਿਵਾਜ ਜਿਉਂ ਦਾ ਤਿਉਂ ਪਰਚਲਤ ਹੈ।

ਗੰਢਾਂ ਭੇਜਣ ਵਾਲਾ ਸਾਧਨ ਜ਼ਬਾਨੀ ਖਬਰਾਂ ਭੇਜਣ ਨਾਲੋਂ ਵਧੇਰੇ ਭਰੋਸੇ ਯੋਗ ਸੀ, ਪਰ ਫੇਰ ਵੀ ਸੁਨੇਹੇ ਦੀ ਕੜੀ ਵਿਚੋਂ ਕਈ ਗੱਲਾਂ ਭੁੱਲ ਜਾਂਦੀਆਂ ਸਨ, ਜਿਸ ਕਰਕੇ ਕਈ ਵੇਰ ਨਫ਼ੇ ਦੀ ਥਾਵੇਂ ਥੋੜੀ ਜੇਹੀ ਗੱਲ ਪਿਛੇ ਨੁਕਸਾਨ ਹੋ ਜਾਂਦਾ ਸੀ। ਕੁਝ ਚਿਰ ਬਾਅਦ ਕਈ ਤਰ੍ਹਾਂ ਦੇ ਸੰਕੇਤ ਵਰਤੇ ਜਾਣ ਲਗੇ, ਤੇ ਪਿਛੋਂ ਜਦ ਅੱਖਰਾਂ ਨੇ ਜਨਮ ਲਿਆ ਤਾਂ ਜਰੂਰੀ ਸੰਦੇਸ਼ ਲਿਖੇ ਜਾਣ ਲੱਗ ਪਏ। ਮੌਰਯ ਬੰਸੀ ਮਹਾਰਾਜਾ ਅਸ਼ੋਕ ਦੇ ਸਮੇ ਵਿਚ ਅਜਿਹੇ ਜ਼ਰੂਰੀ ਸੰਦੇਸ਼ ਜਾਂ ਉਪਦੇਸ਼ ਅਥਵਾ ਜਨਤਕ ਭਲਾਈ ਦੇ ਆਗਿਆ-ਪੱਤਰ ਪੱਥਰ ਦੀਆਂ ਸ਼ਿਲਾਂ ਉਤੇ ਉਕਰੇ ਜਾਂਦੇ ਸਨ। ਬ੍ਰਾਹਮੀ ਅੱਖਰਾਂ ਵਿਚ ਲਿਖੇ ਉਹ ਸ਼ਿਲਾ ਲੇਖ ਅਜ ਕਲ੍ਹ ਭਾਰਤ ਦੇ ਅਜਾਇਬ ਘਰਾਂ ਵਿਚ ਸਾਂਭ ਕੇ ਰਖੇ ਹੋਏ ਹਨ। ਇਸੇ ਤਰ੍ਹਾਂ ਯੂਰਪ ਵਿਚ ਵੀ ਰੋਮ ਦੇ ਬਾਦਸ਼ਾਹਾਂ ਦੇ ਹੁਕਮ ਨਾਲ ਲਿਖੇ ਹੋਏ ਅਜੇਹੇ ਲਿਖਤੀ ਸਮਾਚਾਰ ਪੱਤਰ ਮਿਲਦੇ ਹਨ।

ਪੱਥਰ ਦੀਆਂ ਸ਼ਿਲਾਂ ਤੋਂ ਇਲਾਵਾ ਤਾਂਬੇ ਦੇ ਪੱਤਰਾਂ ਉਤੇ ਵੀ ਲਿਖਤਾਂ ਉਕਰੀਆਂ ਜਾਂਦੀਆਂ ਸਨ। ਇਸ ਤੋਂ ਪਿਛੋਂ ਹਿੰਦੁਸਤਾਨ ਵਿਚ ਭੋਜ ਪੱਤਰਾਂ ਜਾਂ ਤਾੜ ਪੱਤਰਾਂ ਉਤੇ ਲਿਖਣ ਦਾ ਰਿਵਾਜ ਚਲਿਆ ਜਿਸ ਦੇ ਨਮੂਨੇ ਹੁਣ ਵੀ ਪੁਸਤਕਾਲਿਆਂ ਵਿਚ ਮਿਲਦੇ ਹਨ। ਪੱਥਰ, ਤਾਂਬਾ, ਭੋਜ ਪੱਤਰ ਤੇ ਤਾੜ