ਪੰਨਾ:ਪੰਜਾਬੀ ਪੱਤਰ ਕਲਾ.pdf/17

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪੰਜਾਬੀ ਪੱਤਰ ਕਲਾ

ਪੱਤਰਕਲਾ ਚੋਖੀ ਉੱਨਤੀ ਕਰ ਚੁੱਕੀ ਸੀ। ਦੂਜੇ ਮੁਲਕਾਂ ਵਿਚ ਅਜੇ ਕੋਈ ਇਸਦਾ ਨਾਮ ਵੀ ਨਹੀਂ ਸੀ ਜਾਣਦਾ। ਇਸ ਲਈ ਯੂਰਪ ਨੂੰ ਇਸ ਹੁਨਰ ਦਾ ਜਨਮ-ਦਾਤਾ ਕਿਹਾ ਜਾ ਸਕਦਾ ਹੈ।

ਸਮਾਚਾਰ ਪੱਤਰਾਂ ਦਾ ਮਤਲਬ ਦੇਸ ਦੇਸਾਂਤਰਾਂ ਦੀਆਂ ਖ਼ਬਰਾਂ ਦੇਣਾ, ਉਨ੍ਹਾਂ ਖ਼ਬਰਾਂ ਉਤੇ ਟੀਕਾ ਟਿੱਪਣੀ ਕਰਨਾ ਤੇ ਜ਼ਰੂਰੀ ਮਸਲਿਆਂ ਉਤੇ ਲੋਕ-ਰਾਇ ਦੀ ਅਗਵਾਈ ਕਰਨਾ ਹੁੰਦਾ ਹੈ। ਖ਼ਬਰਾਂ ਦੇਣ ਲਈ ਰੋਜ਼ਾਨਾ, ਦੋ-ਰੋਜ਼ਾ, ਤਿੰਨ-ਰੋਜ਼ਾ, ਪੰਜ-ਰੋਜ਼ਾ ਜਾਂ ਹਫ਼ਤਾਵਾਰ ਸਮਾਚਾਰ ਪੱਤਰ ਹੁੰਦੇ ਹਨ। ਪਖਵਾਰੇ, ਮਾਸਕ ਪੱਤਰ ਜਾਂ ਤ੍ਰਿਮਾਸਕ ਪੱਤਰ ਖਬਰਾਂ ਦੀ ਥਾਂ ਸਾਹਿਤ, ਵਿਗਿਆਨ, ਨਿਆਇ, ਸੰਜਮਵਾਦ, ਰਾਜਨੀਤੀ ਆਦਿ ਵਿਸ਼ਿਆਂ ਪੁਰ ਵਿਦਵਾਨਾਂ ਤੇ ਮਾਹਿਰਾਂ ਦੇ ਲਿਖੇ ਹੋਏ ਉਚੇਚੇ ਲੇਖ ਛਾਪਦੇ ਹਨ।

ਕਿਸੇ ਵੀ ਅਖ਼ਬਾਰ ਲਈ ਖ਼ਬਰਾਂ ਚੁਣਨਾ ਤੇ ਉਨ੍ਹਾਂ ਨੂੰ ਸੁਚੱਜੇ ਢੰਗ ਨਾਲ ਪਰਕਾਸ਼ਤ ਕਰਨਾ ਇਕ ਹੁਨਰ ਹੈ। ਕਿਸ ਕਿਸਮ ਦੀ ਖਬਰ ਅਖ਼ਬਾਰ ਵਿਚ ਕਿਥੇ ਥਾਂ ਪ੍ਰਾਪਤ ਕਰੇ, ਕੌਮੀ ਸਮਾਚਾਰਾਂ ਉਤੇ ਕਿਥੇ ਟਿਪਣੀ ਹੋਵੇ ਤੇ ਦੇਸ ਪਰਦੇਸ ਦੀਆਂ ਜ਼ਰੂਰੀ ਖ਼ਬਰਾਂ ਕਿਥੇ ਤੇ ਕਿਨ੍ਹਾਂ ਸਿਰ-ਲੇਖਾਂ ਹੇਠ ਛਾਪੀਆਂ ਜਾਣ? ਇਨ੍ਹਾਂ ਗਲਾਂ ਦਾ ਧਿਆਨ ਸੰਪਾਦਕਾਂ ਦਾ ਕੰਮ ਹੁੰਦਾ ਹੈ। ਕਈ ਅਨਜਾਣ ਐਡੀਟਰ ਕਿਸੇ ਸ਼ਾਦੀ ਦੀ ਖ਼ਬਰ ਦੇ ਹੇਠ ਕੋਈ ਗਮੀ ਦੀ ਖ਼ਬਰ ਛਾਪ ਦਿੰਦੇ ਹਨ। ਇਸ ਤੋਂ ਬਿਨਾ ਕਈ ਖ਼ਬਰਾਂ ਅਜੇਹੀਆਂ ਵੀ ਹੁੰਦੀਆਂ ਹਨ ਜਿਨ੍ਹਾਂ ਦੀ ਸਮਾਜਕ ਮਹੱਤਤਾ ਕੋਈ ਨਹੀਂ ਹੁੰਦੀ, ਜੇਹਾ ਕਿ ਕਿਸੇ ਆਦਮੀ ਨੂੰ ਕੁੱਤੇ ਨੇ ਵੱਢ ਖਾਧਾ ਜਾਂ ਬਿੱਲੀ ਨੇ ਪ੍ਰਚਾਂਡਾ ਮਾਰਿਆ। ਪਰ ਜੇ ਉਹੋ ਆਦਮੀ ਕੁੱਤੇ ਜਾਂ ਬਿੱਲੀ ਦੇ ਕੀਤੇ ਜ਼ਖਮ ਨਾਲ ਮਰ ਜਾਵੇ ਤਾਂ ਇਹ ਇਕ ਅਖ਼ਬਾਰੀ ਖ਼ਬਰ ਬਣ ਜਾਂਦੀ ਹੈ।

ਕਈ ਖ਼ਬਰਾਂ ਦੇਸੀ ਤੇ ਕਈ ਕੌਮਾਂਤਰੀ ਦਿਲਚਸਪੀ ਦੀਆਂ ਹੁੰਦੀਆਂ ਹਨ। ਦੇਸੀ ਖ਼ਬਰਾਂ ਉਸ ਦੇਸ ਦੇ ਲੋਕਾਂ ਨੂੰ, ਜਿਸ ਨਾਲ ਕਿ ਉਹ ਸਬੰਧ ਰਖਦੇ ਹਨ, ਵਧੇਰੇ ਦਿਲਚਸਪ ਲਗਦੀਆਂ ਹਨ। ਕੌਮਾਂਤਰੀ ਅਹਿਮੀਅਤ ਰੱਖਣ ਵਾਲੀਆਂ ਖ਼ਬਰਾਂ ਹਰੇਕ ਸੁਘੜ ਪਾਠਕ ਦੀ ਦਿਲਚਸਪੀ ਦਾ ਕਾਰਣ ਹੁੰਦੀਆਂ ਹਨ ਪਰ ਦੇਸੀ ਖ਼ਬਰਾਂ ਵੀ ਅਖ਼ਬਾਰ ਦਾ ਜ਼ਰੂਰੀ ਅੰਗ ਹਨ ਤੇ ਉਨ੍ਹਾਂ ਤੋਂ ਉਸ ਇਲਾਕੇ ਦੇ ਲੋਕਾਂ ਨੂੰ ਬੇਖ਼ਬਰ ਨਹੀਂ ਰਖਿਆ ਜਾ ਸਕਦਾ।